- ਜਨਮ ਦਿਨ ਉਤੇ ਵਿਸ਼ੇਸ਼
ਚੰਡੀਗੜ੍ਹ, 3 ਮਾਰਚ 2021 - ਉੱਘੇ ਗਾਇਕ ਹਾਕਮ ਸੂਫੀ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਹਾਕਮ ਸੂਫੀ ਸਾਫ ਸੁਥਰੀ ਲੋਕ ਗਾਇਕੀ ਦਾ ਹਾਕਮ ਸੀ। ਉਹਨਾਂ ਕਿਹਾ ਕਿ ਹਾਕਮ ਸੂਫੀ ਨੇ ਜਾਂਦੇ ਜੀਅ ਤਕ ਸੰਗੀਤ ਕਲਾ ਨਾਲ ਵਫਾ ਕੀਤੀ। ਚਰਨਜੀਤ ਸਿੰਘ ਚੰਨੀ ਨੇ ਹਾਕਮ ਸੂਫੀ ਦੇ ਜਨਮ ਦਿਨ ਉਤੇ ਉਨਾ ਦੇ ਪਰਿਵਾਰ ਤੇ ਸਰੋਤਿਆਂ ਨੂੰ ਵਧਾਈ ਦਿਤੀ ਹੈ ਤੇ ਨਵੇਂ ਗਾਇਕਾਂ ਨੂੰ ਹਾਕਮ ਸੂਫੀ ਦੀ ਗਾਇਕੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿਤਾ ਹੈ।
ਗਿਦੜਬਾਹਾ ਦੇ ਰਹਿਣ ਵਾਲਾ ਤੇ ਪਿੰਡ ਜੰਗੀਰਾਣਾ ਦੇ ਸਕੂਲ ਵਿਚ ਡਰਾਇੰਗ ਪੜਾਉਣ ਵਾਲਾ ਹਾਕਮ ਸੂਫੀ ਗੁਰਦਾਸ ਮਾਨ ਦਾ ਸਮਕਾਲੀ ਸੀ ਤੇ ਛੋਟੇ ਹੁੰਦੇ ਇਕੱਠੇ ਗਾਉਂਦੇ ਰਹੇ ਸਨ। ਹਾਕਮ ਸੂਫੀ ਦੇ ਗੀਤ- ਪਾਣੀ ਵਿਚ ਮਾਰਾਂ ਡੀਟਾਂ, ਕਿਥੇ ਲਾਏ ਨੇ ਸਜਣਾ ਡੇਰੇ, ਜਾਂ ਮੇਰੇ ਚਰਖੇ ਦੀ ਟੁਟਗੀ ਮਾਹਲ, ਹਮੇਸ਼ਾ ਸਰੋਤਿਆਂ ਦੇ ਮਨਾਂ ਵਿਚ ਵਸੇ ਰਹਿਣਗੇ। ਪੰਜਾਬੀ ਦੇ ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਹਾਕਮ ਸੂਫੀ ਨੂੰ ਯਾਦ ਕਰਦਿਆਂ ਕਿਹਾ ਕਿ ਹਾਕਮ ਸੂਫੀ ਹਮੇਸ਼ਾ ਸਾਦਗੀ ਵਿਚ ਰਹਿਣ ਵਾਲਾ ਬੇਪਰਵਾਹ ਫਨਕਾਰ ਸੀ। ਉਸਨੇ ਸੰਗੀਤ ਤੇ ਅਧਿਆਤਮਿਕ ਰੰਗ ਨੂੰ ਰਲਾ ਕੇ ਆਪਣੀ ਸ਼ਖਸੀਅਤ ਵਿਚ ਮਰਜ ਕਰ ਲਿਆ ਹੋਇਆ ਸੀ।
ਹਾਕਮ ਸੂਫੀ ਦਾ ਪਹਿਲਾ ਐਲ ਪੀ ਰਿਕਾਰਡ 1982 ਵਿਚ ਆਇਆ। ਉਸਦੇ 50 ਤੋਂ ਵਧੇਰੇ ਗੀਤ ਰਿਕਾਰਡ ਹੋਏ। ਪੰਜਾਬ ਵਿਚ ਡਫਲੀ ਨੂੰ ਮੰਚ ਉਤੇ ਸਭ ਤੋਂ ਪਹਿਲਾਂ ਹਾਕਮ ਸੂਫੀ ਲਿਆਇਆ।
3 ਮਾਰਚ 1952 ਨੂੰ ਪੈਦਾ ਹੋਇਆ ਹਾਕਮ ਸੂਫੀ 4 ਸਤੰਬਰ 2012 ਨੂੰ ਚੱਲ ਵਸਿਆ । ਅਜ ਪੰਜਾਬ ਕਲਾ ਪਰਿਸ਼ਦ ਹਾਕਮ ਸੂਫੀ ਨੂੰ ਉਸਦੇ ਜਨਮ ਦਿਨ ਮੌਕੇ ਚੇਤੇ ਕਰਦੀ ਹੋਈ ਪ੍ਰਣਾਮ ਕਰਦੀ ਹੈ।
(ਨਿੰਦਰ ਘੁਗਿਆਣਵੀ...ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ)