ਗੁਰਭਜਨ ਗਿੱਲ
ਕੈਲੇਫੋਰਨੀਆ ਵੱਸਦੇ ਡਾ. ਦਲਬੀਰ ਸਿੰਘ ਪੰਨੂ ਦੀ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਗੁਰਦੁਆਰਿਆਂ ਬਾਰੇ ਲਿਖੀ ਰੰਗੀਲ ਪੁਸਤਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰਸੋਂ ਰਾਤ ਪੀ ਟੀ ਯੂ ਸਥਿਤ ਗੁਰੂ ਨਾਨਕ ਅਡੀਟੋਰੀਅਮ ਵਿਖੇ ਲੋਕ ਅਰਪਨ ਕੀਤੀ।
ਮੈਨੂੰ ਅਨੋਖੜਾ ਚਾਅ ਚੜ੍ਹਿਆ ਕਿਉਂਕਿ ਦਲਬੀਰ ਸਾਡਾ ਭਤੀਜ ਹੈ। ਸਾਡੇ ਬੇਲੀ ਚਰਨਜੀਤ ਸਿੰਘ ਪੰਨੂੰ ਦਾ ਸੁਲੱਗ ਸਪੁੱਤਰ। ਦੰਦਾਂ ਦਾ ਵੱਡਾ ਡਾਕਟਰ।
ਖੋਜੀ ਵਿਦਵਾਨ ਲੇਖਕ ਕਦੋਂ ਬਣਿਆ? ਪਤਾ ਹੀ ਨਹੀਂ ਲੱਗਿਆ। ਪਰ ਸਵਾਦ ਬੜਾ ਆਇਆ।
ਪਹਿਲਾਂ ਇਹੀ ਕਿਤਾਬ ਲਾਹੌਰ ਤੇ ਲਾਇਲਪੁਰ ਚ ਲੋਕ ਅਰਪਨ ਹੋਈ ਸੀ। ਇਸ ਬਾਰੇ ਮੇਰੇ ਲਾਹੌਰ ਦੇ ਪੱਤਰਕਾਰ ਮਿੱਤਰ ਨਦੀਮ ਮੁਸ਼ਤਾਕ ਰਾਮੇ ਨੇ ਸਭ ਤੋਂ ਪਹਿਲਾਂ ਦੱਸਿਆ। ਮੂਰਤਾਂ ਵੀ ਘੱਲੀਆਂ।
ਪਰਸੋਂ ਰਾਤ ਅਸੀਂ ਸਭ ਉਸ ਸਮਾਗਮ ਚ ਹਾਜ਼ਰ ਸਾਂ। ਦਲਬੀਰ ਨੀਲੀ ਦਸਤਾਰ ਚ ਵੀ ਮੈਂ ਪਛਾਣ ਲਿਆ। ਬਗਲਗੀਰ ਹੋਇਆ ਤਾਂ ਮੈਂ ਕੰਨ ਚ ਪੁੱਛਿਆ?
ਮੇਰੀ ਕਿਤਾਬ ਕਿੱਥੇ ਹੈ?
ਬੋਲਿਆ,ਦੇ ਕੇ ਹੀ ਅਮਰੀਕਾ ਪਰਤਾਂਗਾ।
ਮੇਰੇ ਨਾਲ ਸਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਬਲਦੀਪ ਸਿੰਘ ਰਾਗੀ ਸੰਗੀਤ ਮਾਰਤੰਡ ਤੇ ਬਾਬਾ ਰਿਆੜਕੀ ਕਾਲਿਜ ਤੁਗਲਵਾਲਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ। ਸਭ ਨੇ ਚਾਅ ਲਿਆ। ਇਸੇ ਰਾਤ ਸਾਨੂੰ ਸਭ ਨੂੰ ਏਥੇ ਨਿਵੇਕਲਾ ਆਦਰ ਮਿਲਿਆ। ਸਨਮਾਨ ਲਫ਼ਜ਼ ਬੜਾ ਨਿੱਕਾ ਹੈ ਏਸ ਆਦਰ ਅੱਗੇ। ਏਨੇ ਵੱਡੇ ਲੋਕਾਂ ਨੂੰ ਮਿਲਣਾ ਕਰਾਮਾਤ ਤੋਂ ਘੱਟ ਨਹੀਂ ਸੀ।
ਵਾਈਸ ਚਾਂਸਲਰ ਡਾ: ਜੈਰੂਪ ਸਿੰਘ, ਬਲਦੇਵ ਸਿੰਘ ਢਿੱਲੋਂ, ਡਾ: ਰਾਜ ਬਹਾਦਰ, ਜਨਰਲ ਜਸਬੀਰ ਸਿੰਘ ਚੀਮਾ, ਡਾ: ਬ ਸ ਘੁੰਮਣ,ਡਾ: ਜਸਪਾਲ ਸਿੰਘ ਸੰਧੂ, ਡਾ: ਅਮਰਜੀਤ ਸਿੰਘ ਨੰਦਾ, ਡਾ: ਮ ਸ ਕੰਗ, ਡਾ: ਕ ਸ ਔਲਖ ਤੇ ਕਿੰਨੇ ਹੋਰ ਨਵੇਂ ਪੁਰਾਣੇ, ਲਿਖਾਰੀ ਚੋਟੀ ਦੇ ਗੁਲਜ਼ਾਰ ਸਿੰਘ ਸੰਧੂ, ਸੁਰਜੀਤ ਪਾਤਰ, ਓਮ ਪ੍ਰਕਾਸ਼ ਗਾਸੋ, ਜਸਬੀਰ ਭੁੱਲਰ , ਸਰਦਾਰ ਪੰਛੀ, ਨਛੱਤਰ, ਲਖਵਿੰਦਰ ਜੌਹਲ ਤੇ ਨਿੰਦਰ ਘੁਗਿਆਣਵੀ ਜਹੇ, ਖਿਡਾਰੀ ਸਿਖ਼ਰਲੇ ਕਿਤੇ ਹਰਚਰਨ ਸਿੰਘ ਓਲੰਪੀਅਨ, ਕਰਤਾਰ ਸਿੰਘ ਪਹਿਲਵਾਨ, ਸੱਜਣ ਸਿੰਘ ਚੀਮਾ, ਪਰਮਦੀਪ ਸਿੰਘ ਤੇਜਾ,ਨਿਰਪਜੀਤ ਸਿੰਘ ਬੇਦੀ, ਬਲਜੀਤ ਸਿੰਘ ਢਿੱਲੋਂ, ਰਾਜਬੀਰ ਕੌਰ, ਮਨਜੀਤ ਕੌਰ, ਅਵਨੀਤ ਸਿੱਧੂ, ਨਵਨੀਤ ਢਿੱਲੋਂ, ਗੁਰਦੇਵ ਸਿੰਘ ਗਿੱਲ ਵਰਗੇ, ਕੌਮਾਂਤਰੀ ਕੋਚ ਬਲਦੇਵ ਸਿੰਘ ਸ਼ਾਹਬਾਦ, ਗੁਰਬਖਸ਼ ਸਿੰਘ ਸੰਧੂ, ਸੁਖਦੇਵ ਸਿੰਘ ਪੰਨੂੰ, ਮਹਿੰਦਰ ਸਿੰਘ ਢਿੱਲੋਂ ਵਰਗੇ, ਗਾਇਕ ਮੁਹੰਮਦ ਸਦੀਕ, ਗੁਰਮੀਤ ਬਾਵਾ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਜਸਬੀਰ ਜੱਸੀ, ਪੂਰਨ ਚੰਦ ਵਡਾਲੀ, ਪੰਮੀ ਬਾਈ, ਹਰਦੀਪ ਮੋਹਾਲੀ ਤੇ ਕਈ ਹੋਰ,ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਕੇ ਬੀਨੂੰ ਢਿੱਲੋਂ ਵਰਗੇ ਹਾਸ ਅਭਿਨੇਤਾ, ਨਿਰਮਲ ਰਿਸ਼ੀ,ਸੁਨੀਤਾ ਧੀਰ,ਪ੍ਰੀਤੀ ਸਪਰੂ ਤੇ ਕਿੰਨੀਆਂ ਹੋਰ ਰੂਹਾਂ।
ਸਿਖਰਲੇ ਸਿੱਖਿਆ ਸ਼ਾਸਤਰੀ, ਅਗਾਂਹ ਵਧੂ ਕਿਸਾਨ ਅਵਤਾਰ ਸਿੰਘ ਢੀਂਡਸਾ, ਜੰਗ ਬਹਾਦਰ ਸਿੰਘ ਸੰਘਾ,ਦੇਵਿੰਦਰ ਸਿੰਘ ਮੁਸ਼ਕਾਬਾਦ, ਜਿੰਦਰ ਸਿੰਘ ਸੰਧੂਆਂ, ਟਿੱਕਾ ਬਲਵਿੰਦਰ ਸਿੰਘ, ਤੀਰਥ ਸਿੰਘ ਸੰਦੌੜ, ਕਰਮਜੀਤ ਕੌਰ ਦਾਨੇਵਾਲੀਆ, ਗੁਰਚਰਨ ਸਿੰਘ ਮਾਨ ਤੁੰਗਵਾਲੀ ਵਰਗੇ।
ਕੁਝ ਲਿਹਾਜੀ ਵੀ ਹੋਣਗੇ, ਏਨਾ ਕੁ ਖੋਟ ਤਾਂ ਸੁਨਿਆਰੇ ਵੀ ਪਾ ਲੈਂਦੇ ਨੇ ਗਹਿਣਾ ਘੜਨ ਲੱਗਿਆਂ।
ਕੁੱਲ ਮਿਲਾ ਕੇ ਚਰਨਜੀਤ ਸਿੰਘ ਚੰਨੀ, ਰਾਹੁਲ ਤਿਵਾੜੀ ਤੇ ਬਾਕੀ ਪ੍ਰਬੰਧਕ ਸਤਿਕਾਰਯੋਗ ਬਣ ਗਏ ਹਨ।
ਏਨੀ ਕੌਸ਼ਲਤਾ ਨਾਲ ਜੇ ਹਰ ਕਾਰਜ ਹੋਣ ਲੱਗ ਪਵੇ ਤਾਂ ਧੰਨਭਾਗ ਹੋਊ।