ਪਟਿਆਲਾ, 15 ਜੁਲਾਈ, 2017 : ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਸੀਨੀਅਰ ਆਈ.ਏ.ਐਸ. ਅਫ਼ਸਰ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰੇਮੀ ਸਰਦਾਰ ਕਾਹਨ ਸਿੰਘ ਪੰਨੂ, ਆਈ.ਏ.ਐਸ. ਦਾ ਪਟਿਆਲਾ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੇ ਸੁਆਗਤ ਕੀਤਾ ਗਿਆ। ਇਸ ਅਵਸਰ 'ਤੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਕਿਹਾ ਕਿ ਸ. ਪੰਨੂ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ ਪ੍ਰਤਿਬੱਧਤਾ ਜੁੜੇ ਹੋਏ ਹਨ ਅਤੇ ਉਹਨਾਂ ਦੀ ਧਾਰਣਾ ਹੈ ਕਿ ਸਕੂਲਾਂ ਦੇ ਪੰਜਾਬੀ ਵਿਸ਼ੇ ਨਾਲ ਸੰਬੰਧਤ ਅਧਿਆਪਕਾਂ ਅਤੇ ਪੰਜਾਬੀ ਭਾਸ਼ਾ ਵਿਚ ਵਿਸ਼ੇਸ਼ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਨਾਲ ਜੋੜਨ ਦੀ ਜ਼ਰੂਰਤ ਹੈ। ਸਰਦਾਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਮਾਂ ਬੋਲੀ ਪ੍ਰਤੀ ਸਨੇਹ ਅਤੇ ਮੁਹੱਬਤ ਦਾ ਬੂਟਾ ਦਿਲ ਵਿਚੋਂ ਪੈਦਾ ਹੁੰਦਾ ਹੈ। ਪੰਜਾਬੀ ਭਾਸ਼ਾ ਨਾਲ ਹੀ ਸਾਡੀ ਆਪਣੀ ਪਛਾਣ ਜੁੜੀ ਹੋਈ ਹੈ ਅਤੇ ਇਸ ਪਛਾਣ ਨੂੰ ਦੂਰ ਤੱਕ ਫੈਲਾਉਣ ਲਈ ਨਵੀਂ ਪੀੜ੍ਹੀ ਹੋਰ ਉਸਾਰੂ ਅਤੇ ਨਿੱਗਰ ਉਪਰਾਲੇ ਕਰ ਸਕਦੀ ਹੈ। ਇਸ ਲਈ ਸਾਹਿਤ ਸਭਾਵਾਂ ਅਤੇ ਪੰਜਾਬੀ ਦੇ ਵਿਕਾਸ ਵਿਚ ਨਾਲ ਸੰਬੰਧਤ ਹੋਰ ਸੰਸਥਾਵਾਂ ਨੂੰ ਹੋਰ ਹੰਭਲੇ ਮਾਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿਚ ਹੋਰ ਚੰਗੇ ਕਲਮਕਾਰ ਸਾਹਮਣੇ ਆ ਕੇ ਸਮਾਜ ਦੇ ਵਿਕਾਸ ਵਿਚ ਯੋਗਦਾਨ ਪਾ ਸਕਣ।ਇਸ ਅਵਸਰ ਤੇ ਵਿਭਾਗ ਦੇ ਮੈਂਬਰ ਸਕੱਤਰ ਡਾਕਟਰ ਬਾਬੂ ਰਾਮ, ਡਾ. ਰਾਜਵੰਤ ਕੌਰ ਪੰਜਾਬੀ,ਸੁਖਦੇਵ ਸਿੰਘ ਚਾਹਲ, ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ ਆਦਿ ਸ਼ਾਮਿਲ ਸਨ।