ਚੰਡੀਗੜ੍ਹ, 12 ਦਸੰਬਰ, 2016 :
'ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ, ਤਲਵਾਰਾਂ‑ਟਕੂਏ‑ਤ੍ਰਿਸ਼ੂਲ ਬਾਹਰ ਆ ਗਏ।
ਦਿੱਖ ਨਾ ਜਾਵਣ ਦਾਗ ਸਿਆਸਤ ਦੇ, ਲੀਡਰ ਧਰਮਾਂ ਦੇ ਬਾਣੇ ਪਾ ਬਾਹਰ ਆ ਗਏ।'
ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵੋਟਾਂ ਦੇ ਪੂਰੀ ਤਰ੍ਹਾਂ ਹਿੰਸਕ ਰੂਪ ਧਾਰਦੇ ਜਾ ਰਹੇ ਦ੍ਰਿਸ਼ ਨੂੰ ਉਭਾਰਦੀ ਦੀਪਕ ਸ਼ਰਮਾ ਚਨਾਰਥਲ ਦੀ ਕਵਿਤਾ ਦੇ ਇਸ ਸ਼ੇਅਰ ਨੇ ਮਹਿਫਲ ਲੁੱਟ ਲਈ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਚ ਸਰਦ ਰੁੱਤ ਤ੍ਰੈਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬੀ ਦੇ ਨਾਲ‑ਨਾਲ ਹਿੰਦੀ ਅਤੇ ਉਰਦੂ ਦੇ ਨਾਮਵਰ ਕਵੀਆਂ ਅਦੇ ਕਵਿੱਤਰੀਆਂ ਨੇ ਜਦੋਂ ਆਪਣੀਆਂ ਨਜ਼ਮਾਂ ਪੜ੍ਹੀਆਂ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਗੰਗਾ, ਯਮਨਾ ਤੇ ਸਰਸਵਤੀ ਮਿਲ ਕੇ ਕਵਿਤਾ ਦੀ ਤ੍ਰਿਵੈਣੀ ਵਗ ਪਈ ਹੋਵੇ।
ਤ੍ਰੈਭਾਸ਼ੀ ਕਵੀ ਦਰਬਾਰ ਦੀ ਸ਼ੁਰੂਆਤ ਤੋਂ ਪਹਿਲਾਂ ਵਿਦੇਸ਼ ਤੋਂ ਵਾਪਸ ਪਰਤੇ ਡਾ. ਗੁਰਮਿੰਦਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ, ਇੰਝ ਹੀ ਵੱਖੋ‑ਵੱਖ ਸੂਬਿਆਂ ਦੀ ਸਾਹਿਤਕ ਸੈਰ ਤੋਂ ਵਾਪਸ ਪਰਤੀ ਸ਼ਾਇਰਾ ਮਨਜੀਤ ਇੰਦਰਾ ਅਤੇ ਰਾਜਿੰਦਰ ਕੌਰ ਦਾ ਸਭਾ ਵਲੋਂ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ ਗਿਆ। ਲੇਖਕ ਸਭਾ ਦੇ ਪ੍ਰਧਾਨ ਸਿਰੀ ਰਾਮ ਅਰਸ਼ ਹੋਰਾਂ ਨੇ ਇਸ ਸਮਾਗਮ ਦੀ ਅਗਵਾਈ ਕਰ ਰਹੇ ਪ੍ਰੇਮ ਵਿੱਜ, ਸੁਨੀਤਾ ਧਾਲੀਵਾਲ ਤੇ ਡਾ. ਸ਼ਾਲਿਨੀ ਸ਼ਰਮਾ ਦਾ ਸਵਾਗਤ ਵੀ ਜਿੱਥੇ ਫੁੱਲਾਂ ਦੇ ਹਾਰਾਂ ਨਾਲ ਕੀਤਾ, ਉਥੇ ਉਨ੍ਹਾਂ ਮਹਿਫਲ ਵਿਚ ਆਏ ਵੱਖੋ‑ਵੱਖ ਰੰਗ ਦੇ ਕਵੀਆਂ, ਗਜ਼ਲਗੋ, ਲੇਖਕਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ। ਇਸ ਉਪਰੰਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪਤੰਗ ਨੇ ਕਵਿਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਕਾਵਿ ਰੂਪ ਰਾਹੀਂ ਕਹੀ ਗੱਲ ਜਿੱਥੇ ਦਿਲ ਵਿਚ ਉਤਰ ਜਾਂਦੀ ਹੈ, ਉਥੇ ਉਹ ਸਦਾ ਲਈ ਅਮਰ ਵੀ ਹੋ ਜਾਂਦੀ ਹੈ ਤੇ ਉਸਦੇ ਅਰਥ ਸਦੀਆਂ ਤੱਕ ਜਿਊਂਦੇ ਰਹਿੰਦੇ ਹਨ ਤੇ ਸ਼ਾਇਦ ਇਸੇ ਲਈ ਸਾਡੇ ਧਾਰਮਿਕ ਗ੍ਰੰਥ ਵੀ ਜ਼ਿਆਦਾਤਰ ਕਾਵਿ ਰੂਪ ਵਿਚ ਹੀ ਰਚੇ ਗਏ ਹਨ। ਉਨ੍ਹਾਂ ਜੀਵਨ ਸਫਰ ਨੂੰ ਹੀ ਕਵਿਤਾ ਦਾ ਨਾਂ ਦਿੱਤਾ।
ਤ੍ਰੈਭਾਸ਼ੀ ਕਵੀ ਦਰਬਾਰ ਦੀ ਸ਼ੁਰੂਆਤ ਵਿਚ ਗੁਰਨਾਮ ਕੰਵਰ ਹੋਰਾਂ ਵਲੋਂ ਜਦੋਂ ਜੋਸ਼ੀਲੀ ਕਵਿਤਾ 'ਮੰਜ਼ਲ ਦੀ ਮੁਟਿਆਰ ਸਾਡੇ ਵਿਹੜੇ ਆਵੇਗੀ' ਪੜ੍ਹੀ ਗਈ ਤਾਂ ਮਹਿਫਲ ਸ਼ੁਰੂਆਤ ਵਿਚ ਹੀ ਜੋਸ਼ ਨਾਲ ਭਰ ਉਠੀ। ਇਸ ਰੰਗ ਨੂੰ ਹੋਰ ਸਿਖ਼ਰ 'ਤੇ ਲੈ ਗਈ ਗੁਰਮਿੰਦਰ ਸਿੱਧੂ ਦੀ ਕਵਿਤਾ 'ਘਰ‑ਘਰ 'ਚ ਵੰਡਦਾ ਹੈ ਹੁਣ ਦਰਦ ਮੌਸਮ', ਫਿਰ ਨੀਲੂ ਤ੍ਰਿਖਾ, ਰਾਜਵੰਤੀ, ਡਾ. ਸ਼ਾਲਿਨੀ ਸ਼ਰਮਾ ਹੋਰਾਂ ਨੇ ਹਿੰਦੀ ਦੇ ਮਿਠਾਸ ਭਰੇ ਸ਼ਬਦਾਂ ਵਾਲੀਆਂ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇੰਝ ਹੀ ਨਾਦਿਰ ਨੇ ਉਰਦੂ ਦੀ, ਜਗਦੀਪ ਨੂਰਾਨੀ ਨੇ ਸ਼ੇਅਰਾਂ ਰਾਹੀਂ, ਡਾ. ਮਾਵੀ ਨੇ ਹਾਸ ਵਿਅੰਗ ਕਵਿਤਾ ਰਾਹੀਂ ਤੇ ਮਠਾਰੂ ਹੋਰਾਂ ਨੇ ਪੰਜਾਬੀ ਗ਼ਜ਼ਲ ਪੇਸ਼ ਕਰਕੇ ਵਾਹ‑ਵਾਹ ਖੱਟੀ। ਡਾ. ਪ੍ਰੀਤਮ ਸੰਧੂ, ਨੌਜਵਾਨ ਸ਼ਾਇਰ ਰਮਨ ਸੰਧੂ, ਸੈਵੀ ਰੈਤ, ਕੇਦਾਰ ਨਾਥ ਕੇਦਾਰ ਤੇ ਭੁਪਿੰਦਰ ਬੇਗਸ ਨੇ ਆਪਣੇ ਸ਼ੇਅਰਾਂ ਨਾਲ ਮਹਿਫਿਲ 'ਤੇ ਆਪਣੀ ਛਾਪ ਛੱਡ ਦਿੱਤੀ।
ਮਨਜੀਤ ਇੰਦਰਾ ਦੀ ਤਰੰਨਮ 'ਚ ਗਾਈ ਗੀਤ ਰੂਪੀ ਕਵਿਤਾ 'ਮੁੜਕੇ ਫਿਰ ਨਾ ਆਏ ਜੋਗੀ', ਡਾ. ਦਲਜੀਤ ਕੌਰ ਦੀ ਹਿੰਦੀ ਕਵਿਤਾ 'ਰਿਸ਼ਤੋਂ ਕਾ ਮਰਨਾ ਜੀਵਨ ਕਾ ਅੰਤ ਨਹੀਂ', ਮੈਡਮ ਬਿਮਲਾ ਦੀ ਨੋਟਬੰਦੀ 'ਤੇ ਵਿਅੰਗੀਮਈ ਕਵਿਤਾ ਨੇ ਤੇ ਮੌਸਮ 'ਤੇ ਰਾਜਿੰਦਰ ਕੌਰ ਦੀ ਕਵਿਤਾ ਨੇ ਕਾਵਿ ਮਹਿਫਲ ਵਿਚ ਤਾੜੀਆਂ ਬਟੋਰ ਲਈਆਂ।
ਇੰਝ ਹੀ ਲੇਖਕ ਸਭਾ ਦੇ ਪ੍ਰਧਾਨ ਸਿਰੀ ਅਰਸ਼ ਦੇ ਢੁੱਕਵੇਂ ਸ਼ੇਅਰਾਂ 'ਤੇ ਜਿੱਥੇ ਸਭ ਅਸ਼‑ਅਸ਼ ਕਰ ਉਠੇ, ਉਥੇ ਦੀਪਕ ਸ਼ਰਮਾ ਚਨਾਰਥਲ ਦੀ ਸਿਆਸੀ ਸਿਸਟਮ 'ਤੇ ਅਤੇ ਚੋਣ ਵਰਤਾਰੇ 'ਤੇ ਟਿੱਪਣੀ ਕਰਦੀ ਕਵਿਤਾ ਨੇ ਤਾਂ ਮਹਿਫਲ ਹੀ ਲੁੱਟ ਲਈ। ਸੁਨੀਤਾ ਧਾਲੀਵਾਲ ਨੇ ਹਿੰਦੀ ਕਵਿਤਾ ਰਾਹੀਂ, ਐਚ.ਐਸ. ਭਾਟੀਆ ਨੇ ਗਜ਼ਲ ਗਾ ਕੇ, ਪ੍ਰੇਮ ਵਿੱਜ ਨੇ ਹਿੰਦੀ ਗਜ਼ਲ ਰਾਹੀਂ, ਦਰਸ਼ਨ ਤਿਊਣਾ ਨੇ ਉਚੀ ਹੇਕ ਵਿਚ ਗੀਤ ਗਾ ਕੇ, ਇੰਝ ਹੀ ਪ੍ਰੋਫੈਸਰ ਬਲਵਿੰਦਰ ਸਿੰਘ, ਲਾਭ ਸਿੰਘ ਲਹਿਰੀ, ਕਵਿੱਤਰੀ ਬਿਮਲਾ, ਕਵੀ ਕਾਹਲੋਂ, ਡਾ. ਪ੍ਰਿਯੰਕਾ, ਸ਼ਸ਼ੀ ਪ੍ਰਭਾ, ਪਾਲ ਅਜਨਬੀ, ਅਮਰਜੀਤ ਹਿਰਦੇ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਆਈ ਬਾਣੀ ਭਾਰਜ ਨੇ ਆਪਣੀਆਂ‑ਆਪਣੀਆਂ ਨਜ਼ਮਾਂ ਰਾਹੀਂ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਮੌਕੇ 'ਤੇ ਮਨਜੀਤ ਕੌਰ ਮੀਤ, ਪਰਮਜੀਤ ਕੌਰ ਪਰਮ ਤੋਂ ਇਲਾਵਾ ਲੇਖਕ ਸਭਾ ਦੇ ਹੋਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਲੇਖਕ ਤੇ ਸਰੋਤੇ ਮੌਜੂਦ ਸਨ। ਪੂਰੇ ਸਮਾਗਮ ਦੌਰਾਨ ਮੰਚ ਸੰਚਾਲਨ ਜਿੱਥੇ ਬਾਖੂਬੀ ਤੌਰ 'ਤੇ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਨੇ ਨਿਭਾਇਆ, ਉਥੇ ਆਖਰ ਵਿਚ ਸਭਨਾਂ ਦਾ ਧੰਨਵਾਦ ਸਭਾ ਦੇ ਵਾਈਸ ਪ੍ਰਧਾਨ ਬਲਕਾਰ ਸਿੰਘ ਸਿੱਧੂ ਹੋਰਾਂ ਨੇ ਕਰਦਿਆਂ ਹੋਇਆਂ ਆਖਿਆ ਕਿ ਪੰਜਾਬੀ, ਹਿੰਦੀ ਅਤੇ ਉਰਦੂ ਦੇ ਕਵੀਆਂ ਨੇ ਆਪਣੇ ਸ਼ਬਦਾਂ ਰਾਹੀਂ ਅੱਜ ਇੱਥੇ ਕਵਿਤਾ ਦੀ ਤ੍ਰਿਵੈਣੀ ਵਗਣ ਲਾ ਦਿੱਤੀ ਹੈ। ਉਨ੍ਹਾਂ ਸਭਾ ਵਲੋਂ ਸਭ ਦਾ ਧੰਨਵਾਦ ਕੀਤਾ।