ਪਟਿਆਲਾ, 11 ਅਕਤੂਬਰ, 2016 : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰਿਸਰਚ ਸਕਾਲਰ ਅਮਨਦੀਪ ਕੌਰ ਦੀ ਲਿਖੀ 'ਸਮਕਾਲੀ ਪੰਜਾਬੀ ਸਾਹਿੱਤ (ਸਰੋਕਾਰ ਤੇ ਵਿਚਾਰਧਾਰਾ)' ਪੁਸਤਕ ਪੰਜਾਬੀ ਸਾਹਿੱਤ ਸਭਾ ਕੈਲੀਫੋਰਨੀਆ ਦੀ ਮੀਟਿੰਗ ਵਿਚ ਪ੍ਰਧਾਨ ਦਿਲ ਨਿੱਜਰ, ਚਰਨਜੀਤ ਸਿੰਘ ਪੰਨੂ ਅਤੇ ਮਨਜੀਤ ਕੌਰ ਸੇਖੋਂ ਵੱਲੋਂ ਰੀਲੀਜ਼ ਕੀਤੀ ਗਈ। ਇਸ ਵਿਚ ਸ਼ਸ਼ੀ ਸਮੁੰਦੜਾ, ਦਲਵੀਰ ਕੌਰ, ਹਰਜਿੰਦਰ ਪੰਧੇਰ, ਮਨਜੀਤ ਸੇਖੋਂ, ਚਰਨਜੀਤ ਸਿੰਘ ਪੰਨੂ, ਦਲਵੀਰ ਨਿੱਜਰ ਅਤੇ ਹਰਚਰਨ ਸਿੰਘ, ਸਮੇਤ 12 ਲੇਖਕ/ਪੁਸਤਕਾਂ ਸਮੀਖਿਆ ਹੇਠ ਲਿਆਂਦੀਆਂ ਗਈਆਂ ਹਨ। ਡਾ. ਗੁਰਨਾਇਬ ਸਿੰਘ ਅਨੁਸਾਰ 'ਪੁਸਤਕ ਵਿਚ ਵਿਚਾਰੇ ਗਏ ਲੇਖਕ ਉਮਰ ਤੇ ਖੇਤਰ ਪੱਖੋਂ ਕੁੱਲ ਸੰਸਾਰ ਦੀ ਪ੍ਰਤੀਨਿਧਤਾ ਕਰਦੇ ਹਨ। ਅਧਿਐਨ ਅਧੀਨ ਪੁਸਤਕਾਂ ਸਮਕਾਲੀ ਸਾਹਿੱਤ ਅੰਦਰ ਮੁਲਤਾਨ ਕਿਰਤਾਂ ਹੋਣ ਦਾ ਦਮ ਭਰਦੀਆਂ ਹਨ। ਇਹ ਚੋਣ ਅਮਨਦੀਪ ਕੌਰ ਦੇ ਚਿੰਤਨ ਦੀ ਗੰਭੀਰਤਾ ਵੱਲ ਸੰਕੇਤ ਕਰਦੀ ਹੈ।'