ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਦਾ ਵਿਦਿਆਰਥੀਆਂ ਨਾਲ ਰੂਬਰੂ
- ਵਿਦਿਆਰਥੀਆਂ ਨੂੰ ਰੂਬਰੂ ਨਾਲ ਯੋਗ ਅਗਵਾਈ ਮਿਲਦੀ ਹੈ-ਪ੍ਰਿੰਸੀਪਲ ਜਰਨੈਲ ਸਿੰਘ
ਪਟਿਆਲਾ, 2 ਅਕਤੂਬਰ 2021 - ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਸਾਹਿਤ ਅਕਾਦਮੀ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ ਸਿੰਘ 'ਆਸ਼ਟ' ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੌੜਾਂ ਵਿਖੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਇਆ ਗਿਆ।ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਹ ਸ਼ਾਨਦਾਰ ਸਮਾਗਮ ਸਕੂਲ ਦੇ ਪ੍ਰਿੰਸੀਪਲ ਜਰਨੈਲ ਸਿੰਘ ਦੀ ਰਹਿਨੁਮਾਈ ਹੇਠ ਆਯੋਜਿਤ ਕੀਤਾ ਗਿਆ।ਇਸ ਮੌਕੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਵਿਦਿਆਰਥੀਆਂ ਨਾਲ ਰੂਬਰੂ ਦੌਰਾਨ ਕਿਹਾ ਕਿ ਵਰਤਮਾਨ ਸਮੇਂ ਵਿਚ ਪੰਜਾਬੀ ਪੀੜ੍ਹੀ ਆਪਣੀ ਮਾਂ ਬੋਲੀ ਅਤੇ ਸਭਿਆਚਾਰ ਨਾਲੋਂ ਟੁੱਟਦੀ ਜਾ ਰਹੀ ਹੈ।
ਇਸ ਸਥਿਤੀ ਵਿਚ ਵਿਦਿਆਰਥੀਆਂ ਦੇ ਮਨਾਂ ਵਿਚ ਚੇਤਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਪੰਜਾਬ ਦੀਆਂ ਮੁੱਲਵਾਨ ਅਤੇ ਨਿੱਗਰ ਕਦਰਾਂ ਕੀਮਤਾਂ ਨਾਲ ਜੁੜੇ ਰਹਿ ਸਕਣ।ਸਕੂਲ ਦੇ ਪ੍ਰਿੰਸੀਪਲ ਜਰਨੈਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਨਾਲ ਡਾ. ਦਰਸ਼ਨ ਸਿੰਘ ਆਸ਼ਟ ਨਾਲ ਰੂਬਰੂ ਕਰਵਾਉਣ ਦਾ ਮਕਸਦ ਵਿਦਿਆਰਥੀ ਵਿਚ ਛੁਪੀ ਹੋਈ ਸਿਰਜਣਾਤਮਕ ਪ੍ਰਤਿਭਾ ਨੂੰ ਹੁਲਾਰਾ ਅਤੇ ਯੋਗ ਅਗਵਾਈ ਦੇਣਾ ਹੈ ਤਾਂ ਜੋ ਵਿਦਿਆਰਥੀ ਸਿੱਖਿਆ ਦੇ ਮਹੱਤਵ ਨੂੰ ਆਸਾਨੀ ਨਾਲ ਸਮਝ ਸਕਣ।ਇਸ ਦੌਰਾਨ ਵਿਦਿਆਰਥੀਆਂ ਨੇ ਡਾ. ਆਸ਼ਟ ਦੀਆਂ ਵੱਖ ਵੱਖ ਸ਼੍ਰੇਣੀਆਂ ਦੀਆਂ ਪੰਜਾਬੀ ਪਾਠ ਪੁਸਤਕਾਂ ਵਿਚ ਸਿਲੇਬਸ ਵਜੋਂ ਲੱਗੀਆਂ ਕਹਾਣੀਆਂ ਤੇ ਕਵਿਤਾਵਾਂ ਨੂੰ ਸੁਣਾ ਕੇ ਵਾਹ ਵਾਹ ਖੱਟੀ।
ਸਮਾਗਮ ਦਾ ਮੰਚ ਸੰਚਾਲਨ ਸ੍ਰੀ ਹਰਪ੍ਰੀਤ ਸਿੰਘ ਭੰਗੂ ਅਤੇ ਸ੍ਰੀ ਜੰਗੀਰ ਸਿੰਘ ਨੇ ਸਾਂਝੇ ਤੌਰ ਤੇ ਬਾਖ਼ੂਬੀ ਨਿਭਾਇਆ।ਇਸ ਸਮੇਂ ਲੈਕਚਰਾਰ ਰਾਮ ਸਿੰਘ, ਬਲਵੀਰ ਸਿੰਘ, ਨਿਰਮਲ ਕੌਰ ਸਿੱਧੂ, ਤੇਜਿੰਦਰ ਕੌਰ,ਹਰਦੀਪ ਕੌਰ,ਸੁਖਦੀਪ ਕੌਰ ਆਦਿ ਤੋਂ ਇਲਾਵਾ ਸਮੁੱਚਾ ਅਧਿਆਪਨ ਅਤੇ ਗ਼ੈਰ ਅਧਿਆਪਨ ਸਟਾਫ਼ ਵੀ ਸ਼ਾਮਿਲ ਸੀ।
ਅੰਤ ਵਿਚ ਵੱਖ ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ੲਨਾਮ ਵੀ ਤਕਸੀਮ ਕੀਤੇ ਗਏ।