ਲੁਧਿਆਣਾ 21 ਫਰਵਰੀ 2021 - ਵਿਸ਼ਵ ਪ੍ਰਸਿੱਧ ਵੈੱਬਸਾਈਟ ਪੰਜਾਬੀ ਕਵਿਤਾ ਡਾਟ ਕਾਮ ਦੇ ਸੰਚਾਲਕ ਪ੍ਰਿੰ: ਕਰਮਜੀਤ ਸਿੰਘ ਗਠਵਾਲਾ ਦਾ ਪੰਜਾਬ ਆਰਟਸ ਕੌਂਸਲ ਵੱਲੋਂ ਅੱਜ ਕਲਾ ਭਵਨ ਚੰਡੀਗੜ੍ਹ ਵਿਖੇ ਵਿਸ਼ਵ ਮਾਤ ਭਾਸ਼ਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਵਿੱਚ ਸਨਮਾਨਤ ਕੀਤਾ ਗਿਆ ਹੈ।
ਪੰਜਾਬ ਦੇ ਸਭਿਆਚਾਰਕ ਮਾਮਲਿਆਂ ਤੇ ਤਕਨੀਕੀ ਸਿੱਖਿਆ ਮੰਤਰੀ ਸ: ਚਰਨਜੀਤ ਸਿੰਘ ਚੰਨੀ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ ਨੇ ਪ੍ਰਿੰ: ਕਰਮਜੀਤ ਸਿੰਘ ਨੂੰ ਸਨਮਾਨਿਤ ਕੀਤਾ।
ਪ੍ਰਿੰ: ਕਰਮਜੀਤ ਸਿੰਘ ਨੇ ਪੰਜਾਬੀ ਕਵਿਤਾ ਡਾਟ ਕਾਮ ਵੈੱਬਸਾਈਟ ਰਾਹੀਂ ਬਾਬਾ ਫ਼ਰੀਦ ਤੋਂ ਲੈ ਕੇ ਨਵੀਨਤਮ ਕਵੀਆਂ ਤੀਕ ਸ਼ਾਇਰੀ ਸੰਭਾਲਣ ਦਾ ਮਹੱਤਵ ਪੂਰਨ ਉਪਰਾਲਾ ਬਿਨਾ ਕਿਸੇ ਸਰਕਾਰੀ ਜਾਂ ਸੰਸਥਾਗਤ ਮਦਦ ਤੋਂ ਕੀਤਾ ਹੈ।
ਡਾ: ਪਾਤਰ ਨੇ ਕਿਹਾ ਕਿ ਇਸ ਵੈੱਬਸਾਈਟ ਨੂੰ ਪੰਜਾਬੀ ਕਵਿਤਾ ਦਾ ਵਿਸ਼ਵਕੋਸ਼ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ।
ਪ੍ਰਿੰ: ਗਠਵਾਲਾ ਖ਼ੁਦ ਲੇਖਕ ਹਨ ਤੇ ਮਿਆਰੀ ਕਵਿਤਾ ਸੰਭਾਲਣ ਦਾ ਸੁਪਨਾ ਉਨ੍ਹਾਂ ਨੇ ਦਸ ਕੁ ਸਾਲ ਪਹਿਲਾਂ ਲਿਆ ਸੀ। ਇਸ ਵੈੱਬਸਾਈਟ ਨੂੰ ਪੰਜਾਬੀ ਕਵਿਤਾ ਦੀ ਪਹਿਲੀ ਵੈੱਬਸਾਈਟ ਹੋਣ ਦਾ ਵੀ ਮਾਣ ਹਾਸਲ ਹੈ।
ਪ੍ਰਿੰਸੀਪਲ ਗਠਵਾਲਾ ਦਾ ਜਨਮ 23 ਮਾਰਚ 1951 ਨੂੰ ਪਿੰਡ ਨਾਰਾਇਣ ਗੜ੍ਹ ਜਿਲ੍ਹਾ ਸੰਗਰੂਰ (ਪੰਜਾਬ) ਵਿਚ ਹੋਇਆ ਸੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜੀ ਦੀ ਐਮ. ਏ. ਤੱਕ ਸਿੱਖਿਆ ਪ੍ਰਾਪਤ ਕੀਤੀ । ਜ਼ਿੰਦਗੀ ਦੇ ਹਰ ਖੇਤਰ ਨੂੰ ਉਨ੍ਹਾਂ ਨੇ ਨੇੜਿਉਂ ਹੋ ਕੇ ਵੇਖਣ ਅਤੇ ਬਚਪਨ ਤੋਂ ਹੀ ਸਾਹਿਤ ਨਾਲ ਬਹੁਤ ਪਿਆਰ ਹੋਣ ਕਾਰਨ ਉਨ੍ਹਾਂ ਨੇ ਇਹ ਕਾਰਜ ਆਪਣੇ ਜ਼ਿੰਮੇ ਲਿਆ।
ਵਰਨਣ ਯੋਗ ਗੱਲ ਇਹ ਵੀ ਹੈ ਕਿ ਉਨ੍ਹਾਂ ਨੇ ਕਿਰਤੀ ਕਿਸਾਨ ਸੰਘਰਸ਼ ਨਾਲ ਸਬੰਧਿਤ ਲਗ ਪਗ 600 ਕਵਿਤਾਵਾਂ ਇਕੱਠੀਆਂ ਕਰਕੇ ਵੈੱਬਸਾਈਟ ਵਿੱਚ ਸੰਭਾਲ ਲਿਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਕੰਵਲਜੀਤ ਸਿੰਘ ਸ਼ੰਕਰ ਨੇ ਪ੍ਰਿੰ: ਕਰਮਜੀਤ ਸਿੰਘ ਗਠਵਾਲਾ ਨੂੰ ਸਨਮਾਨ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਆਰਟਸ ਕੌਂਸਲ ਨੂੰ ਸ਼ੁਭ ਕਾਰਜ ਲਈ ਮੁਬਾਰਕਬਾਦ ਦਿੱਤੀ ਹੈ।