ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਹੈ ਗੁਰਬਾਣੀ ਜੀਵਨ ਰਹੱਸ: ਡਾ ਬੈਦਵਾਣ
ਨਿਆਮੀਆਂ ਦੀ ਪੁਸਤਕ ਗੁਰਬਾਣੀ ਜੀਵਨ ਰਹੱਸ ਤੇ ਹੋਈ ਵਿਚਾਰ ਗੋਸ਼ਟੀ
ਮੁਹਾਲੀ 2 ਅਪ੍ਰੈਲ 2022- ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਨਿਆਮੀਆਂ ਦੀ ਧਾਰਮਕ ਪੁਸਤਕ ਗੁਰਬਾਣੀ ਜੀਵਨ ਰਹੱਸ ਤੇ ਅੱਜ ਇਕ ਵਿਚਾਰ ਗੋਸ਼ਟੀ ਦਾ ਆਯੋਜਨ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤਾ ਗਿਆ। ਵਿਚਾਰ ਗੋਸ਼ਟੀ ਦਾ ਇਹ ਪ੍ਰੋਗਰਾਮ ਪੁਸਤਕ ਦੇ ਪ੍ਰਕਾਸ਼ਕ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਉਲੀਕਿਆ ਗਿਆ। ਇਸ ਮੌਕੇ ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੋਂਧੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਉੱਘੇ ਪੁਆਧੀ ਲੇਖਕ ਡਾ. ਗੁਰਮੀਤ ਸਿੰਘ ਬੈਦਵਾਣ ਸੈਂਟਰਲ ਜੇਲ੍ਹ ਰੂਪਨਗਰ ਦੇ ਵਧੀਕ ਸੁਪਰਡੈਂਟ ਹਰਸਿਮਰਨ ਸਿੰਘ ਬੱਲ, ਮਨਦੀਪ ਕੌਰ ਟਿਵਾਣਾ ਅਤੇ ਗੁਰਪ੍ਰੀਤ ਸਿੰਘ ਨਿਆਮੀਆਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਪੁਸਤਕ ਬਾਰੇ ਬੋਲਦਿਆਂ ਡਾ ਗੁਰਮੀਤ ਸਿੰਘ ਬੈਦਵਾਣ ਨੇ ਇਸ ਨੂੰ ਦ੍ਰਿਸ਼ਟਮਾਨ ਸੰਸਾਰ ਦੀ ਅਮੋਲਕ ਜੁਗਤ ਦੱਸਦੇ ਹੋਏ ਵਡਿਆਇਆ। ਉਨ੍ਹਾਂ ਕਿਹਾ ਕਿ ਇਹ ਪੁਸਤਕ ਪੜ੍ਹ ਕੇ ਵਿਅਕਤੀ ਵਿਚ ਗੁਰਬਾਣੀ ਨੂੰ ਹੋਰ ਵੀ ਨੇੜਿਓਂ ਜਾਣਨ ਦੀ ਇੱਛਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ਬਹੁਤ ਹੀ ਸਰਲ ਭਾਸ਼ਾ ਵਿੱਚ ਲਿਖੀ ਗਈ ਹੈ ਅਤੇ ਪੂਰੀ ਪੁਸਤਕ ਪੜ੍ਹਨ ਤੋਂ ਬਾਅਦ ਹੋਰ ਵੀ ਜਗਿਆਸਾ ਪੈਦਾ ਹੁੰਦੀ ਹੈ ਕਿ ਇਸ ਤੂੰ ਅੱਗੇ ਜਾਣਨ ਲਈ ਕੁਝ ਹੋਰ ਪੜ੍ਹਿਆ ਜਾਵੇ। ਉਨ੍ਹਾਂ ਪੁਆਧੀ ਅਤੇ ਟਕਸਾਲੀ ਬੋਲੀ ਵਿਚ ਬੋਲਦੇ ਹੋਏ ਆਪਣਾ ਪਰਚਾ ਸੰਪੂਰਨ ਕੀਤਾ। ਉਨ੍ਹਾਂ ਕਿਹਾ ਕਿ ਪੁਸਤਕ ਗੁਰਬਾਣੀ ਜੀਵਨ ਰਹੱਸ ਵੱਖ ਵੱਖ ਵਿਸ਼ਿਆਂ ਤੇ ਝਾਤ ਪਾਉਂਦੀ ਹੈ। ਇਹ ਜੀਵਨ ਬਾਰੇ ਵੀ ਦੱਸਦੀ ਹੈ ਅਤੇ ਗੁਰਬਾਣੀ ਬਾਰੇ ਵੀ ਅਤੇ ਇਨ੍ਹਾਂ ਦੋਵਾਂ ਦੇ ਪਿੱਛੇ ਛੁਪੇ ਰਹੱਸ ਬਾਰੇ ਵੀ ਚਾਨਣਾ ਪਾਉਂਦੀ ਹੈ।
ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ ਮਨਦੀਪ ਕੌਰ ਟਿਵਾਣਾ ਨੇ ਕਿਹਾ ਕਿ ਇਹ ਪੁਸਤਕ ਇੰਨੀ ਸਰਲ ਭਾਸ਼ਾ ਵਿੱਚ ਲਿਖੀ ਹੋਈ ਹੈ ਕਿ ਗੁਰਬਾਣੀ ਨਾ ਜਾਣਨ ਵਾਲਿਆਂ ਲਈ ਵੀ ਇਹ ਗੁਰਬਾਣੀ ਪ੍ਰਤੀ ਆਕਰਸ਼ਣ ਪੈਦਾ ਕਰਦੀ ਹੈ ਅਤੇ ਵਿਅਕਤੀ ਨੂੰ ਇਹ ਲੱਗਦਾ ਹੈ ਕਿ ਉਸ ਨੂੰ ਗੁਰਬਾਣੀ ਬਾਰੇ ਹੋਰ ਜਾਣਨਾ ਚਾਹੀਦਾ ਹੈ। ਉਨ੍ਹਾਂ ਪੁਸਤਕ ਬਾਰੇ ਕੁਝ ਆਪਣੇ ਸੁਝਾਅ ਵੀ ਪੇਸ਼ ਕੀਤੇ ਸੈਂਟਰਲ ਜੇਲ੍ਹ ਪਟਿਆਲਾ ਦੇ ਵਧੀਕ ਸੁਪਰਡੈਂਟ ਹਰਸਿਮਰਨ ਸਿੰਘ ਬੱਲ ਪੀ ਪੀ ਐਸ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਰਹੱਸ ਸ਼ਬਦ ਬਹੁਤ ਗਹਿਰੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਇੱਕ ਰਹੱਸ ਹੈ ਅਤੇ ਇਸ ਰਹੱਸ ਨੂੰ ਜਾਣਨਾ ਹਰ ਇੱਕ ਦੀ ਇੱਛਾ ਹੁੰਦੀ ਹੈ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗੁਰਬਾਣੀ ਦੇ ਰਹੱਸ ਬਾਰੇ ਜਾਣਨਾ ਵੀ ਹਰ ਇੱਕ ਵਿਅਕਤੀ ਦੀ ਤਾਂਘ ਹੁੰਦੀ ਹੈ ਪੁਸਤਕ ਬਾਰੇ ਬੋਲਦਿਆਂ ਗੁਰਪ੍ਰੀਤ ਸਿੰਘ ਨਿਆਮੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਬਜ਼ੁਰਗਾਂ ਤੋਂ ਗੁਰਬਾਣੀ ਦੀ ਲਗਨ ਲੱਗ ਗਈ ਸੀ।
ਜਿਸ ਕਰਕੇ ਉਹ ਸਿੱਖ ਇਤਿਹਾਸ ਨਾਲ ਜੁੜੇ ਅਤੇ ਗੁਰਬਾਣੀ ਵੱਲ ਪ੍ਰੇਰਿਤ ਹੋਏ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਆਲ ਇੰਡੀਆ ਰੇਡੀਓ ਜਲੰਧਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਵਿੱਚ ਉਹ ਵਾਰਤਾ ਪੇਸ਼ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਵਾਰਤਾਵਾਂ ਦਾ ਸੰਗ੍ਰਹਿ ਹੀ ਇਸ ਪੁਸਤਕ ਦਾ ਹਿੱਸਾ ਬਣਿਆ ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਲੇਖ ਉਚੇਚੇ ਤੌਰ ਤੇ ਇਸ ਪੁਸਤਕ ਲਈ ਲਿਖੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਇਹ ਪੁਸਤਕ ਹਰ ਘਰ ਦਾ ਸ਼ਿੰਗਾਰ ਹੋਣੀ ਚਾਹੀਦੀ ਹੈ, ਉਨ੍ਹਾਂ ਇੱਥੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਸੋਹਾਣਾ, ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਣ, ਗੁਰਦੁਆਰਾ ਫੇਜ਼ ਇੱਕ ਦੇ ਪ੍ਰਧਾਨ ਪ੍ਰੀਤਮ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਕਰਮ ਸਿੰਘ ਬਬਰਾ, ਹਰਪਾਲ ਸਿੰਘ ਸੋਢੀ, ਸੁਰਜੀਤ ਸਿੰਘ ਮਠਾੜੂ, ਰਵਿੰਦਰ ਸਿੰਘ ਗੁਰਦੁਆਰਾ ਭਾਈ ਜੈਤਾ ਜੀ, ਖੇਮ ਸਿੰਘ ਗੁਰਦੁਆਰਾ ਫੇਜ਼ ਚਾਰ, ਬਾਬਾ ਉਮਰਾਓ ਸਿੰਘ, ਹਰਦਿਆਲ ਸਿੰਘ, ਅਮਰੀਕ ਸਿੰਘ, ਜਤਿੰਦਰ ਸਿੰਘ ਪ੍ਰਚਾਰਕ, ਹਰਜੋਤ ਸਿੰਘ ਢਾਡੀ ਜਥਾ, ਮਾਸਟਰ ਜਸਬੀਰ ਸਿੰਘ, ਗੁਰਜੀਤ ਸਿੰਘ ਬਿੱਲਾ, ਹਰਬੰਸ ਸਿੰਘ ਬਾਗੜੀ, ਪ੍ਰਦੀਪ ਸਿੰਘ ਹੈਪੀ, ਜਗਦੀਪ ਸਿੰਘ, ਸੁਖਦੀਪ ਸਿੰਘ ਸੋਢੀ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਡਾ ਕਰਮਜੀਤ ਸਿੰਘ ਚਿੱਲਾ ਨੇ ਮੰਚ ਸੰਚਾਲਨ ਕੀਤਾ ਅਤੇ ਸਾਰਿਆਂ ਦੀ ਜਾਣ ਪਛਾਣ ਵੀ ਕਰਵਾਈ।