ਸੇਵਾਮੁਕਤ ਪੀਸੀਐਸ ਗੋਪਾਲ ਸਿੰਘ ਕੋਟਫੱਤਾ ਦੀ ਪੁਸਤਕ ਤੇ ਭਖ਼ਵੀਂ ਵਿਚਾਰ ਚਰਚਾ
ਅਸ਼ੋਕ ਵਰਮਾ
ਬਠਿੰਡਾ, 4 ਅਗਸਤ 2024: ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਸੇਵਾਮੁਕਤ ਪੀਸੀਐਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਦੀ ਕਾਵਿ ਪੁਸਤਕ ‘ਮਿੱਟੀ ਦੀ ਕਸਕ’ ਤੇ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ ਵਾਰਤਾਕਾਰ ਸੇਵਾਮੁਕਤ ਅਧਿਕਾਰੀ ਰਾਮ ਸਿੰਘ, ਪੰਜਾਬ ਵਿਧਾਨ ਸਭਾ ਸਾਬਕਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਲੇਖਕ ਅਮਰ ਸਿੰਘ ਸਿੱਧੂ ਤੇ ਫਿਲਮ ਮੇਕਰ ਅਤੇ ਪਨਗਰੇਨ ਦੇ ਸਾਬਕਾ ਡਾਇਰੈਕਟਰ ਟਹਿਲ ਸਿੰਘ ਹਾਜ਼ਰ ਸਨ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਭਨਾ ਨੂੰ ਜੀ ਆਇਆਂ ਕਹਿਣ ਉਪਰੰਤ ਸ੍ਰੀ ਗੋਪਾਲ ਸਿੰਘ ਦੀਆਂ ਜੀਵਨ ਪ੍ਰਾਪਤੀਆਂ ਅਤੇ ਸਾਹਿਤਕ ਕਾਰਜ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਕਿਰਤੀ ਪਰਿਵਾਰ ਚੋਂ ਉੱਠ ਕੇ ਉੱਚ ਅਹੁਦੇ ਤੇ ਪਹੁੰਚ ਕੇ ਵੀ ਕਿਰਤੀ ਸਮਾਜ ਨਾਲ ਜੁੜੇ ਰਹੇ।
ਇਸ ਮੌਕੇ ਹਰਵਿੰਦਰ ਸਿੰਘ ਸਿਰਸਾ ਨੇ ਪੁਸਤਕ ਉੱਪਰ ਪਰਚਾ ਪੜ੍ਹਦਿਆਂ ਕਿਹਾ ਕਿ ਲੋਕਾਂ ਨੂੰ ਰਾਸ਼ਟਰਬਾਦ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਪ੍ਰਵਾਸ ਤੇ ਖੁਦਕਸ਼ੀਆਂ ਬਾਰੇ ਸੋਚਣਾ ਵੀ ਅਤੀ ਜਰੂਰੀ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਤਰਜਮਾਨੀ ਕਰਦਾ ਸਾਹਿਤ ਰਚਣ ਦੀ ਜਰੂਰਤ ਹੈ। ਸਾਹਿਤ ਵਿੱਚ ਕਿਰਤ ਦੀ ਭੂਮਿਕਾ ਹਮੇਸ਼ਾਂ ਮਹੱਤਵਪੂਰਨ ਰਹੀ ਹੈ ਤੇ ਰਹੇਗੀ। ਕਵਿਤਾਵਾਂ ਵਿੱਚ ਤੱਤ ਸਾਰ ਤੇ ਉਦੇਸ਼ ਵੱਡਾ ਹੁੰਦਾ ਹੈ, ਜੋ ਇਸ ਪੁਸਤਕ ਦੀਆਂ ਕਵਿਤਾਵਾਂ ਵਿੱਚ ਪਰਤੱਖ ਦਿਖਾਈ ਦਿੰਦਾ ਹੈ। ਕਵਿਤਾਵਾਂ ਸੰਵੇਦਨਾ ਭਰਪੂਰ ਹਨ ਤੇ ਉਹ ਪੀੜਾਂ, ਕਸਕਾਂ, ਦੁਸਵਾਰੀਆਂ ਤੇ ਕੇਂਦਰਤ ਹੋਣ ਦੇ ਨਾਲ ਨਾਲ ਮਨੁੱਖੀ ਫਿਕਰਾਂ ਦੀ ਬਾਤ ਪਾਉਂਦੀਆਂ ਹਨ।
ਚਰਚਾ ਸੁਰੂ ਕਰਦਿਆਂ ਉੱਘੇ ਨਾਵਲਕਾਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਟੁੱਟੀਆਂ ਹਸਰਤਾਂ ਵਾਲੇ ਹੀ ਬੁੱਤਕਾਰ, ਚਿਤਰਕਾਰ ਤੇ ਕਵਿਤਾਕਾਰ ਹੁੰਦੇ ਹਨ। ਉਹਨਾਂ ਕਿਹਾ ਪੁਸਤਕ ਵਿਚਲੀਆਂ ਕਵਿਤਾਵਾਂ ਉਸ ਸਮੇਂ ਦੀ ਯਾਦ ਦਿਵਾਉਂਦੀਆਂ ਹਨ, ਜਦ ਰਿਸਤਿਆਂ ਦਾ ਤਾਰਾ ਮੰਡਲ ਸਾਰੇ ਸਿਰਾਂ ਤੇ ਹੁੰਦਾ ਸੀ। ਰਚਨਾਵਾਂ ਸੰਵਾਦ ਰਚਾਉਂਦੀਆਂ ਹਨ। ਸ੍ਰੀ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਪੁਸਤਕ ਜੀਵਨ ਦੇ ਸਫ਼ਰ ਦੀ ਕਿਰਤ ਬਿਆਨ ਕਰਦੀ ਹੈ। ਪੁਸਤਕ ਵਿੱਚ ਮਨੁੱਖ ਨਾਲ ਜੁੜੇ ਹਰ ਵਿਸ਼ੇ ਤੇ ਕਵਿਤਾ ਲਿਖੀ ਗਈ ਹੈ। ਸਤਨਾਮ ਸਿੰਘ ਜੱਸਲ ਨੇ ਕਿਹਾ ਕਿ ਕਿਤਾਬ ਵਿੱਚੋ ਲੋਕਾਂ ਦੀ ਹੂਕ ਨਾਲ ਜੁੜੀ ਸੋਚ ਪਰਤੱਖ ਹੁੰਦੀ ਹੈ ਅਤੇ ਮਾਨਵਵਾਦੀ ਕਦਰਾਂ ਕੀਮਤਾਂ ਤੇ ਮੌਲਿਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪੁਸਤਕ ਕਿਰਤੀ ਲੋਕਾਂ ਦੇ ਹੱਥਾਂ ਤੱਕ ਪੁੱਜਣੀ ਚਾਹੀਦੀ ਹੈ।
ਅਧਿਆਪਕ ਆਗੂ ਲਛਮਣ ਸਿੰਘ ਮਲੂਕਾ ਨੇ ਕਿਹਾ ਕਿ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਰਚਨਾਕਾਰ ਵੱਲੋਂ ਪੇਂਡੂ ਰਹਿਤਲ ਦੇ ਸ਼ਬਦਾਂ ਦੀ ਬਾਖੂਬੀ ਵਰਤੋਂ ਕੀਤੀ ਗਈ ਹੈ। ਚੇਤਿਆਂ ਦੀ ਚੰਗੇਰ ’ਚ ਵਸਣ ਵਾਲੇ ਸ਼ਬਦ ਕਵਿਤਾਵਾਂ ਵਿੱਚ ਰਚੇ ਹੋਏ ਹਨ ਅਤੇ ਕਵਿਤਾਵਾਂ ਚੰਗਾ ਸੁਨੇਹਾ ਦਿੰਦੀਆਂ ਹਨ। ਪੁਸਤਕ ਦੇ ਰਚੇਤਾ ਗੋਪਾਲ ਸਿੰਘ ਨੇ ਆਪਣੇ ਜੀਵਨ ’ਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਉਹਨਾਂ ਜੋ ਵੇਖਿਆ ਤੇ ਹੰਢਾਇਆ, ਉਸਨੂੰ ਕਾਗਜ ਤੇ ਲਿਖਦਾ ਰਿਹਾ ਪਰ ਇਹ ਨਹੀਂ ਸੀ ਸੋਚਿਆ ਕਿ ਇਹਨਾਂ ਦੀ ਕਦੇ ਜਿਲਦ ਵੀ ਬੱਝੇਗੀ। ਅੱਜ ਇਸ ਚਰਚਾ ਨਾਲ ਸੰਤੁਸ਼ਟੀ ਮਿਲੀ ਹੈ। ਪ੍ਰਧਾਨਗੀ ਭਾਸ਼ਣ ’ਚ ਰਾਮ ਸਿੰਘ ਨੇ ਕਿਹਾ ਕਿ ਆਲੋਚਕ ਜਾਂ ਵਿਸ਼ਲੇਸ਼ਕ ਰਚਨਾ ਨੂੰ ਭਾਵੇਂ ਕਿਸੇ ਨਾਲ ਵੀ ਜੋੜ ਦੇਣ, ਪਰ ਉਸ ਵਿੱਚ ਲੇਖਕ ਦਾ ਆਪਣਾ ਦੁੱਖ ਸਮਾਇਆ ਹੁੰਦਾ ਹੈ। ਉਹਨਾਂ ਤਰੰਨਮ ਵਿੱਚ ਇੱਕ ਗਜ਼ਲ ਵੀ ਪੇਸ਼ ਕੀਤੀ।
ਸਮਾਗਮ ਨੂੰ ਸੀ ਮਾਰਕੰਡਾ, ਅਮਰ ਸਿੰਘ ਸਿੱਧੂ, ਟਹਿਲ ਸਿੰਘ ਬੁੱਟਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਮਰਜੀਤ ਸਿੰਘ ਸਿੱਧੂ, ਅਮਨ ਦਾਤੇਵਾਸੀਆ, ਸੁਰਜੀਤ ਸਿਰੜੀ, ਨਨਪਾਲ, ਅਮਰਜੀਤ ਸਿੰਘ ਹਰਿਆਣਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਸਭਾ ਦੇ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾਜਰਨਲ ਸਕੱਤਰ ਰਣਜੀਤ ਗੌਰਵ ਨੇ ਨਿਭਾਈ। ਸਮਾਗਮ ਦੌਰਾਨ ਮਹਿਮਾਨਾਂ ਨੂੰ ਕਿਤਾਬਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਤਰਜੀਤ ਕਹਾਣੀਕਾਰ, ਰਣਬੀਰ ਰਾਣਾ, ਪੋਰਿੰਦਰ ਸਿੰਗਲਾ, ਭੋਲਾ ਸਿੰਘ ਗਿੱਲਪੱਤੀ, ਭੂਪਿੰਦਰ ਮਾਨ, ਬੀਬਾ ਅਮ੍ਰਿਤ ਕਲੇਰ ਤੇ ਕਮਲ ਬਠਿੰਡਾ ਵੀ ਹਾਜ਼ਰ ਸਨ।