ਉੱਘੇ ਕਵੀ ਬਲਬੀਰ ਜਲਾਲਾਬਾਦੀ ਤੇ ਅਮਰਜੀਤ ਕਸਕ ਨਾਲ ਰੂ-ਬ-ਰੂ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ , 10 ਦਸੰਬਰ 2023:- ਸਾਂਝਾ ਸਾਹਿਤਕ ਮੰਚ ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ ਭਾਦਸੋਂ ਰੋਡ ਪਟਿਆਲਾ ਵਿਖੇ ਇਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਹਰਦੀਪ ਸੱਭਰਵਾਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੋਡ, ਪਾਲ ਖਰੋਡ ਤੇ ਢੱਲ ਗੁਰਮੀਤ ਵਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਉੱਘੇ ਕਵੀ ਬਲਬੀਰ ਜਲਾਲਾਬਾਦੀ ਤੇ ਅਮਰਜੀਤ ਕਸਕ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਮੰਚ ਸੰਚਾਲਨ ਕਰਦੇ ਹੋਏ ਨਵਦੀਪ ਸਿੰਘ ਮੁੰਡੀ ਨੇ ਕਵੀ ਦਰਬਾਰ ਸ਼ੁਰੂ ਕਰਵਾਇਆ। ਹਾਜ਼ਰੀਨ ਕਵੀਆਂ ਹਰਦੀਪ ਸੱਭਰਵਾਲ, ਸੁਖਵਿੰਦਰ ਚਹਿਲ, ਗੁਰਮੀਤ ਢੱਲ, ਜੰਟੀ ਬੇਤਾਬ, ਬਚਨ ਸਿੰਘ ਗੁਰਮ, ਕੁਲਵੰਤ ਸੈਦੋਕੇ, ਹਰਵਿੰਦਰ ਸਿੰਘ ਗੁਲਾਮ, ਰਾਜਿੰਦਰ ਸਿੰਘ ਰਾਜਨ ਤੇ ਕੁਲਵੰਤ ਖਨੌਰੀ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਭਰੀ। ਉਪਰੰਤ ਨਵਦੀਪ ਸਿੰਘ ਮੁੰਡੀ ਨੇ ਬਲਬੀਰ ਜਲਾਲਾਬਾਦੀ ਤੇ ਅਮਰਜੀਤ ਕਸਕ ਨਾਲ ਹਾਜ਼ਰੀਨ ਦੀ ਸੰਖੇਪ ਜਾਣ ਪਛਾਣ ਕਰਵਾਈ। ਗੱਲਬਾਤ ਦਾ ਸਿਲਸਿਲਾ ਵਧਾਉਂਦੇ ਹੋਏ ਬਲਬੀਰ ਜਲਾਲਾਬਾਦੀ ਨੇ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਨੂੰ ਜੀਵਨ ਦੇ ਸੰਘਰਸ਼ ਨਾਲ ਜੋੜਦਿਆਂ ਦੱਸਿਆ ਕਿ ਸ਼ੁਰੂਆਤੀ ਗੀਤਕਾਰੀ ਤੋਂ ਉਹ ਮਨੁੱਖਤਾ ਵਾਦੀ ਕਵਿਤਾ ਵੱਲ ਆਏ।
ਉਹਨਾਂ ਕਿਹਾ ਕਿ ਕਵੀ ਦੀ ਲੇਖਣੀ ਤੇ ਉਸਦਾ ਕਿਰਦਾਰ ਇਕ ਹੋਣਾ ਚਾਹੀਦਾ। ਕਥਨੀ ਤੇ ਕਰਨੀ ਵਿਚ ਫਰਕ ਹੋਣ ਨਾਲ ਰਚਨਾ ਪ੍ਰਭਾਵਹੀਣ ਹੋ ਜਾਂਦੀ ਹੈ। ਅਮਰਜੀਤ ਕਸਕ ਨੇ ਕਵਿਤਾ ਤੇ ਅਧਿਆਤਮ ਦੇ ਜੁੜਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਹਰ ਕਵਿਤਾ ਦਾ ਆਪਣਾ ਪਾਠਕ ਵਰਗ ਹੁੰਦਾ ਹੈ। ਗੱਲਬਾਤ ਦੇ ਦੌਰਾਨ ਉਹਨਾਂ ਕਿਹਾ ਕਿ ਕੋਈ ਵੀ ਵਿਚਾਰ ਅੰਤਿਮ ਨਹੀਂ ਹੁੰਦਾ, ਤੇ ਪਰਿਵਰਤਨ ਹੀ ਮਨੁੱਖ ਨੂੰ ਗਤੀਸ਼ੀਲ ਰੱਖਦਾ ਹੈ । ਨਵਦੀਪ ਸਿੰਘ ਮੁੰਡੀ ਨੇ ਕਿਹਾ ਕਿ ਯੁਵਾ ਕਵੀਆਂ ਨੂੰ ਆਪਣੇ ਸੀਨੀਅਰ ਕਵੀਆਂ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਤਾਂ ਹੀ ਉਹ ਉਹਨਾਂ ਤੋਂ ਸੇਧ ਹਾਸਿਲ ਕਰ ਸਕਦੇ ਹਨ । ਅਮਰਜੀਤ ਖਰੋਡ, ਪਾਲ ਖਰੋਡ ਤੇ ਸੁਖਬੀਰ ਸਿੰਘ ਨੇ ਸਰੋਤਾ ਹੋਣਾ ਸਿਖਾਇਆ।ਇਸ ਆਯੋਜਨ ਵਿਚ ਗੁਰਮੀਤ ਢੱਲ, ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੋਡ ਤੇ ਪਾਲ ਖਰੋਡ ਨੇ ਮੇਜ਼ਬਾਨ ਦੀ ਭੂਮਿਕਾ ਬਾਖੂਬੀ ਨਿਭਾਈ। ਹਰਦੀਪ ਸੱਭਰਵਾਲ ਨੇ ਸਾਂਝਾ ਸਾਹਿਤਕ ਮੰਚ ਵਲੋਂ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਪਰੰਤ ਸਾਂਝਾ ਸਾਹਿਤਕ ਮੰਚ ਵਲੋਂ ਬਲਬੀਰ ਜਲਾਲਾਬਾਦੀ ਤੇ ਅਮਰਜੀਤ ਕਸਕ ਦਾ ਸਨਮਾਨ ਕੀਤਾ ਗਿਆ।