- ਉਘੇ ਲੇਖਕਾਂ, ਕਵੀਆਂ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਅਹਿਮ ਹਸਤੀਆਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਹੋਈਆਂ ਅਹਿਮ ਵਿਚਾਰਾਂ
- ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅਤੇ ਸੂਚਨਾ ਕਮਿਸ਼ਨਰ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਫੈਸਟੀਵਲ ਦਾ ਕੀਤਾ ਗਿਆ ਆਗਾਜ਼
ਹੁਸ਼ਿਆਰਪੁਰ, 23 ਨਵੰਬਰ 2019 - ਅੱਜ ਹੁਸ਼ਿਆਰਪੁਰ ਵਿਖੇ ਕਰਵਾਏ ਆਪਣੀ ਕਿਸਮ ਦੇ ਪਹਿਲੇ ਰਾਈਟਰਸ ਫੈਸਟੀਵਲ ਦੌਰਾਨ ਹੁਸ਼ਿਆਰਪੁਰ ਸਾਹਿਤਕ ਰੰਗ ਵਿੱਚ ਰੰਗਿਆ ਗਿਆ। ਸਿਟਰਸ ਕਾਊਂਟੀ ਛਾਉਣੀ ਕਲਾਂ ਵਿਖੇ ਫੈਸਟੀਵਲ ਦਾ ਆਗਾਜ਼ ਪੰਜਾਬ ਯੋਜਨਾ ਬੋਰਡ ਤੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਲਿਮ: ਦੇ ਵਾਈਸ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿੱਤਲ ਅਤੇ ਉਘੇ ਲੇਖਕ ਤੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਸ੍ਰੀ ਖੁਸ਼ਵੰਤ ਸਿੰਘ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, 'ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ' ਦੀ ਪ੍ਰਧਾਨ ਸਨਾ ਕੇ. ਗੁਪਤਾ ਤੋਂ ਇਲਾਵਾ ਵੱਖ-ਵੱਖ ਸਖਸ਼ੀਅਤਾਂ ਮੌਜੂਦ ਸਨ।
ਫੈਸਟੀਵਲ ਦੌਰਾਨ ਉਘੇ ਲੇਖਕਾਂ, ਕਵੀਆਂ, ਪੈਨਲਿਸਟ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਅਹਿਮ ਹਸਤੀਆਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਅਹਿਮ ਵਿਚਾਰਾਂ ਹੋਈਆਂ। ਫੈਸਟੀਵਲ ਵਿੱਚ 7 ਸੈਸ਼ਨ ਹੋਏ ਅਤੇ ਆਖਰੀ ਸੈਸ਼ਨ ਵਿੱਚ ਉਘੇ ਕਵੀ ਸ੍ਰੀ ਸੁਰਜੀਤ ਪਾਤਰ ਨਾਲ ਉਨ੍ਹਾਂ ਦੀ ਪੁਸਤਕ 'ਪੰਜਾਬ ਇਕ ਕਵੀ ਦੀ ਨਜ਼ਰ ਤੋਂ' (Punjab through the eyes of a poet) ਬਾਰੇ ਸੀਨੀਅਰ ਪੱਤਰਕਾਰ ਨਿਰੁਪਮਾ ਦੱਤ ਵਲੋਂ ਅਹਿਮ ਚਰਚਾ ਕੀਤੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਪੁੱਜੇ ਵਿਦਿਆਰਥੀਆਂ ਵਲੋਂ ਸਵਾਲ ਵੀ ਕੀਤੇ ਗਏ, ਜਿਨ੍ਹਾਂ ਦਾ ਸ੍ਰੀ ਸੁਰਜੀਤ ਪਾਤਰ ਵਲੋਂ ਬਾਖੂਬੀ ਜਵਾਬ ਦਿੱਤਾ ਗਿਆ। ਸਭ ਤੋਂ ਪਹਿਲਾਂ ਉਘੇ ਲੇਖਕ ਸ੍ਰੀ ਉਪਮਨਿਊ ਚੈਟਰਜੀ ਨਾਲ ਉਨ੍ਹਾਂ ਦੀ ਪੁਸਤਕ (Stories around assassination of Indra Gandhi) ਬਾਰੇ ਸਪੀਕਿੰਗ ਟਾਈਗਰ ਦੇ ਸਹਿ ਸੰਸਥਾਪਕ ਸ੍ਰੀ ਰਵੀ ਸਿੰਘ ਨੇ ਗੱਲਬਾਤ ਕੀਤੀ। ਇਸ ਦੌਰਾਨ ਇਸ ਪੁਸਤਕ ਸਬੰਧੀ ਅਹਿਮ ਘਟਨਾਵਾਂ ਨੂੰ ਛੋਹਿਆ ਗਿਆ।
'ਹੁਸ਼ਿਆਰਪੁਰ ਰਾਈਟਰਸ ਫੈਸਟੀਵਲ' ਮੌਕੇ ਸਮਾਜਿਕ ਰਿਸ਼ਤਿਆਂ ਸਬੰਧੀ ਉਘੀ ਲੇਖਿਕਾ ਸ੍ਰੀਮਤੀ ਸੋਨਾਲੀ ਖੁੱਲਰ ਸ਼ਰਾਫ ਵਲੋਂ ਲਿਖੀ ਪੁਸਤਕ (Love in the time of affluenza) ਬਾਰੇ ਪੈਨਲਿਸਟ ਪ੍ਰੀਤੀ ਗਿੱਲ ਅਤੇ ਸਨਾ ਕੇ ਗੁਪਤਾ ਵਲੋਂ ਗੱਲਬਾਤ ਕੀਤੀ ਗਈ, ਜਿਸ ਵਿੱਚ ਪਰਿਵਾਰਕ ਰਿਸ਼ਤਿਆਂ ਦੀ ਮਜ਼ਬੂਤੀ ਬਾਰੇ ਚਰਚਾ ਕੀਤੀ ਗਈ। ਇਸ ਤੋਂ ਬਾਅਦ ਪੰਜਾਬੀ ਸਿਨੇਮਾ ਬਾਰੇ ਡਿਜੀਟਲ ਦੀ ਦੁਨੀਆਂ ਵਿੱਚ ਮਨੋਰੰਜਨ ਦੇ ਭਵਿੱਖ ਬਾਰੇ ਬਾਲੀਵੁਡ ਅਭਿਨੇਤਾ ਸ੍ਰੀ ਰਣਵੀਰ ਸ਼ੌਰੇ, ਐਕਸ ਵਾਇਆਕਾਮ 18 ਦੇ ਸਾਬਕਾ ਸੀ.ਓ.ਓ. ਸ੍ਰੀ ਰਾਜ ਨਾਇਕ ਅਤੇ ਜੋਤੀ ਕਮਲ ਦਰਮਿਆਨ ਚਰਚਾ ਹੋਈ। ਇਸ ਚਰਚਾ ਵਿੱਚ ਡਿਜੀਟਲ ਦੀ ਦੁਨੀਆਂ ਵਿੱਚ ਸਿਨੇਮਾ ਦੇ ਭਵਿੱਖ ਬਾਰੇ ਅਹਿਮ ਵਿਚਾਰ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਅਜੋਕੇ ਦੌਰ ਵਿੱਚ ਮਾਸ ਮੀਡੀਆ ਦੇ ਯੋਗਦਾਨ ਸਬੰਧੀ ਵੀ ਚਰਚਾ ਕੀਤੀ ਗਈ।
ਫੈਸਟੀਵਲ ਦੌਰਾਨ ਮਸ਼ਹੂਰ ਲੇਖਿਕਾ ਰਖਸ਼ੰਦਾ ਜਲੀਲ ਦੀ ਨਵੀਂ ਪੁਸਤਕ (But You don't look like A Muslim) 'ਤੇ ਸੀਨੀਅਰ ਪੱਤਰਕਾਰ ਨਿਰੂਪਮਾ ਦੱਤ ਵਲੋਂ ਚਰਚਾ ਕੀਤੀ ਗਈ। ਇਸ ਪੁਸਤਕ ਵਿੱਚ ਵੀ ਅਹਿਮ ਮੁੱਦਿਆਂ ਨੂੰ ਬੜੀ ਹੀ ਬਰੀਕੀ ਨਾਲ ਛੋਹਿਆ ਗਿਆ। ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ਬਾਰੇ ਉਘੇ ਡਾਇਰੈਕਟਰ ਸ੍ਰੀ ਅਨੁਰਾਗ ਸਿੰਘ, ਐਕਟਰ ਸ੍ਰੀ ਗੁਰਪ੍ਰੀਤ ਸਿੰਘ ਘੁੱਗੀ, ਲੇਖਕ ਸ੍ਰੀ ਜਤਿੰਦਰ ਮੌਹਰ, ਸਾਬਕਾ ਮਿਸ ਇੰਡੀਆ ਅਤੇ ਐਕਟਰ ਨਵਨੀਤ ਢਿੱਲੋਂ ਅਤੇ ਨਵਲੀਨ ਲੱਖੀ ਵਲੋਂ ਗੱਲਬਾਤ ਕੀਤੀ ਗਈ, ਜਿਸ ਵਿੱਚ ਪੰਜਾਬੀ ਸਿਨੇਮੇ ਦੇ ਮੌਜੂਦਾ ਦੌਰ ਅਤੇ ਭਵਿੱਖ ਬਾਰੇ ਅਹਿਮ ਵਿਸ਼ਿਆਂ ਨੂੰ ਛੇੜਿਆ ਗਿਆ। ਉਪਰੰਤ 'ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ' ਦੀ ਪ੍ਰਧਾਨ ਅਤੇ ਲੇਖਿਕਾ ਸਨਾ ਕੇ. ਗੁਪਤਾ ਦੀ ਪੁਸਤਕ (Hands that disobeyed) ਲਾਂਚ ਕੀਤੀ ਗਈ ਅਤੇ ਇਸ ਪੁਸਤਕ ਬਾਰੇ ਲੇਖਿਕਾ ਨਾਲ 6ਵੇਂ ਸੈਸ਼ਨ ਦੌਰਾਨ ਉਘੇ ਲੇਖਕ ਤੇ ਪੰਜਾਬ ਰਾਜ ਸੂਚਨਾ ਕਮਿਸ਼ਨਰ ਸ੍ਰੀ ਖੁਸ਼ਵੰਤ ਸਿੰਘ ਅਤੇ ਲੇਖਿਕਾ ਸ੍ਰੀਮਤੀ ਸੋਨਾਲੀ ਖੁੱਲਰ ਸ਼ਰਾਫ ਵਲੋਂ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਪੁਸਤਕ ਦੀ ਚਰਚਾ ਦੌਰਾਨ ਅਹਿਮ ਮੁੱਦਿਆਂ 'ਤੇ ਗੱਲਬਾਤ ਹੋਈ। ਉਪਰੰਤ ਸ਼ਾਮ ਨੂੰ ਮਹਾਨ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਕਵਿਤਾ 'ਪੰਜਾਬ ਇਕ ਕਵੀ ਦੀ ਨਜ਼ਰ ਤੋਂ' ਸਬੰਧੀ ਨਿਰੁਪਮਾ ਦੱਤ ਨੇ ਵਿਚਾਰ ਚਰਚਾ ਕੀਤੀ ਅਤੇ ਪੂਰੀ ਫਿਜ਼ਾ ਨੂੰ ਸਾਹਿਤਕ ਰੰਗ ਵਿੱਚ ਰੰਗ ਕੇ 'ਹੁਸ਼ਿਆਰਪੁਰ ਰਾਈਟਰਸ ਫੈਸਟੀਵਲ' ਸਮਾਪਤ ਹੋਇਆ।
ਸ਼੍ਰੀ ਖੁਸ਼ਵੰਤ ਸਿੰਘ ਨੇ ਕਿਹਾ ਕਿ ਇਸ ਫੈਸਟੀਵਲ ਰਾਹੀਂ ਉਘੇ ਲੇਖਕਾਂ, ਕਵੀਆਂ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਅਹਿਮ ਹਸਤੀਆਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ ਹਨ, ਜੋ ਇਕ ਨਿਰੋਏ ਅਤੇ ਤੰਦਰੁਸਤ ਸਮਾਜ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਨੂੰ ਇਹ ਫੈਸਟੀਵਲ ਕਰਵਾਉਣ ਦਾ ਮਾਣ ਪ੍ਰਾਪਤ ਹੋਇਆ ਹੈ, ਜਿਸ ਲਈ ਉਹ 'ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ' ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਫੈਸਟੀਵਲ ਵਿੱਚ ਪਹੁੰਚੇ ਉਘੇ ਲੇਖਕਾਂ, ਕਵੀਆਂ ਅਤੇ ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਨੂੰ ਪਹੁੰਚਣ 'ਤੇ ਧੰਨਵਾਦ ਵੀ ਪ੍ਰਗਟਾਇਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ 'ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ' ਦੇ ਮੈਂਬਰ ਅਤੇ ਵੱਖ-ਵੱਖ ਸਖਸ਼ੀਅਤਾਂ ਹਾਜ਼ਰ ਸਨ।