ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਭਾਈ ਵੀਰ ਸਿੰਘ ਦੇ ਸਾਹਿਤ ਉੱਤੇ ਰਾਸ਼ਟਰੀ ਸੈਮੀਨਾਰ
- ਸਹਿਤ ਦਾ ਵਿਸ਼ਲੇਸ਼ਣ ਵਿਚਾਰਧਾਰਾ ਤੋਂ ਉਪਰ ਉੱਠ ਕੇ ਕੀਤੇ ਜਾਣ ਦੀ ਲੋੜ-ਪ੍ਰੋਫੈਸਰ ਅਰਵਿੰਦ ਵੱਖ-ਵੱਖ ਵਿਦਵਾਨਾਂ ਵੱਲੋਂ ਭਾਈ ਵੀਰ ਸਿੰਘ ਦੇ ਸਾਹਿਤ ਉੱਤੇ ਵਿਚਾਰ ਚਰਚਾ
ਪਟਿਆਲਾ 20 ਮਾਰਚ 2024 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਸਾਹਿਤ ਦਾ ਵਿਸ਼ੇਸ਼ਣ ਵਿਚਾਰਧਾਰਾਵਾਂ ਤੋਂ ਉਪਰ ਉੱਠ ਕੇ ਕੀਤੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਹੈ।
ਅੱਜ ਇਥੇ ਸੈਨਟ ਹਾਲ ਵਿਖੇ ਭਾਈ ਵੀਰ ਸਿੰਘ ਦੇ ਸਾਹਿਤ ਬਾਰੇ ਇੱਕ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਸਮੇਂ ਦੇ ਬੀਤਣ ਨਾਲ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਭਾਈ ਵੀਰ ਸਿੰਘ ਦੇ ਸਹਿਤ ਨੂੰ ਵਿਚਾਰਧਾਰਾ ਤੂੰ ਉਪਰ ਉਠ ਕੇ ਪ੍ਰਵਾਨ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਪਹਿਲਾਂ ਭਾਈ ਵੀਰ ਸਿੰਘ ਦੇ ਸਹਿਤ ਨੂੰ ਢੁਕਮੀ ਤਵੱਜੋ ਨਹੀਂ ਦਿੰਦੇ ਸਨ ਉਹਨਾਂ ਨੇ ਵੀ ਹੁਣ ਭਾਈ ਵੀਰ ਸਿੰਘ ਦੇ ਸਾਹਿਤ ਨੂੰ ਪ੍ਰਵਾਨ ਲਿਆ ਹੈ। ਵਿਚਾਰਧਾਰਕ ਵਿਰੋਧੀਆਂ ਦੇ ਕੰਮ ਨੂੰ ਵੀ ਮਾਨਤਾ ਦਿੱਤੇ ਜਾਣ ਦੀ ਜ਼ਰੂਰਤ ਜ਼ੋਰ ਦਿੰਦੇ ਹੋਏ ਪ੍ਰੋਫੈਸਰ ਅਰਵਿੰਦ ਨੇ ਕਿਹਾ ਕਿ ਸਾਹਿਤ ਦੇ ਮਿਆਰ ਦੇ ਹਿਸਾਬ ਨਾਲ ਹੀ ਹਰੇਕ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਵੱਲੋਂ ਰਚਿਆ ਗਿਆ ਸਹਿਤ ਵਰਤਮਾਨ ਸਮੇਂ ਵੀ ਆਪਣੀ ਅਹਿਮੀਅਤ ਰੱਖਦਾ ਹੈ।
ਵਾਈਸ ਚਾਂਸਲਰ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਵੀਹਵੀਂ ਸਦੀ ਦੇ ਮੁੱਢਲੇ ਦੌਰ ਦੌਰਾਨ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੱਤੀ ਅਤੇ ਉਨ੍ਹਾਂ ਨੇ ਸਾਹਿਤ ਦੇ ਖੇਤਰ ਦੇ ਨਵੇਂ ਨਵੇਂ ਤਜਰਬੇ ਕੀਤੇ। ਪ੍ਰੋਫੈਸਰ ਅਰਵਿੰਦ ਨੇ ਗਿਆਨ-ਵਿਗਿਆਨ ਦੇ ਸਣੇ ਸਾਰੇ ਕੰਮ ਪੰਜਾਬੀ ਭਾਸ਼ਾ ਵਿੱਚ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਭਾਸ਼ਾ ਦੇ ‘ਲੋਕ ਭਾਸ਼ਾ’ ਬਣਨ ਨਾਲ ਉਹ ਨਾ ਕੇਵਲ ਸੁਰੱਖਿਤ ਰਹਿ ਸਕਦੀ ਹੈ ਸਗੋਂ ਉਹ ਵਿਕਾਸ ਦੇ ਨਵੇਂ ਨਵੇਂ ਪੜਾਅ ਵੀ ਸਰ ਕਰ ਕਰਦੀ ਰਹਿੰਦੀ ਹੈ। ਉਹਨਾਂ ਕਿਹਾ ਕਿ ਜੇ ਅਸੀਂ ਸਰਕਾਰੀ ਕੰਮਕਾਜ ਸਣੇ ਗਿਆਨ ਵਿਗਿਆਨ ਦੇ ਸਾਰੇ ਕਾਰਜ ਪੰਜਾਬੀ ਭਾਸ਼ਾ ਚ ਕਰਾਂਗੇ ਤਾਂ ਪੰਜਾਬੀ ਨੂੰ ਕੋਈ ਵੀ ਖਤਰਾ ਪੈਦਾ ਨਹੀਂ ਹੋਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖ ਸਟਡੀਜ ਵਿਭਾਗ ਦੇ ਪ੍ਰੋਫੈਸਰ ਗੁਰਪਾਲ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਭਾਈ ਵੀਰ ਸਿੰਘ ਦੇ ਸਾਹਿਤ ਦੀ ਚਰਚਾ ਕੀਤੀ। ਉਹਨਾਂ ਨੇ ਆਪਣੇ ਵਿਸ਼ਲੇਸ਼ਣ ਦੌਰਾਨ ਭਾਈ ਵੀਰ ਸਿੰਘ ਨੂੰ ਇੱਕ ਉਗਾ ਸਹਿਤਕਾਰ ਦੱਸਿਆ ਜਿਨਾਂ ਨੇ ਵੱਖ ਵੱਖ ਵਿਧਾਵਾਂ ਵਿੱਚ ਆਪਣਾ ਕਾਰਜ ਕੀਤਾ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲ ਡਾਕਟਰ ਸਤਿੰਦਰ ਸਿੰਘ ਨੇ ਭਾਈ ਵੀਰ ਸਿੰਘ ਦੇ ਸਹਿਤ ਦੀ ਚਰਚਾ ਕਰਦੇ ਹੋਏ ਕਿਹਾ ਕਿ ਭਾਈ ਵੀਰ ਸਿੰਘ ਨੇ ਸਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਜਿਸ ਦੀ ਇਸ ਸਮੇਂ ਵੀ ਆਪਣੀ ਵਿਸ਼ੇਸ਼ ਮਹੱਤਤਾ ਹੈ।
ਇਸ ਤੋਂ ਪਹਿਲਾਂ ਇਸ ਸੈਮੀਨਾਰ ਦੇ ਕਨਵੀਨਰ ਡਾਕਟਰ ਜਸਵਿੰਦਰ ਸਿੰਘ ਨੇ ਸੈਮੀਨਾਰ ਦੇ ਬਾਰੇ ਵਿਸਤ੍ਰਤ ਜਾਣਕਾਰੀ ਦਿੱਤੀ। ਸੈਮੀਨਾਰ ਦੇ ਅੰਤ ਵਿੱਚ ਇਤਿਹਾਸ ਵਿਭਾਗ ਦੀ ਡਾ. ਕਰਮਜੀਤ ਕੌਰ ਮਲਹੋਤਰਾ ਨੇ ਧੰਨਵਾਦੀ ਮਤਾ ਪੇਸ਼ ਕੀਤਾ।