ਫਗਵਾੜਾ, 16 ਮਈ 2019 - ਪੰਜਾਬੀ ਕਾਲਮ ਨਵੀਸ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਲੋਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਅਤੇ ਸਿਆਸੀ ਲੋਕਾਂ ਤੋਂ ਸਵਾਲ ਪੁੱਛਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਹੈ, ਉਸ ਦੀ ਪੰਜਾਬੀ ਕਾਲਮ ਨਵੀਸ ਮੰਚ ਦੇ ਅਹੁਦੇਦਾਰਾਂ ਸਰਪ੍ਰਸਤ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਡਾ: ਸਵਰਾਜ ਸਿੰਘ, ਡਾ: ਗਿਆਨ ਸਿੰਘ, ਡਾ: ਸ਼ਿਆਮ ਸੁੰਦਰ ਦੀਪਤੀ, ਗੁਰਮੀਤ ਸਿੰਘ ਪਲਾਹੀ ਪ੍ਰਧਾਨ, ਗੁਰਚਰਨ ਸਿੰਘ ਨੂਰਪੁਰ, ਡਾ: ਐਸ.ਐਸ. ਛੀਨਾ, ਡਾ: ਚਰਨਜੀਤ ਸਿੰਘ ਗੁੰਟਾਲਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਦੀਦਾਰ ਸ਼ੇਤਰਾ, ਜੀ.ਐਸ. ਗੁਰਦਿੱਤ, ਉਜਾਗਰ ਸਿੰਘ, ਸੁਲੱਖਣ ਸਰਹੱਦੀ ਨੇ ਇਸ ਨੂੰ ਲੋਕਾਂ ਦਾ ਜਮਹੂਰੀ ਅਧਿਕਾਰ ਮੰਨਦਿਆਂ, ਭਰਪੂਰ ਸ਼ਲਾਘਾ ਕੀਤੀ ਹੈ।
ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬੀ ਬੋਲੀ ਨੂੰ ਅਣਗੋਲਿਆਂ ਕਰਨ ਅਤੇ ਵਾਤਾਵਰਨ ਵਿਗਾੜ (ਹਵਾ ਤੇ ਪਾਣੀ) ਨੂੰ ਪੰਜਾਬ ਦਾ ਗੰਭੀਰ ਮਸਲਾ ਦੱਸਿਆ ਅਤੇ ਕਿਹਾ ਕਿ ਇਹਨਾ ਮਸਲਿਆਂ ਪ੍ਰਤੀ ਸਿਆਸੀ ਲੋਕਾਂ ਦੀ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ।
ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬ ਦੇ ਨੌਜਵਾਨਾਂ ਦੇ ਪੰਜਾਬ 'ਚੋਂ ਪ੍ਰਵਾਸ ਨੂੰ ਗੰਭੀਰ ਮੁੱਦਾ ਮੰਨਦਿਆਂ, ਨੋਟ ਕੀਤਾ ਗਿਆ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਮੁੱਦਾ ਨਹੀਂ ਉਠਾਇਆ ਅਤੇ ਨਾ ਹੀ ਨੌਜਵਾਨਾਂ ਦੇ ਰੁਜ਼ਗਾਰ ਲਈ ਕੋਈ ਠੋਸ ਨੀਤੀ ਬਣਾਈ ਹੈ। ਮੰਚ ਨੇ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਵਪਾਰੀਕਰਨ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਹਾ ਕਿ ਪੰਜਾਬੀਆਂ ਨੂੰ ਇਹਨਾ ਬੁਨਿਆਦੀ ਸਹੂਲਤਾਂ ਲਈ ਸਾਰੇ ਦੇਸ਼ ਨਾਲੋਂ ਵੱਧ ਪੈਸਾ ਖਰਚ ਕਰਨਾ ਪੈ ਰਿਹਾ ਹੈ। ਮੰਚ ਨੇ ਜਨਤਕ ਅਦਾਰਿਆਂ ਨੂੰ ਬਚਾਉਣ ਦੀ ਬਨਿਸਪਤ ਸਰਕਾਰ ਵਲੋਂ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਦੇਣ ਦੇ ਵਰਤਾਰੇ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਜਿਥੇ ਆਮ ਲੋਕਾਂ ਨੂੰ ਚੰਗੀਆਂ ਸਿੱਖਿਆ, ਸਿਹਤ ਸਹੂਲਤਾਂ ਮਿਲਣ, ਉਥੇ ਜਨਤਕ ਅਦਾਰਿਆਂ ਖਾਸ ਕਰਕੇ ਸਿਹਤ, ਸਿੱਖਿਆ ਦੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਰੋਕਿਆ ਜਾਵੇ।
ਪੰਜਾਬੀ ਕਾਲਮ ਨਵੀਸ ਮੰਚ ਨੇ ਪੰਜਾਬ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਦਿਨੋ-ਦਿਨ ਬਦਤਰ ਹੋ ਰਹੀ ਹਾਲਾਤ ਉਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਕਿਸੇ ਵੀ ਸਿਆਸੀ ਧਿਰ ਵਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇਹਨਾ ਦੀ ਮੰਦੀ ਹਾਲਤ ਦਾ ਗੰਭੀਰਤਾ ਨਾਲ ਜ਼ਿਕਰ ਨਾ ਕਰਨ 'ਤੇ ਚਿੰਤਾ ਪ੍ਰਗਟਾਈ।