ਸ਼ਿਵ ਕੁਮਾਰ ਸਿਰਫ਼ ਬਿਰਹਾ ਤੇ ਰੁਦਨ ਦਾ ਨਹੀਂ, ਯੁਗ ਚੇਤਨਾ ਦਾ ਵੀ ਪੇਸ਼ਕਾਰ ਸੀ- ਗੁਰਭਜਨ ਗਿੱਲ
- ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ 'ਤੇ ਵਿਸ਼ੇਸ਼ ਪ੍ਰੋਗਰਾਮ
ਲੁਧਿਆਣਾ : 8 ਮਈ 2021 - ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਅਤੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 48ਵੀਂ ਬਰਸੀ ਮੌਕੇ ਵਿਚਾਰ ਚਰਚਾ ਅਤੇ ਸੰਗੀਤ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ.ਸ.ਪ. ਸਿੰਘ ਦੀ ਪ੍ਰਧਾਨਗੀ ਹੇਠ ਸ਼ਿਵ ਕੁਮਾਰ ਬਟਾਲਵੀ ਨੂੰ ਚੇਤੇ ਕੀਤਾ ਗਿਆ ਅਤੇ ਉਸਦੀਆਂ ਕਵਿਤਾਵਾਂ ਨੂੰ ਵੱਖ ਵੱਖ ਗਾਇਕਾਂ ਵੱਲੋਂ ਗਾ ਕੇ ਪੇਸ਼ ਕੀਤਾ ਗਿਆ। ਡਾ.ਐੱਸ.ਪੀ. ਸਿੰਘ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਂ ਸ਼ਿਵ ਨੂੰ ਜਿੰਨੀ ਵਾਰ ਵੀ ਮਿਲਿਆਂ ਉਹ ਵਾਰ ਆਪਣੀਆਂ ਰਚਨਾਵਾਂ ਵਾਂਗ ਸੱਜਰਾ, ਹਮੇਸ਼ਾ ਹੀ ਨਵੇਂ ਅੰਦਾਜ਼ ਵਿੱਚ ਵੱਖਰੀਆਂ ਪਰਤਾਂ ਖੋਲ੍ਹਦਾ।ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਸ਼ਿਵ ਨੂੰ ਪੜ੍ਹਾਂਗੇ ਤਾਂ ਕੁਝ ਨਵਾਂ ਹੀ ਪਾਵਾਂਗੇ। ਉਨ੍ਹਾਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਿਜ ਚ ਪੜ੍ਹਦਿਆਂ ਮੈਂ ਤੇ ਸੁਰਿੰਦਰ ਗਿੱਲ ਨੇ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਦੀ ਸਾਹਿੱਤ ਸਭਾ ਵੱਲੋਂ 1967 ਚ ਸ਼ਿਵ ਕੁਮਾਰ ਨੂੰ ਵਿਦਿਆਰਥੀਆਂ ਦੇ ਰੂਬਰੂ ਕੀਤਾ। ਉਸ ਦੀ ਤਾਜ਼ਗੀ ਅਜੇ ਤੀਕ ਕਾਇਮ ਹੈ।
ਐੱਲ.ਡੀ.ਡੀ.ਟੀ.ਵੀ. ਦੇ ਫੇਸਬੁੱਕ ਲਾਈਵ ਟੈਲੀਕਾਸਟ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਪ੍ਰੋਗਰਾਮ ਦੇ ਉਦਘਾਟਨੀ ਬੋਲ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਹੁਰਾਂ ਸਾਂਝੇ ਕਰਦਿਆਂ ਕਿਹਾ ਕਿ ਸ਼ਿਵ ਕੁਮਾਰ ਸਿਰਫ਼ ਬਿਰਹਾ ਜਾਂ ਰੁਦਨ ਦਾ ਕਵੀ ਹੀ ਨਹੀਂ ਸੀ ਸਗੋਂ ਯੁਗ ਚੇਤਨਾ ਦਾ ਵੀ ਪੇਸ਼ਕਾਰ ਸੀ। ਸ਼ਿਵ ਕੁਮਾਰ ਦੇ ਜੀਵਨ, ਰਚਨਾ ਅਤੇ ਕਲਾਤਮਕ ਪੱਖਾਂ 'ਤੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਨਕਸਲਬਾੜੀ ਲਹਿਰ ਵੇਲੇ ਬਾਬਾ ਬੂਝਾ ਸਿੰਘ ਬਾਰੇ ਸੰਤ ਰਾਮ ਉਦਾਸੀ ਸੀ ਤੇ ਸ਼ਿਵ ਕੁਮਾਰ ਬਟਾਲਵੀ ਨੇ ਹੀ ਕਵਿਤਾਵਾਂ ਲਿਖੀਆਂ।
ਸ਼ਿਵ ਕੁਮਾਰ ਦੀ ਕਵਿਤਾ ਧਰਤੀ ਦੇ ਦੁਖ ਸੁਖ ਵਾਲੀ ਕਮਾਲ ਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਵਿੱਚ ਸ਼ਿਵ ਕੁਮਾਰ ਦੀਆਂ ਕਿਤਾਬਾਂ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪ੍ਰਸਿੱਧ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਸ਼ਿਵ ਕੁਮਾਰ ਦੇ ਚਿਤਰ ਸੋਸ਼ਲ ਮੀਡੀਆ ਰਾਹੀਂ ਘਰ ਘਰ ਪਹੁੰਚਾਏ ਹਨ।
ਇਸ ਉਪਰੰਤ ਲੋਕ ਸੰਗੀਤ ਸੰਭਾਲਕਾਰ,ਮਾਨਸਾ ਤੋਂ ਅਸ਼ੋਕ ਬਾਂਸਲ ਹੁਰਾਂ ਸ਼ਿਵ ਕੁਮਾਰ ਦੇ ਗੀਤਾਂ ਦੀਆਂ ਰਿਕਾਰਡਿੰਗਜ਼ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ਼ਿਵ ਕੁਮਾਰ ਦੇ ਲਿਖਿਆ ਗੀਤ ਆਸਾ ਸਿੰਘ ਮਸਤਾਨਾ ਨੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਗਾਇਆ। ਸੁਰਿੰਦਰ ਕੌਰ ਨੇ ਇੱਕ ਮੇਰੀ ਅੱਖ ਕਾਸ਼ਣੀ ਸ਼ਿਵ ਦਾ ਗੀਤ ਗਾਇਆ।.........
ਉਨ੍ਹਾਂ ਤੋਂ ਬਾਅਦ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਪੰਜਾਬੀ ਵਿਭਾਗ ਅਧਿਆਪਕ ਡਾ. ਨਰੇਸ਼ ਕੁਮਾਰ ਹੁਰਾਂ ਸ਼ਿਵ ਕੁਮਾਰ ਬਟਾਲਵੀ ਬਾਰੇ ਆਲੋਚਨਾਤਮਕ ਨਜ਼ਰੀਏ ਤੋਂ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਪੰਜਾਬੀ ਹੀ ਨਹੀਂ ਸਗੋਂ ਫਾਰਸੀ ਤੇ ਮਿਆਰੀ ਅੰਗਰੇਜ਼ੀ ਵੀ ਜਾਣਦਾ ਸੀ। ਉਨ੍ਹਾਂ ਜ਼ਿਕਰ ਕੀਤਾ ਕਿ ਸ਼ਿਵ ਕੁਮਾਰ ਦੀ ਕਵਿਤਾ ਵਿੱਚ ਨਾ ਹੀ ਸ਼ਰਾਬ ਦਾ ਜ਼ਿਕਰ ਹੈ ਤੇ ਨਾ ਹੀ ਉਸ ਸ਼ਰਾਬ ਪੀ ਕੇ ਕਵਿਤਾ ਲਿਖੀ ਪਰ ਬਹੁਤੇ ਲੋਕ ਦੋਹਾਂ ਚੀਜ਼ਾਂ ਨੂੰ ਰਲਗੱਡ ਕਰਦੇ ਹਨ। ਉਨ੍ਹਾਂਸ਼ਿਵ ਕੁਮਾਰ ਦੀਆਂ ਅੱਠ ਮੁਲਾਕਾਤਾਂ ਅਤੇ ਚਾਰ ਰੇਖਾ ਚਿਤਰਾਂ ਦਾ ਵੀ ਜਿਕਰ ਕੀਤਾ।
ਇਸ ਮਗਰੋਂ ਬਟਾਲਾ ਤੋਂ ਡਾ: ਸਤਨਾਮ ਸਿੰਘ ਨਿੱਜਰ ਹੁਰਾਂ ਤੋਂ ਸ਼ਿਵ ਕੁਮਾਰ ਦੇ ਵਿਆਹ ਵੇਲੇ ਰੈਣ ਬਸੇਰੇ ਦੇ ਹਵਾਲੇ ਨਾਲ ਦੱਸਿਆ ਕਿ ਉਹ ਘਰ ਹੁਣ ਮੇਰੇ ਕੋਲ ਹੈ। ਮੈਂ ਇਸ ਨੂੰ ਅਜਾਇਬ ਘਰ ਚ ਤਬਦੀਲ ਕਰਨਾ ਚਾਹੁੰਦਾ ਹਾਂ ਪਰ ਜੇਕਰ ਸਹਿਯੋਗ ਮਿਲੇ।
ਵਿਚਾਰ ਚਰਚਾ ਉਪਰੰਤ ਸੰਗੀਤ ਦਰਬਾਰ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਵਾਲੇ ਲੋਕ ਗਾਇਕ ਜਸਬੀਰ ਜੱਸੀ ਹੁਰਾਂ ਸ਼ਿਵ ਕੁਮਾਰ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਗਾ ਕੇ ਵਾਹ ਵਾਹ ਖੱਟੀ। ਉਨ੍ਹਾਂ ਤੋਂ ਮਗਰੋਂ ਤਰਲੋਚਨ ਲੋਚੀ,ਪ੍ਰੋ. ਜਸਵਿੰਦਰ ਧਨਾਨਸੂ,ਗੀਤ ਗੁਰਜੀਤ, ਅੰਮ੍ਰਿਤਪਾਲ ਸਿੰਘ ਤੇ ਰਣਜੀਤ ਕੌਰ ਨਜ਼ਮ ਨੇ ਸ਼ਿਵ ਕੁਮਾਰ ਦੀਆਂ ਕਵਿਤਾਵਾਂ ਨੂੰ ਗਾ ਕੇ ਪੇਸ਼ ਕੀਤਾ। ਆਖ਼ਰ ਵਿੱਚ ਡਾ. ਅਸ਼ਵਨੀ ਭੱਲਾ ਹੁਰਾਂ ਸ਼ਾਮਲ ਮਹਿਮਾਨਾਂ ਦਾ ਧੰਨਵਾਦ ਕੀਤਾ।