ਲੁਧਿਆਣਾ: 8 ਨਵੰਬਰ 2019 - ਇੰਗਲੈਂਡ ਵੱਸਦੇ ਪ੍ਰਸਿੱਧ ਪੰਜਾਬੀ ਗੀਤਕਾਰ ਨੇ ਬੀਤੀ ਸ਼ਾਮ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਵਿਖੇ ਆਪਣੀ ਨਵ ਪ੍ਰਕਾਸ਼ਿਤ ਗੀਤ ਪੁਸਤਕ ਮਿੱਤਰਾਂ ਦਾ ਰੱਬ ਰਾਖਾ ਦੇ ਲੋਕ ਅਰਪਨ ਉਪਰੰਤ ਕਿਹਾ ਹੈ ਕਿ ਉਹ ਅਠਵੀਂ ਜਮਾਤ ਚ ਪੜ੍ਹਦਿਆਂ ਹੀ ਗੀਤ ਲਿਖਣ ਲੱਗ ਪਏ ਸਨ। ਪ੍ਰੇਰਨਾ ਮਾਂ ਦੀ ਮੌਤ ਸਮੇਂ ਪਏ ਅੰਬਰ ਚੀਰਵੇਂ ਵੈਣ ਸਨ ਜੋ ਅੱਜ ਤੀਕ ਵੀ ਮੇਰੇ ਨਾਲ ਨਾਲ ਤੁਰਦੇ ਹਨ।
ਜਲੰਧਰ ਜ਼ਿਲ੍ਹੇ ਦੇ ਪਿੰਡ ਜੰਡਿਆਲਾ ਮੰਝ ਕੀ ਦੇ ਜੰਮ ਪਲ ਤਰਲੋਚਨ ਸਿੰਘ ਚੰਨ ਜੰਡਿਆਲਵੀ ਦੇ ਦੋ ਪਹਿਲੇ ਗੀਤ ਅਠਵੀਂ ਨੌਵੀਂ ਚ ਪੜ੍ਹਦਿਆਂ ਪ੍ਰਸਿੱਧ ਗਾਇਕ ਸ਼ਾਦੀ ਬਖ਼ਸ਼ੀ ਨੇ ਐੱਚ ਐੱਮ ਵੀ ਕੰਪਨੀ ਚ ਬਿਨ ਪੁੱਛਿਆਂ ਮੇਲੇ ਚੋਂ ਉਸ ਦਾ ਸੋਲਾਂ ਸਫ਼ਿਆਂ ਦਾ ਛਪਿਆ ਕਿਤਾਬਚਾ ਪੜ੍ਹ ਕੇ ਗਾਏ ਸਨ। ਕੰਪਨੀ ਨੇ ਸਕੂਲ ਦੇ ਪਤੇ ਤੇ ਉਸਨੂੰ ਦੋ ਰੀਕਾਰਡ ਪਾਰਸਲ ਬਣਾ ਕੇ ਸਕੂਲੇ ਭੇਜੇ ਸਨ ਕਿਉਂਕਿ ਕਿਤਾਬਚੇ ਕੇ ਸਕੂਲ ਦਾ ਹੀ ਪਤਾ ਸੀ, ਘਰ ਦਾ ਨਹੀਂ।
ਚੰਨ ਜੰਡਿਆਲਵੀ ਨੇ ਦੱਸਿਆ ਕਿ ਉਸ ਦੇ ਅਧਿਆਪਕ ਅਵਤਾਰ ਜੰਡਿਆਲਵੀ ਨੇ ਉਸ ਨੂੰ ਸਭ ਤੋਂ ਪਹਿਲਾਂ ਪਛਾਣ ਕੇ ਸ਼ਾਬਾਸ਼ ਦਿੱਤੀ ਤੇ ਸਕੂਲ ਦੀ ਪ੍ਰਾਰਥਨਾ ਵੇਲੇ ਹੈੱਡ ਮਾਸਟਰ ਜੀ ਤੋਂ ਮਾਣ ਦਿਵਾਇਆ।
ਚੰਨ ਜੰਡਿਆਲਵੀ ਜੀ ਨੇ ਦੱਸਿਆ ਕਿ ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ, ਕਿੰਨ੍ਹਾਂ ਜੰਮੀਆਂ ਕਿੰਨ੍ਹਾਂ ਨੇ ਲੈ ਜਾਣੀਆਂ ਤੇ ਕੁਝ ਹੋਰ ਗੀਤ ਮੈਂ ਉਸਤਾਦ ਗੀਤਕਾਰ ਨੰਦ ਲਾਲ ਨੂਰਪੁਰੀ ਜੀ ਨੂੰ ਸੋਧਣ ਲਈ ਮਾਡਲ ਹਾਊਸ ਜਲੰਧਰ ਦੇ ਕੇ ਆਇਆ ਸਾਂ ਤੇ ਉਥੋਂ ਹੀ ਸੁਰਿੰਦਰ ਕੌਰ ਜੀ ਨੇ ਲੈ ਕੇ ਮੈਨੂੰ ਬਿਨ ਦੱਸੇ ਰੀਕਾਰਡ ਕਰਵਾਏ। ਇਸ ਗੀਤ ਨੇ ਸੁਰਿੰਦਰ ਕੌਰ ਜੀ ਦੇ ਗਾਉਣ ਉਪਰੰਤ ਮੈਨੂੰ ਵਿਸ਼ਵ ਪਛਾਣ ਦਿੱਤੀ। ਮੇਰਾ ਗੀਤ ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ, ਮੂੰਹ ਵਿੱਚ ਭਾਬੀ ਦੇ ਨਣਦ ਬੁਰਕੀਆਂ ਪਾਵੇ ਤੇ ਮੇਰੀ ਖੁੱਲ੍ਹ ਗਈ ਪਟੱਕ ਦੇਣੀ ਅੱਖ ਨੀ, ਗਲੀ ਦੇ ਵਿੱਚੋਂ ਕੌਣ ਲੰਘਿਆ ਵੀ ਚੋਖੇ ਹਰਮਨ ਪਿਆਰੇ ਹੋਏ।
ਗੀਤ ਸੰਗ੍ਰਹਿ ਮਿੱਤਰਾਂ ਦਾ ਰੱਬ ਰਾਖਾ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ,ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ,ਪੰਜਾਬੀ ਕਵੀ ਡਾ: ਜਗਵਿੰਦਰ ਜੋਧਾ,ਪ੍ਰੋ: ਮਨਜੀਤ ਸਿੰਘ ਛਾਬੜਾ, ਪਾਲੀ ਦੇਤਵਾਲੀਆ,ਤੇ ਡਾ: ਪੁਰਸ਼ੋਤਮ ਗੁਪਤਾ ਤੇ ਕੁਝ ਸੱਜਣਾਂ ਨੇ ਲੋਕ ਅਰਪਣ ਕੀਤੀ।
ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਕਿਸੇ ਗੀਤਕਾਰ ਦੀ ਇਸ ਤੋਂ ਵੱਧ ਹੋਰ ਕੀ ਪ੍ਰਾਪਤੀ ਹੋ ਸਕਦੀ ਹੈ ਕਿ ਉਸ ਦੇ ਲਿਖੇ ਗੀਤ ਲੋਕ ਗੀਤ ਸਮਝ ਕੇ ਅੱਧੀ ਸਦੀ ਤੋਂ ਵੱਥ ਸਮੇਂ ਚ ਘਰ ਘਰ ਗਾਏ ਜਾਣ। ਉਨ੍ਹਾਂ ਚੰਨ ਜੰਡਿਆਲਵੀ ਨੂੰ ਕਾਲਿਜ ਵੱਲੋਂ ਸਨਮਾਨਿਤ ਕੀਤਾ।
ਗੁਰਭਜਨ ਗਿੱਲ ਨੇ ਕਿਹਾ ਕਿ ਵੱਡੇ ਵੀਰ ਚੰਨ ਜੰਡਿਆਲਵੀ ਦਾ ਗੀਤ ਵਾਘੇ ਦੀਏ ਸਰਹੱਦੇ, ਤੈਨੂੰ ਤੱਤੀ ਵਾਅ ਨਾ ਲੱਗੇ ਅੱਜ ਦੇ ਦਿਨ ਹੋਰ ਵੀ ਸਾਰਥਕ ਹੈ ਕਿਉਂ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨਾਲ ਅਮਨ ਚੈਨ ਦੀ ਉਮੀਦ ਵਧੀ ਹੈ। ਚੰਨ ਜੀ ਨੇ ਲਗਪਗ ਵੀਹ ਸਾਲ ਪਹਿਲਾਂ ਇਹ ਗੀਤ ਪਾਕਿਸਤਾਨ ਵੱਸਦੇ ਪ੍ਰਮੁੱਖ ਗਾਇਕ ਸ਼ੌਕਤ ਅਲੀ ਦੀ ਮੰਗ ਤੇ ਲਿਖਿਆ ਸੀ, ਸ਼ੌਕਤ ਅਲੀ ਤੋਂ ਬਿਨਾ ਇਸ ਨੂੰ ਮਲਕੀਤ ਸਿੰਘ ਗੋਲਡਨ ਸਟਾਰ ਨੇ ਵੀ ਸੰਸਾਰ ਭਰ ਚ ਗਾਇਆ ਹੈ।
ਇਸ ਮੌਕੇ ਡਾ: ਜਗਵਿੰਦਰ ਜੋਧਾ ਨੇ ਕਿਹਾ ਕਿ ਪਰਦੇਸਾਂ ਵਿੱਚ ਰਹਿ ਕੇ ਦੇਸ ਦੀ ਬਾਤ ਪਾਉਂਦੇ ਕੱਦਾਵਰ ਗੀਤਕਾਰ ਚੰਨ ਜੰਡਿਆਲਵੀ ਜੀ ਦਾ ਸਨਮਾਨ ਪੰਜਾਬੀ ਜ਼ਬਾਨ ਦਾ ਸਹੀ ਸਨਮਾਨ ਹੈ। ਇਸ ਮੌਕੇ ਕਾਲਿਜ ਪ੍ਰਬੰਧਕ ਕਮੇਟੀ ਦੇ ਮੈਂਬਰ ਸ: ਹਰਦੀਪ ਸਿੰਘ ਤੇ ਸ:,ਭਗਵੰਤ ਸਿੰਘ ਤੋਂ ਇਲਾਵਾ ਪ੍ਰੋ: ਸ਼ਰਨਜੀਤ ਕੌਰ ਲੋਚੀ, ਡਾ: ਸੰਦੀਪ ਕੌਰ ਸੇਖੋਂ, ਡਾ: ਤਨਵੀਰ ਕੌਰ ਸਚਦੇਵਾ, ਬ੍ਰਿਜ ਭੂਸ਼ਨ ਗੁਪਤਾ, ਡਾ: ਗੁਰਪ੍ਰੀਤ ਸਿੰਘ, ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ, ਰਣਧੀਰ ਸਿੰਘ ਚਮਕਾਰਾ ਤੇ ਕਈ ਹੋਰ ਸਾਹਿੱਤਕ ਤੇ ਸਭਿਆਚਾਰਕ ਸ਼ਖਸੀਅਤਾਂ ਹਾਜ਼ਰ ਸਨ।