ਨਾਵਲ ‘ਸੂਰਜ ਤਪ ਕਰਦਾ’ ਤੇ ਪੁਸਤਕ ‘ਬਾਤਾਂ’ ਰਿਲੀਜ਼ ਕਰਨ ਲਈ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ2024: ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਟੀਚਰਜ ਹੋਮ ਵਿਖੇ ਨਾਵਲਕਾਰ ਭਰਗਾ ਨੰਦ ਲੌਂਗੋਵਾਲ ਦੇ ਇਤਿਹਾਸਕ ਨਾਵਲ ‘ਸੂਰਜ ਤਪ ਕਰਦਾ’ ਅਤੇ ਲੋਕ ਕਥਾਵਾਂ ‘ਬਾਤਾਂ’ ਨੂੰ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਵਿਦਵਾਨ ਲੇਖਕ ਭੀਮਇੰਦਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ, ਪਟਿਆਲਾ ਨੇ ਕੀਤੀ। ਪ੍ਰਵਾਸ਼ੀ ਸ਼ਾਇਰ ਜਸਪਾਲ ਸਿੰਘ ਦੇਸੂਵੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦੋਂਕਿ ਗੁਰਦੇਵ ਖੋਖਰ ਅਤੇ ਜਸਪਾਲ ਮਾਨਖੇੜਾ ਨੇ ਮੁੱਖ ਬੁਲਾਰਿਆਂ ਦੇ ਤੌਰ ਤੇ ਚਰਚਾ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਨੇ ਜੀ ਆਇਆਂ ਕਿਹਾ। ਇਸ ਉਪਰੰਤ ਬਠਿੰਡਾ ਖ਼ਬਰਨਾਮਾ ਦੇ ਸੰਪਾਦਕ ਧਰਮ ਚੰਦਰ ਨੇ ਨਾਵਲ ਦੇ ਲੇਖਕ ਭਰਗਾ ਨੰਦ ਦੇ ਜੀਵਨ ਅਤੇ ਉਹਨਾਂ ਦੀ ਸਮਾਜ ਪ੍ਰਤੀ ਸੇਵਾ ਬਾਰੇ ਚਾਨਣਾ ਪਇਆ।
ਨਾਵਲ ਬਾਰੇ ਡੂੰਘਾਈ ’ਚ ਕੀਤੀ ਪੜਚੋਲ ਦੇ ਆਧਾਰ ਤੇ ਗੁਰਦੇਵ ਖੋਖਰ ਅਤੇ ਜਸਪਾਲ ਮਾਨਖੇੜਾ ਨੇ ਕਿਹਾ ਕਿ ਇਹ ਕੇਵਲ ਨਾਵਲ ਨਹੀਂ ਬਲਕਿ ਇੱਕ ਇਤਿਹਾਸਕ ਦਸਤਾਵੇਜ ਹੈ। ਉਹਨਾਂ ਕਿਹਾ ਕਿ ਲੇਖਕ ਦੀ ਵਿਸ਼ੇ ਤੇ ਪਕੜ ਲਾਜਵਾਬ ਹੈ ਅਤੇ ਕਰੀਬ ਢਾਈ ਹਜਾਰ ਪਹਿਲਾਂ ਦੇ ਘਟਨਾਕ੍ਰਮ ਨੂੰ ਪੰਜਾਬੀ ਨਾਵਲ ਦੇ ਰੂਪ ਵਿੱਚ ਕੀਤੀ ਪੇਸ਼ਕਾਰੀ ਪੁਸਤਕ ਨੂੰ ਦੁਰਲੱਭ ਬਣਾਉਂਦੀ ਹੈ। ਸ੍ਰ: ਜਸਪਾਲ ਦੇਸੂਵੀ ਨੇ ਕਿਹਾ ਕਿ ਅਜਿਹੀਆਂ ਇਤਿਹਾਸਕ ਪੁਸਤਕਾਂ ਪੰਜਾਬੀ ਪਾਠਕਾਂ ਲਈ ਪ੍ਰਕਾਸ਼ਿਤ ਕਰਨ ਦੀ ਜਰੂਰਤ ਹੈ। ਭਰਗਾ ਨੰਦ ਨੇ ਆਚਾਰਯ ਚਾਣਕੱਯ ਦੇ ਜੀਵਨ ਤੇ ਇਹ ਨਾਵਲ ਲਿਖ ਕੇ ਪੰਜਾਬੀ ਰਚਨਾਕਾਰੀ ਵਿੱਚ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ ਜੋਕਿ ਜੀਵਨ ਜਾਂਚ ਸਿਖਾਉਣ ਵਿੱਚ ਸਹਾਈ ਹੋਵੇਗਾ।
ਉਹਨਾਂ ਸਾਹਿਤ ਸਭਾਵਾਂ ਦੀ ਇੱਕਮੁੱਠਤਾ ਦੀ ਲੋੜ ਤੇ ਜੋਰ ਦਿੱਤਾ ਅਤੇ ਮੋਬਾਇਲ ਦੇ ਮਾੜੇ ਰੁਝਾਨ ਤੋਂ ਬਚਣ ਦਾ ਵੀ ਸੁਝਾਅ ਦਿੱਤਾ। ਭਾਸ਼ਾ ਅਫ਼ਸਰ ਬਠਿੰਡਾ ਕਿਰਤੀ ਕ੍ਰਿਪਾਲ ਅਤੇ ਜਸਪਾਲ ਜੱਸੀ ਨੇ ਵੀ ਆਪਣੇ ਵਿਚਾਰ ਰੱਖੇ। ਨਾਵਲ ਦੇ ਲੇਖਕ ਭਰਗਾ ਨੰਦ ਨੇ ਬੋਲਦਿਆਂ ਕਿਹਾ ਕਿ ਚੰਨ ਭਾਵੇਂ ਰਾਤ ਨੂੰ ਸੌਗਤ ਲੈ ਕੇ ਆਉਂਦਾ ਹੈ ਪਰ ਸੂਰਜ ਜੋ ਕੁੱਲ ਲੋਕਾਈ ਦੇ ਕਲਿਆਣ ਲਈ ਊਰਜਾ ਤੇ ਪ੍ਰਕਾਸ਼ ਵੰਡਦਾ ਹੈ ਉਹ ਖ਼ੁਦ ਤਪ ਕਰਦਾ ਹੈ। ਆਚਾਰਯ ਚਾਣਕੱਯ ਵੀ ਤਪ ਕਰਦਾ ਸੂਰਜ ਹੀ ਹੈ। ਉਸਨੇ ਵਾਸਨਾਵਾਂ, ਲਾਲਚ ਨਹੀਂ ਕੀਤਾ ਸੱਤਾ ਸ਼ਕਤੀ, ਮਾਣ ਸਨਮਾਨ, ਵਿਵੇਕ ਬੁੱਧੀ ਹੋਣ ਦੇ ਬਾਵਜੂਦ ਤਿਆਗ ਨੂੰ ਪਹਿਲ ਦਿੱਤੀ।
ਇਸ ਮੌਕੇ ਕਵੀ ਦਰਬਾਰ ਵਿੱਚ ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਸਿੰਘ ਜੀਤ, ਰੂਪ ਚੰਦ ਸਰਮਾ, ਮਨਜੀਤ ਬਠਿੰਡਾ, ਜਸਪਾਲ ਜੱਸੀ, ਦਵੀ ਸਿੱਧੂ, ਵੀਰਪਾਲ ਕੌਰ ਮੋਹਲ, ਰਜਨੀ ਸ਼ਰਮਾ, ਹਰਦਰਸ਼ਨ ਸੋਹਲ, ਨਛੱਤਰ ਸਿੰਘ ਝੁੱਟੀ ਕਾ, ਇਕਬਾਲ ਸਰਾਂ, ਦਮਜੀਤ ਦਰਸ਼ਨ, ਸਿਕੰਦਰ ਚੰਦਭਾਨ, ਗੁਰਸੇਵਕ ਬੀੜ, ਅਮਨ ਦਾਤੇਵਾਸੀਆ, ਕ੍ਰਿਸ਼ਨ ਸੇਠੀ, ਹਿਤਾ ਸ਼ਰਮਾ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਵਿੱਚ ਭਰਗਾ ਨੰਦ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਹਿਤਕਾਰ ਬਲਵਿੰਦਰ ਸਿੰਘ ਭੁੱਲਰ, ਤਰਸੇਮ ਨਰੂਲਾ, ਗੁਰਵਿੰਦਰ ਸਿੰਘ, ਕਾ: ਜਰਨੈਲ ਭਾਈਰੂਪਾ, ਰਣਜੀਤ ਗੌਰਵ, ਰਣਬੀਰ ਰਾਣਾ ਆਦਿ ਵੀ ਮੌਜੂਦ ਸਨ। ਸਟੇਜ ਸੰਚਾਲਨ ਤਰਸੇਮ ਬਸ਼ਰ ਨੇ ਕੀਤਾ।