"ਸਾਹਿਤ ਸਦਭਾਵਨਾ ਪੁਰਸਕਾਰ" ਹਰਮੀਤ ਵਿਦਿਆਰਥੀ ਨੂੰ ਦਿੱਤਾ ਗਿਆ
- ਰਾਈਟਰਜ਼ ਕੋਅਪਰੇਟਿਵ ਸੁਸਾਇਟੀ ਵਲੋਂ ਲਾਇਬ੍ਰੇਰੀ ਕਾਨੂੰਨ ਬਣਾਉਣ ਦੀ ਮੰਗ
ਜਲੰਧਰ, 6 ਜੁਲਾਈ 2024 - ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ "ਸਾਹਿਤ ਸਦਭਾਵਨਾ ਪੁਰਸਕਾਰ-2024" ਪ੍ਰਸਿੱਧ ਕਵੀ ਹਰਮੀਤ ਵਿਦਿਆਰਥੀ ਨੂੰ ਜਲੰਧਰ ਪ੍ਰੈੱਸ ਕਲੱਬ ਵਿਖੇ ਪ੍ਰਦਾਨ ਕੀਤਾ ਗਿਆ।
ਇਸ ਸਮੇਂ ਕਰਵਾਏ ਗਏ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਡਾ: ਲਖਵਿੰਦਰ ਸਿੰਘ ਜੌਹਲ, ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਪ੍ਰਸਿੱਧ ਲੇਖਕ ਅਤੇ ਅਲੋਚਕ ਡਾ: ਬਿਕਰਮ ਸਿੰਘ ਘੁੰਮਣ, ਪ੍ਰਸਿੱਧ ਉਰਦੂ ਕਵੀ ਖੁਸ਼ਬੀਰ ਸਿੰਘ ਸ਼ਾਦ, ਡਾ: ਲਾਭ ਸਿੰਘ ਖੀਵਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਕੁਲਦੀਪ ਸਿੰਘ ਬੇਦੀ ਅਤੇ ਸੁਰਿੰਦਰ ਸਿੰਘ ਸੁੰਨੜ ਮੈਨੇਜਿੰਗ ਡਾਇਰੈਕਟਰ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਸ਼ਾਮਲ ਸਨ।
ਇਸ ਮੌਕੇ ਬੋਲਦਿਆਂ ਡਾ: ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ (ਰਜਿ:) ਵਲੋਂ ਕੀਤੇ ਕੰਮਾਂ ਦਾ ਵੇਰਵਾ ਦੱਸਦਿਆਂ ਕਿਹਾ ਕਿ ਇਸ ਸੰਸਥਾ ਨੇ ਵੱਡੀ ਪੱਧਰ 'ਤੇ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਛਾਪੀਆਂ ਤੇ ਪਾਠਕਾਂ ਤੱਕ ਪਹੁੰਚਾਈਆਂ । ਇਹ ਕਾਰਜ ਅੱਗੋਂ ਵੀ ਨਿਰੰਤਰਤਾ ਨਾਲ ਚੱਲਦਾ ਰਹੇਗਾ। ਉਹਨਾਂ ਨੇ ਕਿਹਾ ਕਿ "ਸਾਹਿੱਤ ਸਦਭਾਵਨਾ ਪੁਰਸਕਾਰ" ਹਰਮੀਤ ਵਿਦਿਆਰਥੀ ਨੂੰ ਸਿਰਫ਼ ਇੱਕ ਕਵੀ ਵਜੋਂ ਹੀ ਪ੍ਰਦਾਨ ਨਹੀਂ ਕੀਤਾ ਜਾ ਰਿਹਾ, ਸਗੋਂ ਉਹਨਾਂ ਦੀ ਸਹਿਤਕ ਸਰਗਰਮੀਆਂ, ਸਾਹਿੱਤ ਸਭਾਵਾਂ ਅਤੇ ਸੰਸਥਾਵਾਂ ਵਿੱਚ ਨਿਭਾਈ ਭੂਮਿਕਾ ਵੀ ਵਡਮੁੱਲੀ ਹੈ।
ਸਮਾਗਮ 'ਚ ਡਾ: ਲਾਭ ਸਿੰਘ ਖੀਵਾ ਨੇ ਹਰਮੀਤ ਵਿਦਿਆਰਥੀ ਵਲੋਂ ਲਿਖੀਆਂ ਕਾਵਿ ਪੁਸਤਕਾਂ, 'ਆਪਣੇ ਖਿਲਾਫ਼'(1990), 'ਸਮੁੰਦਰ ਬੁਲਾਉਂਦਾ ਹੈ'(2003), 'ਉੱਧਲੀ ਹੋਈ ਮੈਂ' (2014) ਅਤੇ 'ਜ਼ਰਦ ਰੁੱਤ ਦਾ ਹਲਫੀਆ ਬਿਆਨ' (2022) ਦੀ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਕਵੀ ਹਰਮੀਤ ਵਿਦਿਆਰਥੀ ਗਤੀਸ਼ੀਲ ਕਵੀ ਵਜੋਂ ਉਭਰਿਆ ਹੈ, ਉਹ ਆਪਣੀ ਕਵਿਤਾ 'ਚ ਸਮਾਜ ਦੇ ਦਵੰਦ ਅਤੇ ਆਪਣੇ ਨਿੱਜੀ ਸੰਕਟ ਦੇ ਨਾਲ-ਨਾਲ, ਆਪਣੇ ਆਲੇ-ਦੁਆਲੇ 'ਚ ਸਮਾਜਕ, ਸਿਆਸੀ ਲਹਿਰਾਂ ਨੂੰ ਪਕੜਣ ਦੀ ਹਿੰਮਤ ਰੱਖਣ ਵਾਲਾ ਕਵੀ ਹੈ। ਉਸਦੀ ਕਵਿਤਾ ਨਾਲ ਤਾਂ ਪ੍ਰਤੀਬੱਧਤਾ ਹੈ ਹੀ, ਸਗੋਂ ਸਾਹਿਤਕ ਸੰਸਥਾਵਾਂ ਅਤੇ ਸਾਹਿਤਕ ਸਰਗਰਮੀਆਂ ਨਾਲ ਵੀ ਪ੍ਰਤੀਬੱਧਤਾ ਹੈ।
ਇਸ ਸਮੇਂ ਬੋਲਦਿਆਂ ਸਤਨਾਮ ਸਿੰਘ ਮਾਣਕ ਨੇ ਦੇਸ਼ ਦੀ ਮੌਜੂਦਾ ਸਥਿਤੀ ਦਾ ਜ਼ਿਕਰ ਕਰਦਿਆਂ ਲੇਖਕਾਂ ਨੂੰ ਆਪਣਾ ਫਰਜ਼ ਨਿਭਾਉਂਦਿਆਂ ਲੋਕਾਂ ਦੀ ਅਵਾਜ਼ ਬਨਣ ਦਾ ਸੱਦਾ ਦਿੱਤਾ। ਸੁਰਿੰਦਰ ਸਿੰਘ ਸੁੰਨੜ. ਡਾ: ਬਿਕਰਮ ਸਿੰਘ ਘੁੰਮਣ, ਕੁਲਦੀਪ ਸਿੰਘ ਬੇਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦੌਰਾਨ ਹਰਮੀਤ ਵਿਦਿਆਰਥੀ ਨੂੰ ਮੰਮੰਟੋ, ਦੁਸ਼ਾਲਾ ਅਤੇ 21000 ਰੁਪਏ ਦੀ ਰਾਸ਼ੀ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਭੇਂਟ ਕੀਤੀ ਗਈ।
ਸਮਾਗਮ ਦੌਰਾਨ ਇੱਕ ਮਤਾ ਪਾਸ ਕਰਕੇ ਪੰਜਾਬ ਵਿੱਚ ਜਨਤਕ ਲਾਇਬ੍ਰੇਰੀ ਕਾਨੂੰਨ ਬਨਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ। ਮੰਚ ਸੰਚਾਲਨ ਕਰਦਿਆਂ ਪ੍ਰੋ: ਹਰਜਿੰਦਰ ਅਟਵਾਲ ਨੇ ਜਨਤਕ ਲਾਇਬ੍ਰੇਰੀ ਕਾਨੂੰਨ ਬਾਰੇ ਕਿਹਾ ਕਿ ਸਾਲ 2011 'ਚ ਇਸ ਬਿੱਲ ਦਾ ਖਰੜਾ ਬਣਾ ਲਿਆ ਗਿਆ ਸੀ, ਪਰ ਹਾਲੇ ਤੱਕ ਵੀ ਇਹ ਕਾਨੂੰਨ ਨਹੀਂ ਬਣ ਸਕਿਆ ਜਦਕਿ ਪੰਜਾਬ 'ਚੋਂ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਲਈ ਇਹ ਅਤਿ ਜ਼ਰੂਰੀ ਹੈ।
ਇਸ ਸਮਾਗਮ ਵਿੱਚ ਹੋਰਨਾਂ ਦੇ ਨਾਲ ਨਾਲ ਡਾ. ਰਘਬੀਰ ਕੌਰ, ਪ੍ਰੋ: ਤਜਿੰਦਰ ਵਿਰਲੀ, ਡਾ: ਰਾਮਮੂਰਤੀ, ਅਮਰਜੀਤ ਨਿੱਝਰ, ਬਹਾਦਰ ਸਿੰਘ ਸੰਧੂ, ਡਾ: ਉਮਿੰਦਰ ਜੌਹਲ, ਭਗਵੰਤ ਰਸੂਲਪੁਰੀ, ਸੁਰਜੀਤ ਸੁਮਨ, ਬਲਕਾਰ ਸਿੰਘ ਦੂਰਦਰਸ਼ਨ ਜਲੰਧਰ, ਰਕੇਸ਼ ਸ਼ਾਂਤੀ ਦੂਤ, ਗੋਪਾਲ ਸਿੰਘ ਬੁੱਟਰ, ਕਾਮਰੇਡ ਗੁਰਮੀਤ, ਦੀਪਕ ਮਹਿਤਾ, ਨੀਤੂ ਐਂਕਰ ਦੂਰਦਰਸ਼ਨ, ਦੀਪ ਜਗਦੀਪ ਸਿੰਘ, ਗੁਰਮੀਤ ਕੜਿਆਲਵੀ ਆਦਿ ਹਾਜ਼ਰ ਸਨ।