ਮੇਰੀ ਨਜ਼ਰ ਵਿੱਚ ਵਕਤ ਕਸ਼ੀਦ ਕੇ ਸ਼ਬਦਾਂ 'ਚ ਢਾਲਣ ਦਾ ਨਾਮ ਹੈ - ਮਨਜਿੰਦਰ ਧਨੋਆ ਦਾ ਗ਼ਜ਼ਲ ਸੰਗ੍ਰਹਿ "ਸੁਰਮ ਸਲਾਈ" - ਪ੍ਰੋਃਸੁਖਵੰਤ ਸਿੰਘ ਗਿੱਲ
ਬਟਾਲਾ (ਗੁਰਦਾਸਪੁਰ), 27 ਜਨਵਰੀ 2022 - 29 ਦਸੰਬਰ 2021 ਨੂੰ ਮੇਰਾ ਛੋਟਾ ਵੀਰ ਗੁਰਭਜਨ ਗਿੱਲ, ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਜਸਵਿੰਦਰ ਕੌਰ ਅਤੇ ਪਿਆਰੇ ਸ਼ਾਇਰ ਮਨਜਿੰਦਰ ਧਨੋਆ, ਇੱਕਠੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਗਏ ਸਨ। ਉਹ 28 ਦਸੰਬਰ ਨੂੰ ਲੁਧਿਆਣੇ ਤੋਂ ਬਟਾਲੇ ਆ ਕੇ ਰਾਤ ਸਾਡੇ ਕੋਲ ਠਹਿਰੇ।
ਉਹਨਾਂ ਦਾ ਸਾਡੇ ਕੋਲ ਰਾਤ ਠਹਿਰਨਾ ਅਤੇ ਸਵੇਰੇ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾਣਾ, ਸਾਨੂੰ ਬਹੁਤ ਵਧੀਆ ਲੱਗਾ। ਉਹ ਮੈਨੂੰ ਕੁਝ ਕਿਤਾਬਾਂ ਪੜ੍ਹਨ ਲਈ ਵੀ ਦੇ ਕੇ ਗਏ ਸਨ। ਇਹਨਾਂ ਵਿੱਚੋਂ ਇੱਕ ਕਿਤਾਬ ਸ੍ਰ ਮਨਜਿੰਦਰ ਧਨੋਆ ਜੀ ਦਾ ਪਲੇਠਾ ਗ਼ਜ਼ਲ ਸੰਗ੍ਰਹਿ "ਸੁਰਮ ਸਲਾਈ" ਵੀ ਸੀ।
ਇਹ ਗ਼ਜ਼ਲ ਸੰਗ੍ਰਹਿ, ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਕੁਝ ਸਮਾਂ ਪਹਿਲਾਂ ਪ੍ਰਕਾਸ਼ਿਤ ਕੀਤਾ ਹੈ।
ਇਸ ਦੀ ਦਿੱਖ ਬਹੁਤ ਵਧੀਆ ਹੈ। ਇੰਝ ਲੱਗਦਾ ਹੈ ਕਿ ਇਹ ਕਿਤਾਬ ਤਿਆਰ ਕਰਨ ਵਿੱਚ, ਉਹਨਾਂ ਲਈ ਇਕ ਅਹਿਮ ਪ੍ਰੇਰਨਾ ਸਰੋਤ, ਉਹਨਾਂ ਦਾ ਪੰਜਾਬੀ ਭਵਨ ਲੁਧਿਆਣਾ ਨਾਲ ਜੁੜਨਾ ਸੀ।
ਉਹਨਾਂ ਨੇ ਆਪਣੀ ਇਹ ਪੁਸਤਕ
ਸਮਰਪਣ ਵੀ ਆਪਣੇ ਸਤਿਕਾਰਯੋਗ ਵੱਡਿਆਂ, ਨਿੱਕਿਆਂ ਅਤੇ ਸਮੂਹ ਸਨੇਹੀਆਂ ਦੇ ਨਾਂ, ਜਿਨ੍ਹਾਂ ਨੇ ਮੈਨੂੰ ਪੰਜਾਬੀ ਭਵਨ ਲੁਧਿਆਣਾ ਨਾਲ ਜੁੜਨ ਅਤੇ ਸ਼ਬਦ ਸਾਧਨਾਂ ਲੲੀ ਸਮਾਂ ਅਤੇ ਸਨੇਹ ਬਖਸ਼ਿਆ" ਨੂੰ ਕੀਤੀ ਹੈ।
ਉਹਨਾਂ ਨੇ ਆਪਣੀ ਇਹ ਸਿਰਜਣਾ ਕਿਸ ਉਦੇਸ਼ ਨਾਲ ਕੀਤੀ ਹੈ? ਨੂੰ ਸਪਸ਼ਟ ਕਰਦਿਆਂ ਮਨਜਿੰਦਰ ਧਨੋਆ ਇਸ ਪੁਸਤਕ ਦੇ ਸ਼ੁਰੂ ਵਿੱਚ ਹੀ ਬਾਖੂਬੀ ਲਿਖਦੇ ਹਨ:
"ਗੀਤ ਗ਼ਜ਼ਲ ਕਵਿਤਾਵਾਂ ਦੀ ਅੱਖ ਮੈਲੀ ਕਦੇ ਨਾ ਹੋਵੇ,
ਤਾਹੀਓਂ ਸ਼ਬਦਾਂ ਦੇ ਨੈਣੀਂ ਮੈਂ "ਸੁਰਮ ਸਲਾਈ" ਪਾਵਾਂ।"
ਉਹਨਾਂ ਵੱਲੋਂ ਇਸ ਪਲੇਠੇ ਗ਼ਜ਼ਲ-ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਮਕਸਦ ਕੇਵਲ ਆਪਣੇ ਨਾਂ ਨਾਲ ਇਕ ਪੁਸਤਕ ਦੇ ਸਿਰਜਣਹਾਰ ਦਾ ਰੁਤਬਾ ਪ੍ਰਾਪਤ ਕਰਨਾ ਹੀ ਨਹੀਂ ਹੈ, ਸਗੋਂ ਉਹਨਾਂ ਨੇ ਤਾਂ ਪ੍ਰਸਿੱਧ ਉਸਤਾਦ ਗ਼ਜ਼ਲਗੋ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਹ ਕਸਵੱਟੀ ਅਨੁਸਾਰ ਕਿ:
ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ,
ਚਿਤਰੀਏ ਤਾਂ ਝੁੱਗੀਆਂ ਦੇ ਮੂੰਹ ਗੀਤਾਂ 'ਚ ਢਾਰੇ ਟੰਗ ਦਈਏ।"
ਉਹਨਾਂ ਆਪਣੀ ਗ਼ਜ਼ਲ ਕਹਿਣ ਦੀ ਕਲਾ ਨੂੰ ਗੂੰਗੀ ਧਰਤ ਦੀ ਆਵਾਜ਼ ਬਣਾਉਣ ਲਈ ਇਕ ਸੁਹਿਰਦ ਯਤਨ ਕੀਤਾ ਹੈ।ਇਸ ਸਬੰਧੀ ਉਨ੍ਹਾਂ ਦੇ ਇਹਨਾਂ ਬੋਲਾਂ ਨੂੰ ਸੁਣੋ:
"ਮੈਂ ਗੂੰਗੀ ਧਰਤ ਦੀ ਆਵਾਜ਼ ਬਣ ਕੇ ਆ ਗਿਆ ਵਾਂ,
ਤੇ ਚੁੱਪ ਦੀ ਪੀੜ ਨੂੰ ਕੁਹਰਾਮ ਤਕ ਲੈ ਆਇਆ ਹਾਂ।
ਤੁਹਾਡੇ ਹੱਥ ਵਿਚ ਹੁਣ ਹੈ ਵਤਨ ਦੀ ਆਬਰੂ, ਮੈਂ ਤਾਂ,
ਸੁਨੇਹਾ ਵਕਤ ਦਾ ਅਵਾਮ ਤਕ ਲੈ ਆਇਆ ਹਾਂ।"
ਇਸੇ ਤਰ੍ਹਾਂ ਸ੍ਰੀ ਗੂਰੁ ਨਾਨਕ ਦੇਵ ਜੀ ਨੇ ਸਾਡੇ ਸਾਰਿਆਂ ਲਈ ਸੱਚ ਦਾ ਸੁਨੇਹਾ ਦੇ ਕੇ "ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ" ਦਾ ਏਜੰਡਾ ਸਾਡੇ ਸਾਰਿਆਂ ਲਈ ਨਿਸਚਿਤ ਕੀਤਾ ਸੀ। ਪਰ "ਭਗਤ ਸਿੰਘ ਜੰਮੇ ਤਾਂ ਜ਼ਰੂਰ, ਪਰ ਸਾਡੇ ਘਰ ਨਹੀਂ, ਸਗੋਂ ਗੁਆਂਢੀਆਂ ਵੱਲ ਜੰਮੇ" ਦੇ ਸਾਡੇ ਪ੍ਰਚਲਿਤ ਸਭਿਆਚਾਰ ਅਨੁਸਾਰ, ਸਾਨੂੰ ਆਪਣੇ ਘਰਾਂ ਅੰਦਰ ਜਾਂ ਬਾਹਰ, ਚਾਰੇ ਪਾਸੇ ਮੌਜੂਦਾ ਦਾਨਿਸ਼ਮੰਦਾਂ ਕੋਲੋਂ "ਐਨਾ ਸੱਚ ਨਾ ਬੋਲ" ਦਾ ਉਪਦੇਸ਼ ਹੀ ਸੁਣਨ ਨੂੰ ਮਿਲਦਾ ਹੈ, ਪਰ ਸ੍ਰ ਮਨਜਿੰਦਰ ਸਿੰਘ ਧਨੋਆ "ਐਨਾ ਸੱਚ ਨਾ ਬੋਲ" ਉਪਦੇਸ਼ ਨੂੰ ਨਹੀਂ ਸੁਣਦੇ, ਸਗੋਂ ਇਹ ਕਹਿੰਦੇ ਹਨ:
"ਮੈਂ ਜੇਕਰ ਸੱਚ ਬੋਲਣ ਦੀ ਹਮਾਕਤ ਖੁਦ ਹੀ ਕੀਤੀ ਹੈ,
ਤਾਂ ਇਸ ਦੀ ਆਪਣੀ ਪੀੜਾ ਵੀ ਆਪੇ ਸਹਿਣ ਦੇ ਮੈਨੂੰ।
ਜੇ ਦਿਲ ਦਰਿਆ ਮਿਟਾ ਦੇਵੇ ਸਮੁੰਦਰ ਦੀ ਕੀ ਹਸਤੀ ਹੈ,
ਮੈਂ ਪਰਤਾਂਗਾ ਘਟਾ ਬਣ ਕੇ ਜ਼ਰਾ ਉੱਡ ਲੈਣ ਦੇ ਮੈਨੂੰ।"
ਆਪਸੀ ਸਾਂਝ, ਮੁਹੱਬਤ ਰਾਹੀਂ ਧਾਰਮਿਕ ਸਹਿਣਸ਼ੀਲਤਾ ਦਾ ਸਬਕ ਦਿੰਦੇ ਹੋਏ ਉਨ੍ਹਾਂ ਲਿਖਿਆ ਹੈ:
"ਭਾਵੇਂ ਕਰ ਲੈ ਕੰਧ ਮੁਹੱਬਤਾਂ ਬੋਲਦੀਆਂ।
ਇਹ ਤਾਂ ਨਿਰੀ ਸੁਗੰਧ ਮੁਹੱਬਤਾਂ ਬੋਲਦੀਆਂ।
ਕੋਈ ਕਰੇ ਡੰਡੋਤ ਤੇ ਕੋਈ ਪੜ੍ਹੇ ਨਮਾਜ਼,
ਆਪਨੇ ਆਪਨੇ ਢੰਗ ਮੁਹੱਬਤਾਂ ਬੋਲਦੀਆਂ।"
ਉਹਨਾਂ ਦੀ ਇਸ ਕਿਰਤ ਦੀ ਮਹੱਤਤਾ ਇਸ ਪੱਖੋਂ ਜੱਗ ਜ਼ਾਹਰ ਹੈ ਜਾਂਦੀ ਹੈ ਕਿ ਪੰਜਾਬੀ ਸਾਹਿਤ ਜਗਤ ਦੇ ਨਾਮਵਰ ਹਸਤਾਖ਼ਰ
ਸੁਰਜੀਤ ਪਾਤਰ ਤੋਂ ਲੈ ਕੇ ਨਾਮਵਰ ਕਵੀ ਸ੍ਰੀ ਸਤੀਸ਼ ਗੁਲਾਟੀ ਤੱਕ ਸਾਰਿਆਂ ਹੀ ਨਾਮਵਰ ਸਾਹਿਤਕਾਰਾਂ ਨੇ ਇਸ ਪੁਸਤਕ ਨੂੰ ਖੁਸ਼ਆਮਦੀਦ ਆਖਿਆ ਹੈ।
ਸੁਰਜੀਤ ਪਾਤਰ ਨੇ ਇਸ ਮਨਜਿੰਦਰ ਧਨੋਆ ਬਾਰੇ ਲਿਖਿਆ ਹੈ ਕਿ "ਮਨਜਿੰਦਰ ਧਨੋਆ ਸਾਡੇ ਉਨ੍ਹਾਂ ਨਵੇਂ ਨਵੇਲੇ ਸ਼ਾਇਰਾਂ ਵਿਚੋਂ ਹੈ ਜਿਹੜੇ ਪੰਜਾਬੀ ਗ਼ਜ਼ਲ ਦੇ ਉਜਲੇ ਭਵਿੱਖ ਦੇ ਜ਼ਾਮਨ ਹਨ।
ਉਹ ਨਿੱਗਰ ਜ਼ਮੀਨੀ ਹਕੀਕਤਾਂ ਦਾ ਸ਼ਾਇਰ ਹੈ। ਉਸ ਦੀ ਭਾਸ਼ਾ ਦਾ ਟੈਕਸਚਰ ਧਰਤੀ ਵਰਗਾ ਹੈ ਜਾਂ ਲਿੱਪੇ ਹੋਏ ਘਰ ਵਰਗਾ।
ਉਸ ਦੀ ਪਹਿਲ ਪਲੇਠੀ ਪੁਸਤਕ ਦੇ ਪ੍ਰਕਾਸ਼ਨ ਵੇਲੇ ਉਸਨੂੰ ਬਹੁਤ ਬਹੁਤ ਮੁਬਾਰਕ।"
ਗੁਰਭਜਨ ਗਿੱਲ ਨੇ ਸੁਰਮ ਸਲਾਈ- ਦਾ ਸਵਾਗਤ ਕਰਦਿਆਂ ਲਿਖਿਆ ਹੈ "ਮਨਜਿੰਦਰ ਸਿੰਘ ਧਨੋਆ ਹਿੰਮਤੀ, ਉਤਸ਼ਾਹੀ ਅਤੇ ਨਿਰੰਤਰ ਸਾਧਨਾ ਨੂੰ ਪਰਨਾਇਆ ਉਹ ਸ਼ਬਦ ਸਾਧਕ ਹੈ ਜਿਸ ਨੇ ਗ਼ਜ਼ਲ ਦੇ ਰੂਪ ਵਿਧਾਨ ਦੀ ਥਾਹ ਪਾਉਣ ਤੋਂ ਬਾਅਦ ਆਪਣੀ ਸਿਰਜਣਾ ਰਾਹੀਂ ਕਾਵਿ ਸ਼ਕਤੀ ਦਾ ਲੋਹਾ ਮੰਨਵਾਇਆ ਹੈ। ਪਹਿਲਾਂ ਪਹਿਲ ਉਹ ਗੀਤ ਅਤੇ ਨਜ਼ਮ ਦਾ ਸ਼ਾਇਰ ਸੀ, ਪਰ ਹੁਣ ਉਸ ਨੇ ਗ਼ਜ਼ਲ ਨੂੰ ਵੀ ਨਵੇਂ ਮੁਹਾਂਦਰੇ ਵਿੱਚ ਢਾਲ ਕੇ ਆਪਣੇ ਆਪ ਨੂੰ ਜ਼ਿੰਮੇਵਾਰ ਸ਼ਾਇਰਾਂ ਵਿੱਚ ਸ਼ਾਮਿਲ ਕਰ ਲਿਆ ਹੈ।"
ਪੰਜਾਬੀ ਸ਼ਾਇਰ ਜਸਵਿੰਦਰ ਨੇ ਸੁਰਮ ਸਲਾਈ-ਬਾਰੇ ਲਿਖਦੇ ਹਨ "ਪੰਜਾਬੀ ਗ਼ਜ਼ਲ ਦੇ ਬਹੁਰੰਗੇ ਗੁਲਦਸਤੇ ਵਿੱਚ ਮਨਜਿੰਦਰ ਧਨੋਆ ਦੇ ਰੰਗ ਤੇ ਮਹਿਕਾਂ ਭਰਪੂਰ ਬੋਲ ਦਿਲ ਨੂੰ ਸਕੂਨ ਦਿੰਦੇ ਨੇ। ਉਸ ਕੋਲ ਅਹਿਸਾਸ ਦੀ ਸ਼ਿੱਦਤ ਤੇ ਸਾਹਿਤ ਦੀ ਸੂਝ ਤਾਂ ਹੈ ਹੀ, ਗ਼ਜ਼ਲ ਦੀ ਸ਼ਿਲਪਕਾਰੀ ਵੀ ਹੈ।"
ਸੁਰਜੀਤ ਜੱਜ ਇਸ ਪੁਸਤਕ ਬਾਰੇ ਲਿਖਦੇ ਹਨ "ਮਨਜਿੰਦਰ ਦੀ ਗ਼ਜ਼ਲ ਅਤੀਤ ਦੀ ਸਮਕਾਲ ਨਾਲ ਸੱਜਣ-ਸਰੀਖੀ ਮਿਲਣੀ ਕਰਾਉਂਦੀ ਹੈ ਤੇ ਸਮਕਾਲੀ ਸੰਭਾਵਨਾ ਨੂੰ ਭੱਵਿਖਮੁਖੀ ਸੁਪਨਿਆਂ ਨਾਲ ਜੋੜਦੀ ਹੈ। ਮਨੁੱਖੀ ਮਨ ਦੀ ਥਾਹ ਪਾਉਣ ਹਿੱਤ ਯਤਨਸ਼ੀਲ ਇਹ ਪੁਸਤਕ, ਜਿਸ ਨੂੰ ਪੜ੍ਹਦਿਆਂ ਉਹਦੇ ਸੁਹਿਰਦ ਸਿਰਜਕ ਅਤੇ ਹੁਨਰਮੰਦ ਹੋਣ ਦਾ ਤਾਜ਼ਾ ਅਹਿਸਾਸ ਹੁੰਦਾ ਹੈ।"
ਨਾਮਵਰ ਕਵੀ ਸ੍ਰੀ ਸਤੀਸ਼ ਗੁਲਾਟੀ ਨੇ ਮਨਜਿੰਦਰ ਧਨੋਆ ਦੇ ਸ਼ਿਅਰਾਂ ਵਿਚਲੀ ਗਹਿਰਾਈ ਤੋਂ ਜਾਪਦਾ ਹੈ ਕਿ ਉਸ ਨੇ ਕਿੰਨੀ ਸਾਧਨਾਂ ਤੇ ਤੱਪਸਿਆ ਵਿੱਚੋਂ ਢਲ ਕੇ ਸੁਰਮ ਸਲਾਈ ਤੱਕ ਦਾ ਸਫ਼ਰ ਕੀਤਾ ਹੈ। ਉਸ ਦੇ ਬਿਲਕੁਲ ਨਵੇਂ ਖ਼ਿਆਲ, ਸੱਜਰੇ ਪ੍ਰਤੀਕ, ਸ਼ਿਅਰਾਂ ਦੇ ਜਲੌਅ ਨੂੰ ਉਛਾਲ ਬਖਸ਼ਦੇ ਹਨ।"
2.
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਅਧਿਆਪਕ ,ਪੰਜਾਬੀ ਕਵੀ ਤੇ ਵਿਦਵਾਨ ਡਾ ਜਗਵਿੰਦਰ ਜੋਧਾ ਨੇ
ਮਨਜਿੰਦਰ ਸਿੰਘ ਧਨੋਆ ਜੀ ਦੇ ਇਸ ਪਲੇਠੇ ਗ਼ਜ਼ਲ ਸੰਗ੍ਰਹਿ "ਸੁਰਮ ਸਲਾਈ" ਨੂੰ, ਪੰਜਾਬੀ ਗ਼ਜ਼ਲ ਦੇ ਪਾਠਕਾਂ ਦੀ ਨਜ਼ਰ ਪੇਸ਼ ਕਰਦਿਆਂ
"ਨਵੀਂ ਸਦੀ ਦੀ ਪੰਜਾਬੀ ਗ਼ਜ਼ਲਕਾਰੀ ਦੀ ਨਕਸ਼-ਨੁਹਾਰ" ਆਖਦੇ ਹਨ। ਉਹਨਾਂ ਲਿਖਿਆ ਹੈ ਕਿ "ਇਸ ਸੰਗ੍ਰਹਿ ਨੂੰ ਪੜ੍ਹਦਿਆਂ ਮੈਨੂੰ ਵਾਰ-ਵਾਰ ਅਹਿਸਾਸ ਹੋਇਆ ਹੈ ਕਿ ਮਨਜਿੰਦਰ ਦੇ ਸ਼ਿਅਰਾਂ ਦੇ ਇਹ ਖੂਬਸੂਰਤ ਕਬੂਤਰ ਹੁਣ ਉੱਚੇ ਅੰਬਰਾਂ ਵਿੱਚ ਪਰਵਾਜ਼ ਭਰਨ ਲਈ ਐਨ ਤਿਆਰ ਹਨ।" ਉਹਨਾਂ ਅੱਗੇ ਲਿਖਦੇ ਹਨ, "ਮਨਜਿੰਦਰ ਧਨੋਆ ਵਰਗੇ ਸ਼ਾਇਰ ਦਾ ਸਮਕਾਲੀ ਹੋਣਾ ਵੀ ਘੱਟ ਮਾਣ ਵਾਲੀ ਗੱਲ ਨਹੀਂ ਹੁੰਦੀ। ਮੈਂ ਇਸ ਮਾਣ ਨਾਲ ਖੀਵਾ ਹੋਇਆ ਇਹ ਸੰਗ੍ਰਹਿ ਪੰਜਾਬੀ ਗ਼ਜ਼ਲ ਦੇ ਪਾਠਕਾਂ ਦੀ ਨਜ਼ਰ ਪੇਸ਼ ਕਰਦਾ ਹਾਂ। ਮਨਜਿੰਦਰ ਦੀ ਸ਼ਾਇਰੀ ਦੀਆਂ ਸੰਭਾਵਨਾਵਾਂ ਨਵੀਂ ਪੰਜਾਬੀ ਗ਼ਜ਼ਲ ਦੇ ਰਾਹ ਹਨ। ਇਨ੍ਹਾਂ ਰਾਹਾਂ 'ਤੇ ਤੁਰ ਕੇ ਹੀ ਇਹ ਵਿਧਾ ਪੰਜਾਬੀ ਬਣਨ ਵੱਲ ਵਧੇਗੀ।"
ਪ੍ਰਸਿੱਧ ਕਵੀ ਬੂਟਾ ਸਿੰਘ ਚੌਹਾਨ ਨੇ ਸ੍ਰ ਮਨਜਿੰਦਰ ਧਨੋਆ ਜੀ ਦੇ ਇਸ ਗ਼ਜ਼ਲ ਸੰਗ੍ਰਹਿ ਬਾਰੇ ਲਿਖਿਆ ਹੈ ਕਿ "ਮਨਜਿੰਦਰ ਧਨੋਆ ਦੀ ਗ਼ਜ਼ਲ ਉਸ ਦੇ ਸੁਭਾਅ ਵਾਂਗ ਗੰਭੀਰ ਹੈ।
ਗੱਲ ਕਹਿਣ ਵੇਲ਼ੇ ਉਹ ਡੂੰਘਾ ਨਹੀਂ ਡੁੱਬਦਾ, ਸਗੋਂ ਡੁੰਘਾਈ 'ਚੋਂ ਬਾਹਰ ਨੂੰ ਆਉਂਦਾ ਹੈ।"ਪੰਜਾਬੀ ਅਤੇ ਉਰਦੂ ਦੇ ਨਾਮਵਰ ਗ਼ਜ਼ਲਕਾਰ ਸਰਦਾਰ ਪੰਛੀ ਜੀ ਇਹਨਾਂ ਦੀ ਸਿਫਾਰਸ਼ ਕਰਦੇ ਹੋਏ ਲਿਖਿਆ ਹੈ "ਪੰਜਾਬੀ ਗ਼ਜ਼ਲ ਮਨਜਿੰਦਰ ਸਿੰਘ ਧਨੋਆ ਨੂੰ ਚਿਰਾਂ ਤੋਂ ਉਡੀਕਦੀ ਸੀ।
ਪੰਜਾਬੀ ਕਵੀ ਪ੍ਰੋ ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਸੁਰਮ ਸਲਾਈ- ਗ਼ਜ਼ਲ ਸੰਗ੍ਰਹਿ ਬਾਰੇ ਲਿਖਿਆ ਹੈ "ਸਾਦਗੀ ਅਤੇ ਸਲੀਕੇ ਭਰੇ ਕਾਵਿ-ਸੈ਼ਲੀ ਵਿੱਚ ਮਨਜਿੰਦਰ ਨੇ ਇਨ੍ਹਾਂ ਗ਼ਜ਼ਲਾਂ ਰਾਹੀਂ ਵੱਖਰੀ ਤਰ੍ਹਾਂ ਦੇ ਤਣਾਅ ਤੇ ਦਰਦ ਨੂੰ ਜ਼ਬਾਨ ਦਿੱਤੀ ਹੈ।"
ਪ੍ਰਸਿੱਧ ਕਵੀ ਤ੍ਰੈਲੋਚਨ ਲੋਚੀ ਨੇ ਇਸ ਗ਼ਜ਼ਲ ਸੰਗ੍ਰਹਿ ਬਾਰੇ ਲਿਖਿਆ ਹੈ "ਮਨਜਿੰਦਰ ਸਾਡੇ ਸਮਿਆਂ ਦਾ ਅਜਿਹਾ ਸ਼ਾਇਰ ਹੈ ਸੋ ਨਿਜ਼ਾਮ ਦੀਆਂ ਕੁਰੀਤੀਆਂ ਦੇ ਖ਼ਿਲਾਫ਼ ਆਮ ਸਧਾਰਨ ਬੰਦੇ ਦੇ ਦਰਦ ਨੂੰ ਜ਼ਬਾਨ ਦਿੰਦੀ ਹੈ।" ਮੁੱਕਦੀ ਗੱਲ ਕਿ ਉਨ੍ਹਾਂ ਨੇ ਇਸ ਗ਼ਜ਼ਲ ਸੰਗ੍ਰਹਿ ਨੂੰ ਪਾਠਕਾਂ ਦੀ ਝੋਲੀ ਪਾ ਕੇ ਇਕ ਬਹੁਤ ਵਧੀਆ ਉਪਰਾਲਾ ਕੀਤਾ ਹੈ।
ਅਸਲ ਵਿੱਚ ਮਨਜਿੰਦਰ ਨੇ ਇਸ ਪੁਸਤਕ ਰਾਹੀਂ ਮੌਜੂਦਾ ਵਕਤ ਨੂੰ ਆਪਣੇ ਸ਼ਬਦਾਂ ਵਿੱਚ ਢਾਲਣ ਦਾ ਇਕ ਸੁਹਿਰਦ ਯਤਨ ਕੀਤਾ ਹੈ।
ਉਹਨਾਂ ਇਸ ਸਬੰਧੀ ਇਸ ਪੁਸਤਕ ਵਿੱਚ ਖੁਦ ਲਿਖਿਆ ਹੈ:
"ਕੀਤਾ ਕਸ਼ੀਦ ਵਕਤ ਨੂੰ ਸ਼ਬਦਾਂ 'ਚ ਢਾਲਿਆ,
ਦੁਨੀਆਂ ਨੂੰ ਐਂਵੇਂ ਜਾਪਦੈ ਮੇਰੀ ਇਹ ਸਿਰਜਣਾ।"
ਪਰ ਇਸ ਦਾਅਵੇ ਦਾ ਸਹੀ ਮੁਲਾਂਕਣ ਤਾ ਇਸ ਪੁਸਤਕ ਦੇ ਪਾਠਕ ਹੀ ਕਰਨਗੇ। ਪਰ ਫਿਰ ਵੀ ਇਹ ਮੈਨੂੰ ਇਹ ਪੂਰਨ ਆਸ ਅਤੇ ਵਿਸ਼ਵਾਸ ਹੈ ਕਿ ਚੰਗੀਆਂ ਸਾਹਿਤਕ ਪੰਜਾਬੀ ਪੁਸਤਕਾਂ ਪੜ੍ਹਨ ਵਾਲੇ ਪਾਠਕਾਂ ਲਈ ਇਹ ਪੁਸਤਕ ਇਕ ਅਨਮੋਲ ਸੁਗਾਤ ਸਾਬਤ ਹੋਵੇਗੀ।
ਪ੍ਰੋ ਸੁਖਵੰਤ ਸਿੰਘ ਗਿੱਲ
ਸੰਪਰਕ 94172-34744