ਤਰਕਸ਼ੀਲਾਂ ਨੇ 'ਤਰਕਸ਼ੀਲ ਮੈਗਜ਼ੀਨ' ਦਾ ਮਈ-ਜੂਨ ਅੰਕ ਕੀਤਾ ਲੋਕ ਅਰਪਣ
ਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ: ਤਰਕਸ਼ੀਲ
ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਭਰਮ ਜਾਲ ਤੋਂ ਕੀਤਾ ਸਾਵਧਾਨ
ਦਲਜੀਤ ਕੌਰ
ਸੰਗਰੂਰ, 18 ਮਈ, 2024: ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ ਬਾਲਦ ਕਲਾਂ ਤੇ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਕਾਈ ਦੀ ਸਰਗਰਮੀਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਜ਼ੋਨ ਦੀ ਪਰਿਵਾਰਕ ਮਿਲਣੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਸਹਿਮਤੀ ਬਣੀ ਤੇ ਮੀਟਿੰਗ ਵਿੱਚ ਤਰਕਸ਼ੀਲ ਮੈਗਜ਼ੀਨ ਦਾ ਮਈ-ਜੂਨ ਅੰਕ ਅੰਕ ਲੋਕ ਅਰਪਣ ਕੀਤਾ ਗਿਆ। ਸੂਬਾ ਕਮੇਟੀ ਤੇ ਜ਼ੋਨ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ ਤੇ ਸਥਾਨਕ ਇਕਾਈ ਵੱਲੋਂ ਸੂਬਾ ਸਾਲਾਨਾ ਇਕੱਤਰਤਾ ਵਿੱਚ ਸ਼ਮੂਲੀਅਤ ਦਾ ਰਿਵਿਊ ਕੀਤਾ ਗਿਆ। ਰੀਵੀਊ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਨੇ ਗਿਣਾਤਮਕ ਤੇ ਗੁਣਾਤਮਿਕ ਪੱਖੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਭਾਵਪੂਰਤ ਕਿਹਾ। ਜੋਤਿਸ਼ ਤੇ ਚਰਚਾ ਕਰਦੇ ਸਮੇਂ ਸਾਰਿਆਂ ਨੇ ਕਿਹਾ ਕਿ ਜੋਤਿਸ਼ ਲੋਕਾਂ ਨੂੰ ਮੂਰਖ਼ ਬਣਾਉਣ ਤੋਂ ਬਿਨਾਂ ਕੁਝ ਨਹੀਂ।
ਆਗੂਆਂ ਕਿਹਾ ਕਿ ਜੋਤਿਸ਼ ਤੇ ਵਾਸਤੂਸ਼ਾਸਤਰ ਕਿਸੇ ਵੀ ਤਰ੍ਹਾਂ ਵਿਗਿਆਨਕ ਨਹੀਂ ਹੈ,ਇਹ ਤੀਰ ਤੁੱਕਾ ਹੈ, ਜੋਤਸ਼ ਭਾਰਤੀ ਸੰਵਿਧਾਨ ਦੀਆਂ ਮੂਲ਼ ਭਾਵਨਾਵਾਂ ਦੇ ਉਲਟ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਉਹ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕਰੇ ਤਾਂ ਜੋ ਲੋਕਾਂ ਦਾ ਨਜ਼ਰੀਆ ਵਿਗਿਆਨਕ ਬਣੇ।
ਮੀਟਿੰਗ ਵਿੱਚ ਲੋਕਾਂ ਨੂੰ ਅਖੌਤੀ ਸਿਆਣਿਆਂ, ਜੋਤਸ਼ੀਆਂ, ਤਾਂਤਰਿਕਾਂ, ਵਾਸਤੂ ਸ਼ਾਸਤਰੀਆਂ ਦੇ ਫੈਲਾਏ ਭਰਮਜਾਲ, ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਰੂੜ੍ਹੀਵਾਦੀ ਵਿਚਾਰਾਂ, ਅਰਥਹੀਣ, ਵੇਲਾ ਵਿਹਾ ਚੁੱਕੀਆਂ ਗਲੀਆਂ ਸੜੀਆਂ ਰਸਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਤੇ ਨੈਤਿਕ ਕਦਰਾਂ ਅਪਨਾਉਣ ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ, ਗੁਰਦੀਪ ਸਿੰਘ, ਸੀਤਾ ਰਾਮ, ਜਸਦੇਵ ਸਿੰਘ, ਹੇਮ ਰਾਜ, ਪ੍ਰਹਿਲਾਦ ਸਿੰਘ, ਨਛੱਤਰ ਸਿੰਘ ਛਾਜਲਾ ਰਘਬੀਰ ਸਿੰਘ ਛਾਜਲੀ, ਅਮਰ ਨਾਥ ਨੇ ਸ਼ਮੂਲੀਅਤ ਕੀਤੀ।