ਸਾਹਿਤਕ ਰਸਾਲੇ 'ਹੁਣ ' ਦਾ 45ਵਾਂ ਅੰਕ ਅੰਮ੍ਰਿਤਸਰ ਵਿੱਚ ਲੋਕ ਅਰਪਣ
- 'ਹੁਣ ' ਵਰਗੇ ਮਿਆਰੀ ਸਾਹਿੱਤਕ ਰਸਾਲੇ ਦੁਨੀਆਂ ਭਰ ਦੇ ਸਾਹਿਤ ਅਤੇ ਸਭਿਆਚਾਰ ਨੂੰ ਨੇੜੇ ਲਿਆਉਂਦੇ ਹਨ
ਅੰਮ੍ਰਿਤਸਰ, 29 ਅਕਤੂਬਰ 2022 - ਜਨਵਾਦੀ ਲੇਖਕ ਸੰਘ ਅਤੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਲੋਂ "ਭਾਸ਼ਾ, ਸਾਹਿਤ ਅਤੇ ਸਮਾਜ ਦੀ ਬੇਹਤਰੀ ਵਿਚ ਸਾਹਿਤਕ ਪੱਤਰਕਾਰੀ ਦਾ ਯੋਗਦਾਨ" ਵਿਸ਼ੇ ਤੇ ਵਿਚਾਰ ਚਰਚਾ ਉਪਰੰਤ ਪੰਜਾਬੀ ਦੇ ਬਹੁ ਦਿਸ਼ਾਵੀ ਤੇ -ਮਿਆਰੀ ਸਾਹਿਤਕ ਰਸਾਲੇ 'ਹੁਣ' ਦਾ 45ਵਾਂ ਅੰਕ ਡਾਃ ਮਹਿਲ ਸਿੰਘ, ਡਾਃ ਸੁਖਬੀਰ ਮਾਹਲ , ਡਾਃ ਆਤਮ ਰੰਧਾਵਾ ਸਮੇਤ ਲੇਖਕਾਂ ਵੱਲੋਂ ਇਸ ਦੇ ਸੰਪਾਦਕਾਂ ਸੁਸ਼ੀਲ ਦੇਸਾਂਝ ਤੇ ਕਮਲ ਦੋਸਾਂਝ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ।
ਸਕੂਲ ਦੀ ਪ੍ਰਿੰ ਅੰਕਿਤਾ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ 'ਹੁਣ' ਨੂੰ ਕੇਂਦਰ ਵਿਚ ਰੱਖ ਕੇ ਕਿਹਾ ਕਿ ਉੱਤਮ ਦਰਜੇ ਦਾ ਲੋਕ ਹਿਤੂ ਸਾਹਿਤ ਅਤੇ ਸੁਹਿਰਦ ਪਾਠਕਾਂ ਨੂੰ ਇਕ ਤੰਦ ਵਿਚ ਪਰੋਣ ਲਈ ਸਾਹਿਤਕ ਰਸਾਲੇ ਸਭ ਤੋਂ ਉੱਤਮ ਜਰੀਆ ਹਨ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਖਾਲਸਾ ਕਾਲਿਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਃ ਮਹਿਲ ਸਿੰਘ ਨੇ ਕਿਹਾ ਕਿ ਜਿੱਥੇ 'ਹੁਣ' ਵਰਗੇ ਮਿਆਰੀ ਰਸਾਲੇ ਦੁਨੀਆਂ ਭਰ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਨੇੜੇ ਲੈ ਕੇ ਆਉਂਦੇ ਹਨ ਉਥੇ ਦੁਨੀਆਂ ਭਰ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਘੋਖਣ ,ਪੜਤਾਲਣ ਅਤੇ ਨਵੀਆਂ ਦਿਸ਼ਾਵਾਂ ਨਿਰਧਾਰਤ ਕਰਨ ਵਿਚ ਸਹਾਈ ਹੁੰਦੇ ਹਨ।
ਹੁਣ' ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਦਸਿਆ ਕਿ ਉਹਨਾਂ ਵਲੋਂ ਡਾ ਗੁਰਦਿਆਲ ਸਿੰਘ ਫੁੱਲ, ਜਸਵੰਤ ਸਿੰਘ ਕੰਵਲ, ਪ੍ਰੋ ਅਜਮੇਰ ਔਲਖ, ਬਾਬਾ ਨਜ਼ਮੀ, ਸੁਰਜੀਤ ਪਾਤਰ ਅਤੇ ਹੁਣ ਇਸ ਅੰਕ ਵਿੱਚ ਗੁਰਭਜਨ ਗਿੱਲ ਆਦਿ ਸਥਾਪਿਤ ਸਾਹਿਤਕਾਰਾਂ ਦੀਆਂ ਅਦਬੀ ਮੁਲਾਕਾਤਾਂ ਦੇ ਲੜੀਵਾਰ ਸਿਲਸਿਲੇ ਨੇ ਪਾਠਕਾਂ ਨੂੰ ਇਹਨਾਂ ਸਾਹਿਤਕਾਰਾਂ ਦੀ ਜੀਵਨ ਸ਼ੈਲੀ ਅਤੇ ਲਿਖਣ ਸ਼ੈਲੀ ਨੂੰ ਹੋਰ ਨੇੜਿਉਂ ਸਮਝਣ ਦਾ ਸਬੱਬ ਪੈਦਾ ਕੀਤਾ ਹੈ।
ਖਾਲਸਾ ਕਾਲਿਜ ਫਾਰ ਵਿਮੈੱਨ ਦੇ ਸੇਵਾ ਮੁਕਤ ਪ੍ਰਿੰਸੀਪਲ ਡਾ ਸੁਖਬੀਰ ਕੌਰ ਮਾਹਲ ਅਤੇ ਸੂਫੀ ਸ਼ਾਇਰ ਬਖਤਾਵਰ ਸਿੰਘ ਨੇ ਕਿਹਾ ਕਿ ਮਿਆਰੀ ਸਾਹਿਤ ਨੂੰ ਲੋਕ ਉਡੀਕਦੇ ਵੀ ਨੇ ਅਤੇ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਵੀ ਪਾਲਦੇ ਹਨ ।
ਖਾਲਸਾ ਕਾਲਿਜ ਅੰਮ੍ਰਿਤਸਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਆਤਮ ਰੰਧਾਵਾ ਅਤੇ ਡਾ ਹੀਰਾ ਸਿੰਘ ਨੇ ਕਿਹਾ ਕਿ ਅਜਿਹੇ ਮੈਗਜ਼ੀਨ ਮਨੁੱਖ ਨੂੰ ਕਵਿਤਾ, ਕਹਾਣੀ ਅਤੇ ਸਾਹਿਤ ਦੀਆਂ ਹੋਰ ਵਿਧਾਵਾਂ ਦੇ ਨਾਲ- ਨਾਲ ਬਹੁ -ਮੁੱਲੀਆਂ ਇਨਸਾਨੀ ਕਦਰਾਂ ਕੀਮਤਾਂ ਨਾਲ ਵੀ ਜੋੜਦੇ ਹਨ। ਗੁਰਦਾਸਪੁਰ ਤੋਂ ਪੁੱਜੇ ਉੱਘੇ ਲੇਖਕ ਮੱਖਣ ਕੁਹਾੜ ਅਤੇ ਗੁਰਮੀਤ ਸਿੰਘ ਬਾਜਵਾ ਨੇ ਦਸਿਆ ਕਿ ਲੇਖਕ ਦੀ ਸਥਾਪਤੀ ਅਤੇ ਭਾਸ਼ਾ ਦੀ ਤਰੱਕੀ ਲਈ ਹੁਣ ਵਰਗੇ ਮਿਆਰੀ ਰਸਾਲੇ ਵੱਡਾ ਯੋਗਦਾਨ ਪਾਉਂਦੇ ਹਨ।
ਉੱਘੀ ਸ਼ਾਇਰਾ ਡਾ ਸੀਮਾ ਗਰੇਵਾਲ ਅਤੇ ਸੰਪਾਦਕ ਕਮਲ ਦੁਸਾਂਝ ਨੇ ਕਿਹਾ ਕਿ ਆਮ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਮਿਆਰੀ ਅਤੇ ਲੋਕ ਪੱਖੀ ਸਾਹਿਤ ਨਾਲ 'ਹੁਣ' ਦਾ ਪੰਜਾਬੀ ਸਾਹਿਤ ਵਿੱਚ ਪ੍ਰਮੁੱਖ ਸਥਾਨ ਹੈ।
ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ਤੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮੇਂ ਸ਼ੈਲਿੰਦਰਜੀਤ ਸਿੰਘ ਰਾਜਨ,ਕੋਮਲ ਸਹਿਦੇਵ, ਨਵਦੀਪ ਕੁਮਾਰ ,ਹਰਜੀਤ ਸਿੰਘ ਸੰਧੂ ,ਮਨਮੋਹਨ ਸਿੰਘ ਢਿੱਲੋਂ, ਡਾਃ ਮੋਹਨ, ਡਾ ਕਸ਼ਮੀਰ ਸਿੰਘ, ਪਿੰਃ ਰਘਬੀਰ ਸਿੰਘ ਸੋਹਲ, ਬਲਜਿੰਦਰ ਮਾਂਗਟ, ਜਸਵੰਤ ਧਾਪ, ਮੱਖਣ ਭੈਣੀਵਾਲਾ, ਕਪੂਰ ਸਿੰਘ ਘੁੰਮਣ, ਪਰਮਜੀਤ ਕੌਰ, ਪੂਨਮ ਸ਼ਰਮਾ, ਤ੍ਰਿਪਤਾ ਮੈਮ, ਬਲਜਿੰਦਰ ਕੌਰ, ਮੀਨਾਕਸ਼ੀ, ਦਮੋਦਰ ਸ਼ਰਮਾ, ਜਗਮੋਹਣ ਸ਼ਰਮਾ ਅਤੇ ਗੀਤਾ ਆਦਿ ਹਾਜਰ ਸਨ।