ਪੰਜਾਬੀ ਗ਼ਜ਼ਲ ਦੇ ਰੂਪਕ ਅਤੇ ਵਿਚਾਰਧਾਰਕ ਪੱਖਾਂ ਬਾਰੇ ਚਰਚਾ ਹੋਈ
ਬੰਗਾ 15 ਜਨਵਰੀ 2023 : ਪੰਜਾਬੀ ਸਾਹਿਤ ਸਭਾ ਖਟਕੜ ਕਲਾਂ (ਬੰਗਾ) ਵੱਲੋਂ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਸਹਿਯੋਗ ਨਾਲ ਗ਼ਜ਼ਲ ਵਰਕਸ਼ਾਪ ਕਰਵਾਈ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ.ਸੁਰਜੀਤ ਜੱਜ, ਪ੍ਰਿੰਸੀਪਲ ਡਾ ਰਣਜੀਤ ਸਿੰਘ, ਗ਼ਜ਼ਲ਼ਗੋ ਕੁਲਵਿੰਦਰ ਕੁੱਲਾ ਅਤੇ ਸਭਾ ਦੇ ਪ੍ਰਧਾਨ ਮੋਹਨ ਬੀਕਾ ਸ਼ਾਮਿਲ ਹੋਏ। ਮੁੱਖ ਮਹਿਮਾਨ ਵਜੋਂ ਬਲਿਹਾਰ ਸਿੰਘ ਲੇਹਲ ਮੀਤ ਪ੍ਰਧਾਨ ਪੰਜਾਬੀ ਸਾਹਿਤ ਸਭਾ ਸਿਆਟਲ (ਅਮਰੀਕਾ) ਅਤੇ ਵਿਸ਼ੇਸ਼ ਮਹਿਮਾਨ ਵਜੋਂ ਕਿਰਪਾਲ ਸਿੰਘ ਪੂੰਨੀ ਇੰਗਲੈਂਡ ਨੇ ਸ਼ਿਰਕਤ ਕੀਤੀ।
ਇਸ ਸਮਾਗਮ ਵਿਚ ਮੁੱਖ ਬੁਲਾਰੇ ਦੇ ਤੌਰ ਤੇ ਡਾ. ਸ਼ਮਸ਼ੇਰ ਮੋਹੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਕਾਲਜ ਵੱਲੋਂ ਪ੍ਰੋ.ਗੁਰਸ਼ਾਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਤੋਂ ਬਾਅਦ ਸਭਾ ਦੇ ਸਰਪ੍ਰਸਤ ਹਰਬੰਸ ਹੀਓਂ ਨੇ ਪ੍ਰਧਾਨਗੀ ਮੰਡਲ ਨਾਲ ਸਰੋਤਿਆਂ ਦੀ ਜਾਣ ਪਛਾਣ ਕਰਵਾਈ। ਮੁੱਖ ਬੁਲਾਰੇ ਡਾ. ਸ਼ਮਸ਼ੇਰ ਮੋਹੀ ਨੇ ਗ਼ਜ਼ਲ ਵਰਕਸ਼ਾਪ ਦੌਰਾਨ ਗ਼ਜ਼ਲ ਦੇ ਵਿਧਾਨ ਅਤੇ ਪੰਜਾਬੀ ਭਾਸ਼ਾ ਵਿੱਚ ਗ਼ਜ਼ਲ ਦੇ ਵਿਕਾਸ ਬਾਰੇ ਆਪਣੇ ਵਿਚਾਰ ਰੱਖੇ । ਉਨ੍ਹਾਂ ਦੱਸਿਆ ਕਿ ਗ਼ਜ਼ਲ ਦੇ ਰੂਪਕ ਪੱਖ ਦੇ ਨਾਲ ਨਾਲ ਵਿਚਾਰਕ ਪੱਖ ਦੀ ਵੀ ਬੇਹੱਦ ਮਹਤੱਤਾ ਹੈ । ਉਨ੍ਹਾਂ ਅਗਾਂਹ ਕਿਹਾ ਕਿ ਗ਼ਜ਼ਲ ਲਿਖਣ ਲਈ ਭਾਸ਼ਾ 'ਤੇ ਪਕੜ ਅਤੇ ਕਿਸੇ ਵਿਸ਼ੇ ਪ੍ਰਤੀ ਵਿਲੱਖਣ ਦ੍ਰਿਸ਼ਟੀ ਦੋ ਮਹੱਤਵਪੂਰਨ ਬਿੰਦੂ ਹਨ । ਉਨ੍ਹਾਂ ਤੋਂ ਬਾਅਦ ਪ੍ਰੋ. ਸੁਰਜੀਤ ਜੱਜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪੰਜਾਬੀ ਦੇ ਵੱਖ ਵੱਖ ਸ਼ਾਇਰਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਵਿੱਚ ਬੇਹੱਦ ਪਾਏਦਾਰ ਗ਼ਜ਼ਲ ਕਹੀ ਜਾ ਰਹੀ ਹੈ ਅਤੇ ਪੰਜਾਬੀ ਸ਼ਾਇਰਾਂ ਨੇ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਵਧੇਰੇ ਵਿਸ਼ਿਆਂ ਨੂੰ ਆਪਣੀ ਗ਼ਜ਼ਲ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਗ਼ਜ਼ਲ ਦੇ ਰੂਪਕ ਪੱਖ ਤੋਂ ਜੋ ਵਿਧਾਨ ਹਨ ਉਨ੍ਹਾਂ ਨੂੰ ਤੋੜਿਆ ਵੀ ਜਾ ਸਕਦਾ ਹੈ। ਸਟੇਜ ਦੀ ਸੰਚਾਲਨਾ ਸਭਾ ਦੇ ਜਨਰਲ ਸੱਕਤਰ ਤਲਵਿੰਦਰ ਸ਼ੇਰਗਿੱਲ ਨੇ ਬਾਖੂਬੀ ਨਾਲ ਨਿਭਾਈ। ਸਮਾਗਮ ਦੌਰਾਨ ਦੀਪ ਕਲੇਰ, ਸੁਨੀਲ ਚੰਦਿਆਣਵੀਂ, ਗੁਰਦੀਪ ਸੈਣੀ, ਨੂਰ ਕਮਲ, ਰੋਹਿਤ ਬੀਕਾ, ਸ਼ਿੰਗਾਰਾ ਲੰਗੇਰੀ, ਪਰਮਜੀਤ ਚਾਹਲ, ਪ੍ਰੋ. ਰੂਬੀ ਰਾਏਪੁਰੀ, ਗੁਰਲੀਨ ਕੌਰ, ਅਮਰਦੀਪ ਸਿੰਘ ਬੰਗਾ, ਗੋਰਾ ਬੰਗਾ ਆਦਿ ਵੀ ਹਾਜ਼ਰ ਹੋਏ।