ਲਿਖਾਰੀ ਸਭਾ ਵੱਲੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਦੀ ਪ੍ਰਧਾਨਗੀ 'ਚ ਪੁਸਤਕ "ਚੁੱਪ ਦਾ ਕਹਿਰ" ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 10 ਦਸੰਬਰ 2023:- ਸਭਾ ਵੱਲੋਂ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਵਿਖੇ ਅਜਮੇਰ ਸਿੰਘ ਮਾਨ ਦੀ ਕਾਵਿ ਪੁਸਤਕ "ਚੁੱਪ ਦਾ ਕਹਿਰ" ਸ. ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ 'ਚ ਲੋਕ ਅਰਪਣ ਕੀਤੀ ਗਈ। ਮੁੱਖ ਮਹਿਮਾਨ ਵੱਜੋਂ ਸ੍ਰੀ ਮਤੀ ਜਸਪ੍ਰੀਤ ਕੌਰ, ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਤੇ ਵਿਸ਼ੇਸ਼ ਮਹਿਮਾਨ ਵੱਜੋਂ ਸ੍ਰੀ ਪਵਨ ਸ਼ਰਮਾ ਨੇ ਸ਼ਿਰਕਤ ਕੀਤੀ। ਉੱਘੇ ਲੇਖਕ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਤੇ ਪਰਮਜੀਤ ਕੌਰ ਸਰਹਿੰਦ ਮੁੱਖ ਬੁਲਾਰੇ ਰਹੇ। ਹਿਮਾਚਲ ਤੋਂ ਪੁੱਜੇ ਬੀਬੀ ਅਵਤਾਰ ਕੌਰ ਭੂਲੀ, ਅਰਨੀਆਲਾ ਨੇ ਵਿਸਥਾਰ ਵਿੱਚ ਪਰਚਾ ਪੜ੍ਹਿਆ। ਮੰਚ ਸੰਚਾਲਨ ਪ੍ਰਿੰਸੀਪਲ ਸੁਖਵਿੰਦਰ ਸਿੰਘ ਢਿੱਲੋਂ ਤੇ ਬਲਤੇਜ ਸਿੰਘ ਬਠਿੰਡਾ ਨੇ ਕੀਤਾ। ਇਸ ਭਰਵੇਂ ਸਮਾਗਮ ਦੀ ਦੇਖ ਰੇਖ ਮੈਨੇਜਰ ਊਧਮ ਸਿੰਘ, ਪ੍ਰਿਤਪਾਲ ਟਿਵਾਣਾ, ਪ੍ਰੋ. ਦੇਵ ਮਲਿਕ ਤੇ ਜਸ਼ਨ ਮੱਟੂ ਨੇ ਬਾਖੂਬੀ ਨਿਭਾਈ।
ਸਭਾ ਦੇ ਸਰਪ੍ਰਸਤ ਲਾਲ ਮਿਸਤਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਜ਼ਿਲ੍ਹਾ ਲਿਖਾਰੀ ਸਭਾ ਫ਼ਤਿਹਗੜ੍ਹ ਸਾਹਿਬ ਦੀ ਸਭਾ ਦੇ ਹੋਂਦ 'ਚ ਆਉਣ ਤੋਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮਾਨ ਨੂੰ ਪੁਸਤਕ ਦੀ ਵਧਾਈ ਦਿੰਦਿਆਂ ਕਿਹਾ ਕਿ ਬੀਬੀ ਸਰਹਿੰਦ ਨੇ ਸਭਾ ਲਈ ਲੱਕ ਬੰਨ੍ਹ ਕੇ ਮਰਦਾਂ ਵਾਂਗ ਕੰਮ ਕੀਤਾ ਇਸੇ ਲਈ ਸਭਾ ਵਿਚ ਵਿੱਚੋਂ ਕਿੰਨੇ ਹੀ ਨਵੇਂ ਤੇ ਵਧੀਆ ਲੇਖਕ ਸਾਹਮਣੇ ਆਏ ਹਨ। ਉਪਰੰਤ ਕਵੀ ਦਰਬਾਰ ਦਾ ਅਰੰਭ ਹਰਲੀਨ ਕੌਰ ਤੇ ਰਾਮ ਸਿੰਘ ਅਲਬੇਲਾ ਨੇ ਸ਼ਹੀਦਾਂ ਨੂੰ ਸਮਰਪਿਤ ਗੀਤ ਗਾ ਕੇ ਕੀਤਾ। ਮਾਨ ਸਿੰਘ ਮਾਨ, ਹਰਜਿੰਦਰ ਸਿੰਘ ਗੋਪਾਲੋਂ, ਇਕਬਾਲ ਸਿੰਘ, ਪ੍ਰੇਮ ਲਤਾ, ਮਲਿਕਾ ਰਾਣੀ, ਅਵਤਾਰ ਸਿੰਘ ਪੁਆਰ ,ਗੁਰਨਾਮ ਸਿੰਘ ਬਿਜਲੀ, ਪ੍ਰਿਤਪਾਲ ਸਿੰਘ ਭੜੀ, ਸਨੇਹਇੰਦਰ ਮੀਲੂ, ਜਗਜੀਤ ਸਿੰਘ ਗੁਰਮ ਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਇਸ ਮੌਕੇ ਪ੍ਰੋ. ਸਾਧੂ ਸਿੰਘ ਪਨਾਗ,ਲਛਮਣ ਸਿੰਘ ਤਰੌੜਾ, ਜੈਨਿੰਦਰ ਚੌਹਾਨ,ਪਰਮ ਸਿਆਣ, ਰਮਿੰਦਰਜੀਤ ਸਿੰਘ ਵਾਸੂ, ਕੁਲਦੀਪ ਸਿੰਘ ਸਨੌਰ, ਕੁਲਦੀਪ ਸਿੰਘ ਸਾਹਿਲ, ਦਰਸ਼ਨ ਸਿੰਘ ਸ਼ਾਹਬਾਦ, ਰਣਜੀਤ ਸਿੰਘ ਵੀ ਹਾਜ਼ਰ ਰਹੇ। ਕੁਲਬੀਰ ਸਿੰਘ ਚੰਡੀਗੜ੍ਹ ਸਮੇਤ ਪਰਿਵਾਰ ਪੁੱਜੇ। ਕਵੀ ਦਰਬਾਰ ਉਪਰੰਤ ਪੁਸਤਕ ਲੋਕ ਅਰਪਣ ਕੀਤੀ ਗਈ।
ਸਭ ਤੋਂ ਪਹਿਲਾਂ ਤਲਵੰਡੀ ਸਾਬੋ ਤੋਂ ਪੁੱਜੇ ਵਿਸ਼ੇਸ਼ ਮਹਿਮਾਨ ਪਵਨ ਸ਼ਰਮਾ ਨੇ ਪੁਸਤਕ 'ਤੇ ਬਹੁਤ ਬਰੀਕੀ ਨਾਲ ਚਰਚਾ ਕੀਤੀ। ਕਵਿਤਾਵਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਸਾਰੀਆਂ ਕਵਿਤਾਵਾਂ ਪੜ੍ਹਨ ਤੇ ਵਿਚਾਰਨ ਯੋਗ ਹਨ। ਦੀਪਕ ਸ਼ਰਮਾ ਨੇ ਕਿਹਾ ਕਿ ਪੁਸਤਕ ਨੂੰ ਵਾਚਦਿਆਂ ਜਾਪਦਾ ਹੈ ਅਜਮੇਰ ਮਾਨ ਦੀ ਪਲੇਠੀ ਕਿਤਾਬ ਨਹੀਂ ਬਲਕਿ ਕਿਸੇ ਪ੍ਰੌੜ੍ਹ ਸ਼ਾਇਰ ਦੀ ਸ਼ਾਇਰੀ ਹੈ। ਉਨ੍ਹਾਂ "ਤੇਗਾਂ ਨੂੰ ਕਹੋ" ਬਾਰੇ ਕਿਹਾ ਕਿ ਸਾਨੂੰ ਅੱਜ ਅਜਿਹੀ ਹੀ ਕਵਿਤਾ ਦੀ ਲੋੜ ਹੈ। ਪਰਮਜੀਤ ਕੌਰ ਸਰਹਿੰਦ ਨੇ ਕਿਹਾ ਸਾਡੇ ਲਈ ਮਾਣ ਦੀ ਗੱਲ ਹੈ ਕਿ ਇਹ ਨੌਜਵਾਨ ਕਲਮਕਾਰ ਹਿਮਾਚਲ ਵਿੱਚ ਜੰਮਿਆ ਪਲਿਆ ਤੇ ਹਿੰਦੀ ਮਾਧਿਅਮ ਵਿੱਚ ਪੜ੍ਹਿਆ ਸੰਸਕ੍ਰਿਤ ਤੇ ਅੰਗਰੇਜ਼ੀ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਪੰਜਾਬੀ ਵਿੱਚ ਸ਼ਾਨਦਾਰ ਕਾਵਿ ਸਿਰਜਣਾ ਕਰ ਕੇ ਸਾਬਤ ਕਰ ਗਿਆ ਹੈ ਪੰਜਾਬੀ ਭਾਸ਼ਾ ਨੂੰ ਕੋਈ ਖ਼ਤਰਾ ਨਹੀਂ। ਜਸਪ੍ਰੀਤ ਕੌਰ ਸਹਾਇਕ ਡਾਇਰੈਕਟਰ ਨੇ ਕਿਹਾ ਕਿ "ਚੁੱਪ ਦਾ ਕਹਿਰ" ਵਾਕਿਆ ਹੀ ਕਹਿਰ ਢਾਉਂਦੀ ਕਿਰਤ ਹੈ।
ਅਜਮੇਰ ਸਿੰਘ ਮਾਨ ਨੇ ਕਿਹਾ ਕਿ ਮੈਂ ਤਾਂ ਪਹਾੜਾਂ ਵਿੱਚੋਂ ਰੁੜ੍ਹ ਕੇ ਆਈ ਇੱਕ ਲੱਕੜ ਸਾਂ ਪਰ ਪ੍ਰਭ ਜੀਤ ਕੌਰ ਸਰਹਿੰਦ ਨੇ ਛਿੱਲ ਤਰਾਸ਼ ਕੇ ਮੈਂਨੂੰ ਕਲਮ ਬਣਾ ਦਿੱਤਾ ਤੇ ਮਾਣ ਦੀ ਗੱਲ ਹੈ ਕਿ ਅੱਜ ਪੁਸਤਕ ਨੂੰ ਹਿਮਾਚਲ , ਹਰਿਆਣਾ ਤੇ ਪੰਜਾਬ ਰਲ਼ ਕੇ ਲੋਕ ਅਰਪਣ ਕਰ ਰਹੇ ਹਨ। ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਪੁਸਤਕ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਨਹੀਂ ਬਲਕਿ ਸਮਾਜਿਕ, ਰਾਜਨੀਤਕ, ਧਾਰਮਕ, ਲੋਟੂ ਜਮਾਤ ਤੇ ਮਿਹਨਤਕਸ਼ ਲੋਕਾਂ ਦੀ ਗੱਲ ਕਰਦੀ ਹੈ। ਉਨ੍ਹਾਂ "ਮੌਤ ਤੇ ਸ਼ਹੀਦੀ" ਨਜ਼ਮ ਦਾ ਹਵਾਲਾ ਦਿੱਤਾ।
ਜ਼ਿਕਰਯੋਗ ਹੈ ਕਿ ਹਰ ਬੁਲਾਰੇ ਨੇ ਇਸ ਗੱਲ 'ਤੇ ਖ਼ੁਸ਼ੀ ਪ੍ਰਗਟਾਈ ਕਿ ਹਿਮਾਚਲ ਤੋਂ ਆਏ ਪੰਜਾਬ 'ਚ ਰੁਜ਼ਗਾਰ ਨਾਲ਼ ਜੁੜੇ ਨੌਜਵਾਨ ਨੇ ਪੰਜਾਬੀ ਨੂੰ ਮਾਣ ਦਿੱਤਾ। ਅਜਮੇਰ ਸਿੰਘ ਮਾਨ ਦੇ ਨਾਲ਼ ਸਾਰਿਆਂ ਨੇ ਬੀਬੀ ਪਰਮਜੀਤ ਕੌਰ ਨੂੰ ਵੀ ਵਧਾਈ ਦਿੱਤੀ ਕਿ ਉਹ ਨਵੇਂ ਲੇਖਕਾਂ ਨੂੰ ਹਰ ਤਰ੍ਹਾਂ ਸਹਿਯੋਗ ਦੇ ਸਾਹਿਤ ਸਿਰਜਣ ਲਈ ਉਨ੍ਹਾਂ ਦੀ ਮੱਦਦ ਕਰਦੀ ਹੈ। ਸੱਦੇ ਗਏ ਪ੍ਰਧਾਨ,ਮੁਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਮੁਖ ਬੁਲਾਰੇ ਦਾ ਸਭਾ ਵੱਲੋਂ ਸਨਮਾਨ ਕੀਤਾ ਗਿਆ। ਹਿਮਾਚਲ ਤੋਂ ਪੁੱਜੇ ਲੇਖਕ ਦੇ ਮਾਤਾ ਸੁਰਿੰਦਰ ਕੌਰ ਮਾਨ, ਪਿਤਾ ਜਰਨੈਲ ਸਿੰਘ ਮਾਨ, ਸੱਸ-ਸਹੁਰਾ, ਭੈਣ-ਭਣੋਈਆ, ਮਾਮਾ-ਮਾਮੀ ਤੇ ਸਾਲਾ ਸਾਹਿਬ ਤੇ ਉਨ੍ਹਾਂ ਦੀ ਪਤਨੀ ਨੂੰ ਵੀ ਸਨਮਾਨ ਦਿੱਤਾ ਗਿਆ। ਹਿਮਾਚਲ ਵਾਲ਼ੇ ਪਰਿਵਾਰ ਨੇ ਆਪਣੇ "ਹਿਮਾਚਲੀ ਬੀਤ" ਇਲਾਕੇ ਦੀ ਪਿਰਤ ਅਨੁਸਾਰ ਸਭਾ ਦੀ ਪ੍ਰਧਾਨ ਬੀਬੀ ਸਰਹਿੰਦ ਦਾ ਸਨਮਾਨ ਕੀਤਾ। ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਵਿੱਚ
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ , ਡ. ਗੁਰਮੀਤ ਸਿੰਘ, ਬਿਕਰਮਜੀਤ ਸਿੰਘ, ਮਲਕੀਤ ਸਿੰਘ, ਗੁਰਿੰਦਰ ਕੌਰ, ਜਸਵੀਰ ਕੌਰ ਜੱਸੀ,ਪਰਮਜੀਤ ਸਿੰਘ ਚੰਡੀਗੜ੍ਹ, ਜੰਗ ਸਿੰਘ, ਸਹਿਜੀਤ ਸਿੰਘ ਕੰਗ ਤੇ ਭੁਪਿੰਦਰ ਸਿੰਘ ਨੇ ਵੀ ਹਾਜ਼ਰੀ ਲਵਾਈ। ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸੱਜਣ-ਇਸ ਸਮਾਗਮ ਵਿੱਚ ਸ਼ਾਮਲ ਹੋਏ। ਅਖ਼ੀਰ ਵਿੱਚ ਸਭਾ ਦੀ ਪ੍ਰਧਾਨ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਬੋਲੀ ਦੇ ਅਜਿਹੇ ਸਮਾਗਮਾਂ ਵਿੱਚ ਜੁੜ ਬੈਠਣ ਦੀ ਬੇਨਤੀ ਕੀਤੀ। ਸ. ਦਰਸ਼ਨ ਬੁੱਟਰ,ਪਵਨ ਸ਼ਰਮਾ, ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ ਤੇ ਦੀਪਕ ਸ਼ਰਮਾ ਚਨਾਰਥਲ ਦਾ ਸਮਾਂ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।