ਲੁਧਿਆਣਾ: 17 ਜਨਵਰੀ 2019 - ਜਲੰਧਰ ਜ਼ਿਲ੍ਹੇ ਦੇ ਪਿੰਡ ਬੁੰਡਾਲਾ ਦੇ ਜੰਮਪਲ ਕੈਲੇਫੋਰਨੀਆ ਵੱਸਦੇ ਪੰਜਾਬੀ ਕਵੀ ਕੁਲਵਿੰਦਰ ਨਾਲ ਰੂ ਬ ਰੂ ਤੇ ਸ਼ਾਇਰੀ ਪਾਠ 17 ਜਨਵਰੀ, ਪੰਜਾਬੀ ਭਵਨ ਲੁਧਿਆਣਾ ਵਿਖੇ
ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਡਾ: ਸੁਰਜੀਤ ਸਿੰਘ ਜਨਰਲ ਸਕੱਤਰ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਲੇਖਕ ਬਾਰੇ ਡਾ: ਗੁਰਇਕਬਾਲ ਸਿੰਘ ਤੇ ਡਾ: ਜਗਵਿੰਦਰ ਜੋਧਾ ਨੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਪ੍ਰਿੰਸੀਪਲ ਤਖ਼ਤ ਸਿੰਘ ਅਤੇ ਡਾ: ਜਗਤਾਰ ਪਾਸੋਂ ਪੰਜਾਬੀ ਗ਼ਜ਼ਲ ਦੀਆਂ ਬਾਰੀਕੀਆਂ ਸਿੱਖ ਚੁਕੇ ਕੁਲਵਿੰਦਰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਇੰਜਨੀਅਰ ਹਨ।
ਕੁਲਵਿੰਦਰ ਦੇ ਮਿੱਤਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਲੇਖਕ ਦੀ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਕੁਲਵਿੰਦਰ ਦੇ ਦੋ ਗ਼ਜ਼ਲ ਸੰਗ੍ਰਹਿ ਬਿਰਖਾਂ ਚ ਉੱਗੇ ਖੰਡਰ ਤੇ ਨੀਲੀਆਂ ਲਾਟਾਂ ਦਾ ਸੇਕ ਚੇਤਨਾ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋ ਚੁਕੇ ਹਨ। ਇਹ ਵੀ ਦੱਸਿਆ ਕਿ ਕੁਲਵਿੰਦਰ ਵੱਲੋਂ ਵਿਕਸਤ ਮਸ਼ੀਨਾਂ ਕਾਰਨ ਅਮਰੀਕਾ ਚ ਉਸ ਦੇ 41 ਪੇਟੈਂਟ ਰਜਿਸਟਰਡ ਹਨ ਜੋ ਕਿ ਵਿਸ਼ਵ ਭਰ ਚ ਕਿਸੇ ਵੀ ਪੰਜਾਬੀ ਪੁੱਤਰ ਲਈ ਮਾਣ ਵਾਲੀ ਗੱਲ ਹੈ।
ਕੁਲਵਿੰਦਰ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਬੁੰਡਾਲਾ ਦੇ ਉਸੇ ਸਕੂਲ ਚ ਪੜ੍ਹਿਆ ਹਾਂ ਜਿੱਥੇ ਡਾ: ਜਗਤਾਰ ਤੇ ਡਾ: ਜਗਵਿੰਦਰ ਜੋਧਾ ਪੜ੍ਹੇ ਹਨ।
ਲਿਖਣ ਪੜ੍ਹਨ ਦੀ ਚੇਟਕ ਪਿੰਡ ਦੇ ਸਿਆਸੀ ਤੇ ਸਾਹਿੱਤਕ ਚੌਗਿਰਦੇ ਨੇ ਲਾਈ, ਜਿਸ ਚ ਕਾਮਰੇਡ ਹ ਸ ਸੁਰਜੀਤ ਤੇ ਗੁਰਦਾਸ ਰਾਮ ਆਲਮ ਤੋਂ ਇਲਾਵਾ ਮੇਰੇ ਅਧਿਆਪਕ ਤਰਲੋਕ ਕਾਲੜਾ ਪ੍ਰਮੁੱਖ ਸਨ।
ਲਾਇਲਪੁਰ ਖਾਲਸਾ ਕਾਲਿਜ ਚ ਪੜ੍ਹਦਿਆਂ ਉਹ ਗ਼ਜ਼ਲ ਸਿਰਜਣਾ ਵੱਲ ਰੁਚਿਤ ਹੋਏ ਪਰ ਅਮਰੀਕਾ ਚ ਇੰਜਨੀਰਿੰਗ ਦੀ ਪੜ੍ਹਾਈ ਨੇ ਸਾਹਿੱਤ ਤੋਂ ਦੂਰ ਕਰ ਦਿੱਤਾ।
1999 ਚ ਡਾ: ਜਗਤਾਰ ਦੀ ਅਮਰੀਕਾ ਫੇਰੀ ਦੌਰਾਨ ਮਿਲੀ ਹਲਾ਼ੇਰੀ ਨੇ ਛਾਂਗਿਆ ਬਿਰਖ ਮੁੜ ਹਰਾ ਭਰਾ ਕਰ ਦਿੱਤਾ ਅਤੇ ਸਾਹਿੱਤ ਸਿਰਜਣਾ ਮੁੜ ਪ੍ਰਬਲ ਵਹਿਣ ਵਾਂਗ ਵਹਿ ਤੁਰੀ ਜੇ ਅੱਜ ਤੀਕ ਨਿਰੰਤਰ ਜਾਰੀ ਹੈ।
ਅਕਾਡਮੀ ਵੱਲੋਂ ਕੁਲਵਿੰਦਰ ਨੂੰ ਪੁਸਤਕਾਂ ਦਾ ਸੈੱਟ ਦੇ ਕੇ ਪ੍ਰਧਾਨਗੀ ਮੰਡਲ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਸੁਰਜੀਤ ਜੱਜ,ਤਰਸੇਮ ਨੂਰ, ਇੰਦਰਜੀਤ ਕੌਰ ਭਿੰਡਰ, ਪ੍ਰੋ: ਸੰਤੋਖ ਸਿੰਘ ਔਜਲਾ, ਸਤੀਸ਼ ਗੁਲਾਟੀ,ਦੇਵਿੰਦਰ ਸੇਖਾ,ਡਾ: ਸੰਦੀਪ ਕੌਰ ਸੇਖੋਂ,ਮਨਜਿੰਦਰ ਧਨੋਆ, ਤਰਲੋਚਨ ਲੋਚੀ, ਸੁਰਿੰਦਰ ਦੀਪ, ਦਲਬੀਰ ਲੁਧਿਆਣਵੀ, ਮੁਰੀਦ ਸੰਧੂ, ਭੁਪਿੰਦਰ ਸਿੰਘ ਧਾਲੀਵਾਲ, ਬਲਕੌਰ ਸਿੰਘ ਗਿੱਲ, ਜਸਪ੍ਰੀਤ ਕੌਰ ਫਲਕ,ਸੁਰਜੀਤ ਸਿੰਘ ਜੀਤ, ਹਰਬੰਸ ਮਾਲਵਾ ਸ਼ਾਮਿਲ ਹੋਏ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਤੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ ਜੋ ਕੁਲਵਿੰਦਰ ਦੇ ਰੂਬਰੂ ਤੇ ਰਚਨਾ ਪਾਠ ਪ੍ਰੋਗਰਾਮ ਚ ਹੁਮ ਹੁਮਾ ਕੇ ਪੰਜਾਬੀ ਭਵਨ ਪੁੱਜੇ।