ਸ਼ਾਮ ਦੀ ਨੀਂਦਰ ਖੁੱਲ੍ਹਦਿਆਂ
ਬਹੁਤ ਸੁਰਵੰਤੇ ਅੰਦਾਜ਼ ਚ ਗਾਇਆ ਹੈ ਭਾਅ ਜੀ ਬਰਜਿੰਦਰ ਹਮਦਰਦ ਨੇ ਮੀਸ਼ਾ ਦੀਆਂ ਗ਼ਜ਼ਲਾਂ ਨੂੰ
ਗੁਰਭਜਨ ਗਿੱਲ
ਲੁਧਿਆਣਾ , 27 ਜੁਲਾਈ, 2019 :
ਪੰਜ ਕੁ ਵਜੇ ਨੀਂਦਰ ਨੇ ਜਿਵੇਂ ਢਾਹ ਹੀ ਲਿਆ ਹੋਵੇ।
ਜਾਗਿਆ ਤਾਂ ਮੇਰੇ ਸਿਰ੍ਹਾਣੇ ਕੋਲ ਮੇਰੇ ਪੜ੍ਹਨ ਲਿਖਣ ਵਾਲੇ ਮੇਜ਼ ਤੇ ਭਾ ਜੀ ਬਰਜਿੰਦਰ ਸਿੰਘ ਦੀਆਂ ਗਾਈਆਂ ਗ਼ਜ਼ਲਾਂ ਦੀਆਂ ਸੀ ਡੀਜ਼ 'ਦਰਦ-ਏ- ਦਿਲ' ਦਾ ਪੈਕਟ ਸੀ।
ਪੁੱਤਰ ਪੁਨੀਤ ਨੇ ਖੋਲ੍ਹਿਆ ਤਾਂ ਬੇਹੱਦ ਚੰਗਾ ਲੱਗਾ। ਭਾ ਜੀ ਨੇ ਸ ਸ ਮੀਸ਼ਾ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ ਹੈ। ਪੰਡਿਤ ਜਵਾਲਾ ਪ੍ਰਸ਼ਾਦ ਦੇ ਸੰਗੀਤ ਵਿੱਚ।
ਭਾ ਜੀ ਬਰਜਿੰਦਰ ਨਾਲ ਸ ਸ ਮੀਸ਼ਾ ਜੀ ਦੀ ਰੂਹਾਨੀ ਸਾਂਝ ਸੀ। ਦੋਹਾਂ ਵਿੱਚੋਂ ਦੀ ਵਾਲ ਨਹੀਂ ਸੀ ਲੰਘਦਾ।
ਮੈਂ ਦੋਹਾਂ ਦੀ ਰੱਜਵੀਂ ਛਾਂ ਮਾਣੀ ਹੈ। ਦੋਹਾਂ ਨੂੰ ਹੀ ਸ਼ਾਇਦ ਪਤਾ ਨਾ ਹੋਵੇ ਕਿ ਮੈਂ ਇਨ੍ਹਾਂ ਤੇਂ ਕਿੰਨਾ ਕੁਝ ਲਿਆ ਹੈ।
ਐੱਮ ਏ ਦੇ ਪੇਪਰ ਦੇ ਕੇ ਮੈਂ ਪਿੰਡ ਜਾ ਰਿਹਾ ਸਾਂ। ਕਿਸੇ ਦੱਸਿਆ ਕਿ ਦੁਸ਼ਿਅੰਤ ਕੁਮਾਰ ਦੀਆਂ ਹਿੰਦੀ ਗ਼ਜ਼ਲਾਂ ਦੀ ਕਿਤਾਬ 'ਸਾਏ ਮੇਂ ਧੂਪ' ਛਪ ਕੇ ਆ ਗਈ ਹੈ। ਸ਼ਾਇਦ ਸਾਰਿਕਾ ਮੈਗਜ਼ੀਨ ਚ ਇਸ਼ਤਿਹਾਰ ਛਪਿਆ ਸੀ।
ਉਦੋਂ ਬੁੱਕਸ ਮਾਰਕੀਟ ਲੁਧਿਆਣਾ ਦੀ ਇੱਕ ਤੰਗ ਗਲੀ ਵਿਚਲੀ ਦੁਕਾਨ ਦੋਆਬਾ ਹਾਊਸ ਤੋਂ ਹੀ ਹਿੰਦੀ ਸਾਹਿਤ ਦੀਆਂ ਕਿਤਾਬਾਂ ਮਿਲਦੀਆਂ ਸਨ।
ਮੈਂ ਤੇ ਸ਼ਮਸ਼ੇਰ 'ਸਾਏ ਮੇਂ ਧੂਪ' ਦੀਆਂ ਦੋ ਕਾਪੀਆਂ ਖ਼ਰੀਦ ਲਿਆਏ।
ਇੱਕ ਮੈਂ ਪਿੰਡ ਲੈ ਜਾਣੀ ਸੀ ਤੇ ਦੂਜੀ ਸ਼ਮਸ਼ੇਰ ਕੋਲ ਰਹਿਣੀ ਸੀ।
ਪੰਜ ਕਿ ਸੱਤ ਰੁਪਏ ਦੀ ਕਾਪੀ ਸੀ ਉਦੋਂ।
ਪਿੰਡ ਜਾ ਕੇ ਮੈਂ ਸਾਰੀ ਹੀ ਕਿਤਾਬ ਦਾ ਗੁਰਮੁਖੀ ਅੱਖਰਾਂ ਚ ਲਿਪੀਅੰਤਰ ਕਰ ਲਿਆ।
ਪਿੰਡੋਂ ਲੁਧਿਆਣੇ ਮੁੜਦਿਆਂ ਮੇਰਾ ਇੱਕ ਪੜਾਓ ਜਲੰਧਰ ਭਾਅ ਜੀ ਬਰਜਿੰਦਰ ਦੇ ਦ੍ਰਿਸ਼ਟੀ ਭਵਨ ਵਿਜੈ ਨਗਰ ਚ ਜ਼ਰੂਰ ਹੁੰਦਾ ਸੀ। ਬੱਸਾਂ ਉਦੋਂ ਸ਼ਹਿਰ ਦੇ ਵਿੱਚ ਦੀ ਲੰਘਦੀਆਂ ਸਨ। ਬਾਈਪਾਸ ਤਾਂ ਕੱਲ੍ਹ ਦੀ ਗੱਲ ਹੈ।
ਦੂਰਦਰਸ਼ਨ ਵੀ ਨਹੀਂ ਸੀ ਬਣਿਆ ਅਜੇ। ਨਕੋਦਰ ਚੌਕ ਤੋਂ ਸਤਲੁਜ ਵਾਲਿਆਂ ਦੀ ਬੱਸ ਤੋਂ ਉੱਤਰ ਕੇ ਪੈਦਲ ਵਿਜੈ ਨਗਰ ਜਾਣਾ ਜ਼ਿਆਰਤ ਵਾਂਗ ਸੀ। ਹੁਣ ਵਰਗੇ ਮਸ਼ੀਨੀ ਰਿਸ਼ਤੇ ਨਹੀਂ ਸਨ। ਸਾਲਮ ਸਬੂਤੇ ਭਾਜੀ ਸਾਡੇ ਸਨ। ਹੁਣ ਵਾਲਾ ਰੌਣਕ ਮੇਲਾ ਨਹੀਂ ਸੀ।
ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਭਾਅ ਜੀ ਬਰਜਿੰਦਰ ਨੂੰ ਭਾਅ ਜੀ ਕਹਿਣ ਦੀ ਰੀਤ ਉਦੋਂ ਬਹੁਤੀ ਪ੍ਰਚੱਲਿਤ ਨਹੀਂ ਸੀ, ਗੁਰਸ਼ਰਨ ਸਿੰਘ ਨਾਟਕਕਾਰ ਵੀ ਉਦੋਂ ਅਜੇ ਬਹੁਤਿਆਂ ਦੇ ਭਾ ਜੀ ਨਹੀਂ ਸਨ।
ਮੈਂ ਉੱਤਰ ਕੇ ਵਿਜੈ ਨਗਰ ਪਹੁੰਚਿਆ ਤਾਂ ਮੀਸ਼ਾ ਜੀ ਦਾ ਲੰਬਰੇਟਾ ਸਕੂਟਰ ਬਾਹਰ ਖੜ੍ਹਾ ਸੀ। ਮੈਂ ਪਛਾਣਦਾ ਸਾਂ।
ਅੰਦਰ ਗਿਆ ਤਾਂ ਘਰ ਚ ਹੇਠਾਂ ਖੱਬੇ ਪਾਸੇ ਬਣੇ ਸਾਈਕਲ ਸ਼ੈੱਡ ਹੇਠ ਮੰਜੇ ਡਾਹੀ ਬੈਠੇ ਸਨ ਦੋਵੇਂ ਮਨ ਮੀਤ।
ਦੁਆ ਸਲਾਮ ਮਗਰੋਂ ਮੈਂ ਭਾਅ ਜੀ ਬਰਜਿੰਦਰ ਨੂੰ ਦੱਸਿਆ ਕਿ ਮੇਰੇ ਕੋਲ ਦੁਸ਼ਿਅੰਤ ਕੁਮਾਰ ਦੀ ਕਿਤਾਬ 'ਸਾਏ ਮੇਂ ਧੂਪ' ਹੈ।
ਮੀਸ਼ਾ ਜੀ ਬੋਲੇ ਕਮਾਲ ਹੈ!
ਚਲੋ ਰਲ਼ ਕੇ ਪੜ੍ਹਦੇ ਹਾਂ। ਮੈਥੋਂ ਅੱਠ ਦਸ ਗ਼ਜ਼ਲਾਂ ਸੁਣ ਕੇ ਮੀਸ਼ਾ ਜੀ ਵਜਦ ਚ ਆ ਗਏ ਤੇ ਮੈਥੋਂ ਕਿਤਾਬ ਫੜ ਆਪ ਸੁਣਾਉਣ ਲੱਗ ਪਏ।
ਉਚਾਰਨ ਦੇ ਬਾਦਸ਼ਾਹ ਸਨ ਮੀਸ਼ਾ ਜੀ। ਜਦ ਕੋਈ ਹੁਣ ਕਦੇ ਮੇਰੇ ਤਲੱਫ਼ਜ਼ ਦੀ ਸਿਫ਼ਤ ਕਰਦਾ ਹੈ ਤਾਂ ਮੈਂ ਸਪਸ਼ਟ ਕਹਿ ਦੇਂਦਾ ਹਾਂ ਕਿ ਉਚਾਰਨ ਵਿੱਚ ਮੀਸ਼ਾ ਜੀ ਮੇਰੇ ਰੋਲ ਮਾਡਲ ਸਨ।
ਕੁਝ ਗ਼ਜ਼ਲਾਂ ਬਰਜਿੰਦਰ ਭਾਅ ਜੀ ਨੇ ਪੜ੍ਹੀਆਂ। ਭਾ ਜੀ ਵੱਡੀ ਬੇਟੀ ਸਾਡੇ ਕੋਲ ਖੇਡਦੀ ਰਹੀ। ਨਿੱਕੀ ਜੇਹੀ ਛਾਂ। ਉਹ ਪਲ ਕਿੰਨੇ ਰੱਜ ਵਾਲੇ ਸਨ, ਹੁਣ ਵੀ ਰੂਹ ਨਸ਼ਿਆ ਜਾਂਦੇ ਨੇ।
ਉਹਨੀਂ ਦਿਨੀਂ ਅਸੀਂ ਲੁਧਿਆਣੇ ਤੋਂ ਕੰਵਲਜੀਤ ਦੀ ਸੰਪਾਦਨਾ ਹੇਠ ਤ੍ਰਿਸ਼ੰਕੂ ਨਾਮ ਦਾ ਮੈਗਜ਼ੀਨ ਸ਼ੁਰੂ ਕੀਤਾ ਸੀ।
ਉਸ ਦੇ ਅਗਲੇ ਅੰਕ ਲਈ ਮੀਸ਼ਾ ਜੀ ਤੋਂ ਇੱਕ ਗ਼ਜ਼ਲ ਮੰਗੀ ਜੋ ਇੰਜ ਸੀ।
ਚੰਨ ਦਾ ਵੀ ਪੰਧ ਨਾ ਕੋਈ ਦੂਰ ਹੈ।
ਪਹੁੰਚਣਾ ਮੰਜ਼ਲ ਤੇ ਜਦ ਮਨਜ਼ੂਰ ਹੈ।
ਉਂਗਲੀ ਜਦ ਮੁੜਦਰੀ ਨੂੰ ਤਰਸਦੀ, ਮਾਂਗ ਸਮਝੋ ਮੰਗਦੀ ਸੰਧੂਰ ਹੈ।
ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ,
ਤੇਰੇ ਘਰ ਤੋਂ ਮੇਰਾ ਘਰ ਹੀ ਦੂਰ ਹੈ।
ਅੰਤ ਓਸੇ ਦੀ ਹੀ ਲੈਲਾ ਹੋਏਗੀ,
ਰੱਤ ਦਾ ਕਾਸਾ ਜਿਦ੍ਹਾ ਭਰਪੂਰ ਹੈ।
ਤ੍ਰਿਸ਼ੰਕੂ ਦੇ ਇਸ ਅੰਕ ਚ ਛਪਣ ਨਾਲ ਪੂਰੇ ਪੰਜਾਬ ਚ ਇਸ ਦੇ ਚਰਚੇ ਛਿੜੇ।
ਵਧੀਆ ਗੱਲ ਹੈ ਕਿ ਭਾਅ ਜੀ ਬਰਜਿੰਦਰ ਨੇ ਇਸ ਸੀ ਡੀ ਵਿੱਚ ਇਹ ਗ਼ਜ਼ਲ ਵੀ ਬਹੁਤ ਵਜਦ ਨਾਲ ਗਾਈ ਹੈ।
ਮੀਸ਼ਾ ਜੀ ਚਲੇ ਗਏ ਤਾਂ ਸਭ ਤੋਂ ਵੱਧ ਸੱਜਣਤਾਈ ਭਾਅ ਜੀ ਬਰਜਿੰਦਰ ਨੇ ਹੀ ਇਸ ਪਰਿਵਾਰ ਨਾਲ ਨਿਭਾਈ।
ਕੁਝ ਸਾਲ ਪਹਿਲਾਂ ਮੀਸ਼ਾ ਜੀ ਦੀਆਂ ਕਿਤਾਬਾਂ ਤੋਂ ਬਾਹਰ ਰਹਿ ਗਈਆਂ ਰਚਨਾਵਾਂ ਪ੍ਰਿੰ:(ਮਿਸਿਜ਼ )ਸੁਰਿੰਦਰ ਕੌਰ ਮੀਸ਼ਾ ਦੀ ਸੰਪਾਦਨਾ ਹੇਠ ਚੇਤਨਾ ਪ੍ਰਕਾਸ਼ਨ ਤੋਂ ਛਪਵਾਈ।
ਪਿੱਛੇ ਜਿਹੇ ਕਿਤੇ ਪੜ੍ਹਿਆ ਸੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਪੂਰਨ ਮੀਸ਼ਾ ਰਚਨਾਵਲੀ ਛਾਪ ਰਹੀ ਹੈ। ਛਪਣ ਬਾਰੇ ਦੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣਾ।
ਮੀਸ਼ਾ ਜੀ ਦੀਆਂ ਰਚਨਾਵਾਂ ਸਭ ਤੋਂ ਪਹਿਲਾਂ ਇਕਬਾਲ ਮਾਹਲ ਨੇ ਜਗਜੀਤ ਸਿੰਘ ਜ਼ੀਰਵੀ ਤੋਂ ਰਿਕਾਰਡ ਕਰਵਾਈਆਂ।
ਇਹ ਤੇਰੇ ਪਿਆਰ ਦੇ ਪੱਤਰ ਮੈਂ ਐਵੇਂ ਸਾਂਭ ਰੱਖੇ ਨੇ।
ਸ਼ਾਮ ਦੀ ਨਾ ਸਵੇਰ ਦੀ ਗੱਲ ਹੈ।
ਵਕਤ ਦੇ ਹੇਰ ਫੇਰ ਦੀ ਗੱਲ ਹੈ।
ਮੈਨੂੰ ਤੇਰਾ ਮੁਹਾਂਦਰਾ ਭੁੱਲਿਆ,
ਵੇਖ ਕਿੰਨੇ ਹਨ੍ਹੇਰ ਦੀ ਗੱਲ ਹੈ।
ਫਿਰ ਸਰਬਜੀਤ ਕੋਕੇ ਵਾਲੀ ਨੇ ਆਲ ਇੰਡੀਆ ਰੇਡੀਉ ਜਲੰਧਰ ਲਈ ਗਾਇਆ
ਕੀ ਕਹਿ ਕੇ ਬੁਲਾਵਾਂ ਤੈਨੂੰ,
ਵੇ ਤੂੰ ਮੇਰਾ ਕੀਹ ਲੱਗਨੈਂ।
ਹਾਲਾਤ ਦੀ ਸਿਤਮ ਜ਼ਰੀਫ਼ੀ ਵੇਖੋ!
ਜਿਸ ਮੀਸ਼ਾ ਨੇ ਆਕਾਸ਼ ਵਾਣੀ ਤੇਂ ਮੇਰੇ ਵਰਗੇ ਸੈਂਕੜੇ ਬੁਲਾਰੇ ਬੁਲਾਏ ਉਸ ਦੀ ਕੋਈ ਵੀ ਰਚਨਾ ਰੇਡੀਉ ਆਰਕਾਈਵਜ਼ ਚ ਨਹੀਂ ਹੈ। ਭਲਾ ਕੋਈ ਏਦਾਂ ਵੀ ਕਿੜਾਂ ਕੱਢਦੈ?
ਸਿਰਫ਼ ਉਦਾਸ ਹੋਇਆ ਜਾ ਸਕਦੈ ਇਸ ਪਲ। ਮੀਸ਼ਾ ਮਹਿਕ ਦਾ ਇਤਰ ਭਿੱਜਾ ਫੰਭਾ ਸੀ, ਪੌਣਾਂ ਚ ਘੁਲ ਗਿਆ, ਕਿੱਥੋਂ ਕਿੱਥੋਂ ਖ਼ਾਰਜ ਕਰੋਗੇ?
ਪ੍ਰਿੰਸੀਪਲ ਤਖ਼ਤ ਸਿੰਘ ਜੀ ਦਾ ਸ਼ਿਅਰ ਇਸ ਸਿਲਸਿਲੇ ਚ ਵਾਜਬ ਹੈ।
ਜਾਚਣੈਂ ਮੇਰੀ ਬੁਲੰਦੀ ਨੂੰ ਤਾਂ ਤੱਕੋ,
ਮੇਰਾ ਪਰਛਾਵਾਂ ਪਵੇ ਕਿੱਥੇ ਕੁ ਜਾ ਕੇ।
ਮੀਸ਼ਾ ਜੀ ਤੋਂ ਪਹਿਲਾਂ ਭਾ ਜੀ ਬਰਜਿੰਦਰ ਡਾ: ਜਗਤਾਰ ਦੇ ਕਲਾਮ ਨੂੰ ਮੁਕੰਮਲ ਸੀ ਡੀ ਚ ਗਾ ਚੁੱਕੇ ਹਨ।
ਪਤਾ ਨਹੀਂ ਕਿਉਂ ਮੈਨੂੰ ਪੱਕਾ ਪਤਾ ਹੈ ਕਿ ਹੁਣ ਭਾ ਜੀ ਬਾਵਾ ਬਲਵੰਤ ਤੇ ਪ੍ਰਿੰਸੀਪਲ ਤਖ਼ਤ ਸਿੰਘ ਦੇ ਕਲਾਮ ਨੂੰ ਵੀ ਗਾਉਣਗੇ। ਇਹ ਦੋਵੇਂ ਸ਼ਾਇਰ ਭਾ ਜੀ ਦੀ ਪਸੰਦ ਚ ਸ਼ਾਮਿਲ ਹਨ।
ਬਹੁਤ ਚੰਗਾ ਲੱਗਾ ਕਿ ਹੁਣ ਸ ਸ ਮੀਸ਼ਾ ਜੀ ਦੀਆਂ ਲਿਖਤਾਂ ਨੂੰ ਭਾ ਜੀ ਬਰਜਿੰਦਰ ਸਿੰਘ ਹਮਦਰਦ ਨੇ ਬਹੁਤ ਸੁਰਵੰਤੇ ਅੰਦਾਜ਼ ਚ ਗਾਇਆ ਹੈ।
ਮੁਬਾਰਕਾਂ ਭਾ ਜੀ,
ਹਰ ਤਰ੍ਹਾਂ ਦੇ ਝੱਖੜਾਂ ਤੁਫ਼ਾਨਾਂ ਵਿੱਚ ਵੀ ਸਾਡੇ ਹਿੱਸੇ ਦਾ ਵੱਡਾ ਵੀਰ ਤੁਸੀਂ ਸਾਡੇ ਲਈ ਬਚਾ ਕੇ ਰੱਖਿਆ ਹੋਇਆ ਹੈ।
ਸਾਡੇ ਹਿੱਸੇ ਦੇ ਭਾ ਜੀ ਬਰਜਿੰਦਰ ਸਿੰਘ ਦੇ ਨਾਲ ਨਾਲ ਭੈਣ ਜੀ ਸਰਬਜੀਤ ਨੂੰ ਵੀ ਚਰਨ ਬੰਦਨਾ, ਜਿਨ੍ਹਾਂ ਦੇ ਸੰਗ ਸਾਥ ਸਾਡੇ ਭਾ ਜੀ ਦੇ ਕੰਠ ਦੀਆਂ ਹੇਕਾਂ ਸਲਾਮਤ ਨੇ।
27.7.2019
ਇਸ ਸੀ ਡੀ ਦੇ ਪਰੋਮੋ ਦੇ ਲਿੰਕ ਲਈ ਕਲਿੱਕ ਕਰੋ :
https://youtu.be/UMudXQc-f7I