ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਸੰਸਾਰ ਪ੍ਰਸਿੱਧ ਜਪਾਨੀ ਕਿਤਾਬ ਇਕੀਗਾਈ ਦਾ ਪੰਜਾਬੀ ਅਨੁਵਾਦ ਰਿਲੀਜ਼ ਕੀਤਾ
ਲੁਧਿਆਣਾ 28 ਸਤੰਬਰ 2023- ਅੱਜ ਪੀ.ਏ.ਯੂ. ਵਿਚ ਹੋਏ ਇਕ ਸੰਖੇਪ ਸਮਾਰੋਹ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਪੰਜਾਬ ਰਾਜ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਊੱਘੇ ਅਰਥ ਸ਼ਾਸਤਰੀ ਡਾ. ਸੁਖਪਾਲ ਸਿੰਘ ਨੇ ਆਪਣੇ ਕਰ-ਕਮਲਾਂ ਨਾਲ ਸੰਸਾਰ ਪ੍ਰਸਿੱਧ ਜਪਾਨੀ ਕਿਤਾਬ ਇਕੀਗਾਈ ਦਾ ਪੰਜਾਬੀ ਅਨੁਵਾਦ ਲੋਕ ਅਰਪਣ ਕੀਤਾ| ਇਹ ਅਨੁਵਾਦ ਸੰਚਾਰ ਕੇਂਦਰ ਵਿਚ ਪੰਜਾਬੀ ਦੇ ਸੰਪਾਦਕ ਵਜੋਂ ਸੇਵਾ ਨਿਭਾ ਰਹੇ ਡਾ. ਜਗਵਿੰਦਰ ਜੋਧਾ ਨੇ ਕੀਤਾ ਹੈ|
ਵਾਈਸ ਚਾਂਸਲਰ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਬੀਤੇ ਸਮੇਂ ਤੋਂ ਸੰਸਾਰ ਦੀਆਂ ਪ੍ਰਸਿੱਧ ਕਿਤਾਬਾਂ ਨੂੰ ਸਥਾਨਕ ਭਾਸ਼ਾਵਾਂ ਵਿਚ ਅਨੁਵਾਦਨ ਦੀ ਰੁਚੀ ਵਧੀ ਹੈ ਅਤੇ ਇਹ ਸਥਾਨਕ ਪਾਠਕਾਂ ਲਈ ਚੰਗੀ ਗੱਲ ਹੈ| ਉਹਨਾਂ ਕਿਹਾ ਕਿ ਜਪਾਨ ਦੀ ਇਸ ਕਿਤਾਬ ਨੂੰ ਪੂਰੀ ਦੁਨੀਆਂ ਵਿਚ ਪੜ੍ਹਿਆ ਜਾ ਰਿਹਾ ਹੈ ਅਤੇ ਦੁਨੀਆਂ ਦੇ ਲੋਕ ਜੀਣ ਦੇ ਜਪਾਨੀ ਤਰੀਕਿਆਂ ਨੂੰ ਅਪਣਾ ਕੇ ਆਪਣੇ ਆਪ ਨੂੰ ਤਨਾਅ ਮੁਕਤ ਅਤੇ ਲੰਮੇਰੀ ਉਮਰ ਵਾਲਾ ਬਨਾਉਣ ਦੀ ਕੋਸ਼ਿਸ਼ ਕਰ ਰਹੇ ਹਨ| ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਇਸ ਕਿਤਾਬ ਨੂੰ ਪੰਜਾਬੀ ਪਾਠਕ ਪਸੰਦ ਕਰਨਗੇ| ਡਾ. ਸੁਖਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਤਾਬ ਦੇ ਅਨੁਵਾਦਕ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਮੌਜੂਦਾ ਦੌਰ ਵਿਚ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਕੰਮਕਾਜ ਵਾਲੇ ਥਾਵਾਂ ਤੇ ਤਨਾਅ ਰਹਿਤ ਵਿਹਾਰ ਮਨੁੱਖ ਦੀ ਉਮਰ ਵਿਚ ਵਾਧਾ ਕਰਨ ਦਾ ਸਬੱਬ ਬਣੇਗਾ ਅਤੇ ਇਸਦਾ ਰਸਤਾ ਇਸ ਕਿਤਾਬ ਤੋਂ ਹੋ ਕੇ ਜਾਂਦਾ ਹੈ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸੰਚਾਰ ਕੇਂਦਰ ਦੀਆਂ ਪ੍ਰਕਾਸ਼ਨ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਭਾਗ ਦੇ ਅਧਿਆਪਕਾਂ ਨੂੰ ਖੇਤੀ ਦੇ ਨਾਲ-ਨਾਲ ਹੋਰ ਵਿਸ਼ਿਆਂ ਦੀਆਂ ਬਿਹਤਰੀਨ ਕਿਤਾਬਾਂ ਦੇ ਅਨੁਵਾਦ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਇਹ ਕਿਤਾਬ ਭਾਵੇਂ ਇਕ ਨਿੱਜੀ ਪ੍ਰਕਾਸ਼ਕ ਨੇ ਛਾਪੀ ਹੈ ਪਰ ਇਸ ਦੇ ਅਨੁਵਾਦ ਪਿੱਛੇ ਸੰਚਾਰ ਕੇਂਦਰ ਦੀ ਸਿਰਜਣਾਤਮਕ ਊਰਜਾ ਵੀ ਗਤੀਸ਼ੀਲ ਹੈ| ਇਸ ਮੌਕੇ ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਪੂਨੀਆ ਅਤੇ ਹੋਰ ਅਧਿਆਪਕ ਅਤੇ ਗੈਰ ਅਧਿਆਪਨ ਅਮਲੇ ਦੇ ਕਰਮਚਾਰੀ ਮੌਜੂਦ ਰਹੇ|