ਨੰਨੇ- ਮੁੰਨੇ ਪ੍ਰਾਇਮਰੀ ਪੱਧਰ ਦੇ ਬੱਚਿਆਂ ਦੀਆਂ ਲਿਖੀਆਂ ਰਚਨਾਵਾਂ ਦੀ ਪੁਸਤਕ "ਨਵੀਆਂ ਕਲਮਾਂ ਨਵੀਂ ਉਡਾਣ" ਲੋਕ ਅਰਪਿਤ
- ਪੰਜਾਬ ਦੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜਨਾ ਤੇ ਜ਼ਿੰਦਗੀ 'ਚ ਸਹੀ ਦਿਸ਼ਾ ਦੇਣ ਵਿੱਚ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ- ਸੁੱਖੀ ਬਾਠ
ਗੁਰਪ੍ਰੀਤ ਸਿੰਘ ਜਖਵਾਲੀ
ਨਾਭਾ 1 ਸਤੰਬਰ 2024:- ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਬੱਚਿਆਂ ਅੰਦਰ ਲਿਖਣ ਦੀ ਕਲਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਮੁੱਚੀ ਦੁਨੀਆਂ ਦੇ ਵਿੱਚ ਆਰੰਭੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ " ਨਵੀਆਂ ਕਲਮਾਂ ਨਵੀਂ ਉਡਾਣ " ਪ੍ਰੋਜੈਕਟ ਅਧੀਨ ਪ੍ਰਾਇਮਰੀ ਪੱਧਰ ਦੇ ਨੰਨੇ - ਮੁੰਨੇ ਬੱਚਿਆਂ ਵੱਲੋਂ ਆਪਣੀਆਂ ਲਿਖਤਾਂ ਲਿਖੀਆਂ ਗਈਆਂ। ਜਿਸ ਨੂੰ ਸੰਪਾਦਿਤ ਗੁਰਮੀਤ ਸਿੰਘ ਨਿਰਮਾਣ ਨੇ ਪ੍ਰਾਇਮਰੀ ਪੱਧਰ ਲਈ ਕਿਤਾਬ ਤਿਆਰ ਕੀਤੀ।ਜਿਸ ਨੇ ਸਹਿਤ ਜਗਤ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ।ਇਸ ਕਿਤਾਬ ਨੂੰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਨਾਭਾ ਵਿਖੇ ਲੋਕ ਅਰਪਿਤ ਕੀਤਾ ਗਿਆ। ਇਸ ਦੇ ਲਈ ਵਿਸ਼ੇਸ਼ ਤੌਰ ਤੇ ਸਮਾਗਮ ਰੱਖਿਆ ਗਿਆ ਤੇ ਬਹੁਤ ਹੀ ਭਾਵਕ ਮਾਹੌਲ ਦੇ ਵਿੱਚ ਸਮਾਗਮ ਹੋਇਆ। ਜਿਸ ਵਿੱਚ ਬੱਚਿਆਂ ਵੱਲੋਂ ਬਾ ਕਮਾਲ ਆਪਣੀਆਂ ਰਚਨਾਵਾਂ ਦੀ ਬੜੇ ਹੀ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਪੇਸ਼ਕਾਰੀ ਕਰਕੇ ਚੰਗੀ ਛਾਪ ਛੱਡੀ।
ਇਸ ਮੌਕੇ ਬੱਚਿਆਂ ਵੱਲੋਂ ਸਮੁੱਚੀ ਸਟੇਜ ਦਾ ਸੰਚਾਲਨ ਪੇਧਨ ਸਕੂਲ ਦੇ ਬੱਚਿਆਂ ਵੱਲੋਂ ਕੀਤਾ ਗਿਆ। ਜਿਸ ਨੇ ਬਹੁਤ ਜਿਆਦਾ ਚੰਗਾ ਪ੍ਰਭਾਵ ਛੱਡਿਆ । ਬੱਚਿਆਂ ਅੰਦਰ ਰਚਨਾਤਮਿਕਤਾ ਤੇ ਲਿਖਣ ਦੀ ਕਲਾ ਨੂੰ ਵੇਖ ਕੇ ਪਹੁੰਚੀਆਂ ਸ਼ਖਸੀਅਤਾਂ ਨੇ ਬਹੁਤ ਵਧੀਆ ਪ੍ਰਭਾਵ ਕਬੂਲਿਆ ਤੇ ਬੱਚਿਆਂ ਤੋਂ ਉਮੀਦ ਕੀਤੀ ਕਿ ਭਵਿੱਖ 'ਚ ਜਿਹੜਾ ਪ੍ਰਾਜੈਕਟ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਹੈ, ਇਸ ਚੋਂ ਪੈਦਾ ਹੋ ਰਹੀ ਨਰਸਰੀ ਚੋਂ ਬੜੇ ਲੇਖਕ ਤੇ ਸ਼ਖਸੀਅਤਾਂ ਪੈਦਾ ਹੋਣਗੀਆਂ । ਬੱਚਿਆਂ ਨੂੰ ਇੱਕ ਵੱਡੀ ਦਿਸ਼ਾ ਮਿਲੇਗੀ ਜੋ ਭਵਿੱਖ ਦੇ ਵਿੱਚ ਪੰਜਾਬ ਅੰਦਰ ਉਸਾਰੂ ਭੂਮਿਕਾ ਨਿਭਾਉਣਗੇ।
ਇਸ ਮੌਕੇ ਇੱਕਤਰ ਨੰਨ੍ਹੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸੁੱਖੀ ਬਾਠ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਸਮੁੱਚੀ ਦੁਨੀਆਂ ਦੇ ਵਿੱਚ ਮਾਂ ਬੋਲੀ ਪੰਜਾਬੀ ਨਾਲ ਬੱਚਿਆਂ ਨੂੰ ਜੋੜਨਾ ਹੀ ਨਹੀਂ , ਸਗੋਂ ਪੰਜਾਬੀ ਵਿਰਸੇ ਤੇ ਪੰਜਾਬ ਦੇ ਇਤਿਹਾਸ ਨਾਲ ਜੋੜਨਾ ਵੀ ਹੈ। ਅਗਲੀ ਪੀੜ੍ਹੀ ਨੂੰ ਉਸ ਇਤਿਹਾਸ ਦੇ ਨਾਲ ਨਾਲ ਉਸਦੇ ਸੱਭਿਆਚਾਰ ਨਾਲ ਜੋੜਨ ਦਾ ਵੀ ਇੱਕ ਯਤਨ ਹੈ। ਉਹਨਾਂ ਅੱਗੇ ਕਿਹਾ ਕਿ ਬੱਚਿਆਂ ਦੇ ਅੰਦਰ ਜਿੱਥੇ ਕਲਪਨਾ ਦੀ ਸਿਰਜਣਾ ਤੇ ਰਚਨਾਤਮਿਕਤਾ ਪੈਦਾ ਹੋਵੇਗੀਉਥੇ ਉਹ ਬੱਚਿਆਂ ਨੂੰ ਜ਼ਿੰਦਗੀ ਚ ਹੋਰ ਕਈ ਮੁਕਾਮਾਂ ਚ ਵੱਡੇ ਟੀਚਿਆਂ ਤੇ ਪਹੁੰਚਣ ਦੇ ਲਈ ਵੀ ਪ੍ਰੇਰਿਤ ਕਰੇਗੀ ਤੇ ਮਾਂ ਬਾਪ ਦਾ ਨਾਮ ਰੋਸ਼ਨ ਕਰੇਗੀ।ਪੰਜਾਬ ਦੇ ਭਵਿੱਖ ਲਈ ਵੀ ਇਹ ਬੱਚਿਆਂ ਚ ਵਧੀਆ ਭੂਮਿਕਾ ਸਿਰਜੇਗੀ । ਇਸ ਮੌਕੇ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਸਮਾਗਮ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਅਤੇ ਲੋਕ ਅਰਪਣ ਕਿਤਾਬ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਬੋਲਦਿਆਂ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਭਵਿੱਖ ਸਬੰਧੀ ਕਾਰਜਾਂ ਅਤੇ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਵਿਸਤਾਰ ਨਾਲ ਦੱਸਿਆ। ਵਿਸ਼ੇਸ਼ ਤੌਰ ਤੇ ਪਹੁੰਚੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਸੁੱਖੀ ਬਾਠ ਵੱਲੋਂ ਸ਼ੁਰੂ ਕੀਤਾ ਇਹ ਉਪਰਾਲਾ ਬੱਚਿਆਂ ਵਿੱਚ ਨਵੀਆਂ ਕਲਾਵਾਂ ਪੈਦਾ ਕਰੇਗਾ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚੇ ਇਸ ਰਾਹੀਂ ਆਪਣਾ ਨਾਮ ਰੋਸ਼ਨ ਕਰਨਗੇ। ਇਸ ਸਮਾਗਮ ਵਿੱਚ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।ਇਸ ਸਮੇਂ ਪਹੁੰਚੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਗਾਈਡ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ, ਕਿਤਾਬ ਤੇ ਬੱਚਿਆਂ ਨੂੰ ਮੈਡਲ , ਸਰਟੀਫਿਕੇਟ, ਪੋਸਟਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਦਾ ਕਿਤਾਬ ਦੇ ਮੁੱਖ ਸੰਪਾਦਕ ਗੁਰਮੀਤ ਸਿੰਘ ਨਿਰਮਾਣ ਅਤੇ ਸੰਪਾਦਕੀ ਟੀਮ ਵੱਲੋਂ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਆਪਣੀਆਂ ਰਚਨਾਵਾਂ ਇਹ ਸੰਪਾਦਤ ਕੀਤੀ ਪੁਸਤਕ " ਨਵੀਆਂ ਕਲਮਾਂ ਨਵੀਂ ਉਡਾਨ " ਨੂੰ ਬੱਚਿਆਂ ਆਏ ਮਹਿਮਾਨਾ ਨੇ ਸਾਂਝੇ ਰੂਪ ਵਿੱਚ ਲੋਕ ਅਰਪਿਤ ਕੀਤਾ।
- ਇਸ ਮੌਕੇ ਪਹੁੰਚੀਆਂ ਸ਼ਖਸ਼ੀਅਤਾਂ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਫਤਿਹਗੜ੍ਹ ਸਾਹਿਬ ਦੀਦਾਰ ਸਿੰਘ ਮਾਂਗਟ, ਪ੍ਰਿੰਸੀਪਲ ਨੀਰਜ ਵੈਦ ਸਸਸਸ ਆਲੋਵਾਲ, ਰਿਟਾਇਰਡ ਮੁੱਖ ਅਧਿਆਪਕ ਸ਼ੀਸ਼ਾ ਸਿੰਘ, ਗੁਰਵਿੰਦਰ ਸਿੱਧੂ ਸਲਾਹਕਾਰ,ਅਰਵਿੰਦਰ ਸਿੰਘ ਢਿੱਲੋਂ,ਇੰਜ ਸਤਨਾਮ ਸਿੰਘ ਮੱਟੂ, ਜਗਜੀਤ ਸਿੰਘ ਵਾਲੀਆ, ਰਾਜਵੰਤ ਸਿੰਘ ਭੰਗੂ, ਲਖਵਿੰਦਰ ਸਿੰਘ, ਕਮਲਜੀਤ ਸਿੰਘ, ਰਛਪਾਲ ਸਿੰਘ, ਸਤਵੀਰ ਸਿੰਘ, ਰਸ਼ਵਿੰਦਰ ਕੌਰ, ਲਖਵੀਰ ਸਿੰਘ, ਨਿਰਭੈ ਸਿੰਘ, ਪ੍ਰਦੀਪ ਸ਼ਰਮਾ ,ਮਾਪੇ ਤੇ ਬੱਚੇ ਹਾਜ਼ਰ ਸਨ।