ਕੌਮਾਂਤਰੀ ਇਸਤਰੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ, ਇਸਤਰੀਆਂ ਦਾ ਹੋਇਆ ਕਵੀ ਦਰਬਾਰ
ਚੰਡੀਗੜ੍ਹ 10 ਮਾਰਚ 2024 - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਹੋਰ ਸਾਹਿਤ ਪ੍ਰੇਮੀਆਂ ਵੱਲੋਂ ਸ਼ਿਰਕਤ ਕੀਤੀ ਗਈ। ਸੁਰਜੀਤ ਸਿੰਘ ਧੀਰ ਨੇ ਰਾਗ ਬਿਲਾਵਲ ਵਿਚ ਸ਼ਬਦ ਸੁਣਾ ਕੇ ਸਮਾਗਮ ਦੀ ਆਰੰਭਤਾ ਕੀਤੀ। ਆਪਣੇ ਸਵਾਗਤੀ ਸ਼ਬਦਾਂ ਵਿਚ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਸਮਾਜ ਵਿਚ ਔਰਤ ਦਾ ਦਰਜਾ ਸਨਮਾਨ ਵਾਲਾ ਬਣਾਈ ਰੱਖਣ ਲਈ ਸਭਨਾਂ ਦਾ ਯੋਗਦਾਨ ਜ਼ਰੂਰੀ ਹੈ। ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਆਖਿਆ ਕਿ ਨਰੋਏ ਸਮਾਜ ਵਿਚ ਨਾਬਰਾਬਰੀ ਦਾ ਕੋਈ ਸਥਾਨ ਨਹੀਂ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਦਲਵਿੰਦਰ ਕੌਰ ਨੇ ਕਿਹਾ ਕਿ ਔਰਤ ਆਪਣੇ ਆਪ ਵਿਚ ਮਹਾਨ ਹੈ ਬਸ ਸਾਨੂੰ ਆਪਣੀ ਇਜ਼ੱਤ ਕਰਨੀ ਚਾਹੀਦੀ ਹੈ।
ਦੂਜੇ ਵਿਸ਼ੇਸ਼ ਮਹਿਮਾਨ ਅਮਰਜੀਤ ਕੌਰ ਕੋਮਲ ਨੇ ਆਖਿਆ ਕਿ ਔਰਤ ਦੇ ਸੰਘਰਸ਼ ਨੇ ਹੀ ਉਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਸਮਾਗਮ ਦੇ ਬੁਲਾਰੇ ਵਜੋਂ ਡਾ. ਕੰਵਲਜੀਤ ਕੌਰ ਢਿੱਲੋਂ ਨੇ ਸੰਵੇਦਨਸ਼ੀਲਤਾ ਦੀ ਗੱਲ ਕਰਦਿਆਂ ਸੰਵਾਦ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਫ਼ੈਸਲੇ ਕਰਨ ਦਾ ਅਧਿਕਾਰ ਜਿੰਨਾ ਔਰਤ ਕੋਲ ਹੋਵੇਗਾ ਸਮਾਜ ਓਨਾ ਹੀ ਜਾਗਰੂਕ ਹੋ ਸਕੇਗਾ। ਡਾ. ਜਸਕਿਰਨ ਗਰੇਵਾਲ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਔਰਤ ਦੀ ਦਸ਼ਾ ਇੱਕੋ ਵਰਗੀ ਹੀ ਹੈ ਜਿਸ ਲਈ ਹਾਲੇ ਬਹੁਤ ਕੋਸ਼ਿਸ਼ਾਂ ਕਰਨਾ ਬਣਦਾ ਹੈ। ਮੁੱਖ ਮਹਿਮਾਨ ਸੁਰਜੀਤ ਕੌਰ ਬੈਂਸ ਨੇ ਕਿਹਾ ਕਿ ਕੁਝ ਰਿਵਾਇਤਾਂ ਬਦਲ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਆਪਣੀ ਕਵਿਤਾ 'ਰੰਗੀਨ ਫੁੱਲਾਂ ਦਾ ਕਰ ਕੇ ਗੁਤਾਵਾ ਅਸੀਂ ਲੋਕ ਵੇਖੇ ਨੇ ਕਰਦੇ ਜੁਗਾਲ਼ੀ' ਸੁਣਾਈ। ਕਵੀ ਦਰਬਾਰ ਦਾ ਸੰਚਾਲਨ ਨਵਨੀਤ ਕੌਰ ਮਠਾੜੂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ।
ਪ੍ਰਿੰਸੀਪਲ ਗੁਰਦੇਵ ਕੌਰ ਪਾਲ ਨੇ ਸਾਹਿਰ ਲੁਧਿਆਣਵੀ ਅਤੇ ਕੈਫ਼ੀ ਆਜ਼ਮੀ ਦੇ ਕਲਾਮ ਸੁਣਾਏ। ਰਜਿੰਦਰ ਕੌਰ ਨੇ 'ਆ ਨੀ ਕੁੜੀਏ ਸਤਰੰਗੀਏ ਸਬਜ਼ਪਰੀਏ ਰੰਗਾਂ ਦੀ ਖੁਸ਼ਬੋਈ ਦਾ ਇਲਜ਼ਾਮ ਨਾ ਲਈਂ' ਕਵਿਤਾ ਸੁਣਾਈ। ਡਾ. ਗੁਰਮਿੰਦਰ ਸਿੱਧੂ ਨੇ ਸੁਣਾਇਆ ਕਿ 'ਜ਼ਰਾ ਸੋਚ ਕੇ ਮੇਰੇ ਤੇ ਵਾਰ ਕਰਿਓ, ਨਿਕਲ ਚੁੱਕੀ ਮਿਆਨੋਂ ਤਲਵਾਰ ਹਾਂ ਮੈਂ' ਗੁਰਦੀਪ ਗੁੱਲ ਨੇ ਉਰਦੂ ਵਿਚ ਪੜ੍ਹਿਆ ਕਿ 'ਹਮ ਅਪਨਾ ਦਰਦ ਖੁਦ ਤਕ ਇਸ ਲੀਏ ਮਹਿਦੂਦ ਰਖਤੇ ਹੈਂ ਖ਼ਜ਼ਾਨਾ ਜੋ ਬੜਾ ਨਾਯਾਬ ਹੈ' ਰਜਨੀਤ ਕੌਰ ਰੂਹਾਨੀਅਤ ਦੀ ਰਚਨਾ 'ਮੰਜ਼ਿਲ ਨੂੰ ਕਹਿ ਲਈਂ ਤੂੰ, ਸੁਪਨਿਆਂ ਨੂੰ ਕਰੀਂ ਮੁਹੱਬਤ ਕਰੀਂ ਤੇ ਮਿਹਨਤ ਕਰੀਂ ਨਾਲ ਰੀਝਾਂ ਚਾਵਾਂ' ਨੂੰ ਖੂਬ ਸਲਾਹਿਆ ਗਿਆ। ਨਵਨੀਤ ਕੌਰ ਮਠਾੜੂ ਨੇ ਆਪਣੀ ਨਜ਼ਮ "ਤੇਰੇ ਵਰਗੀ ਹੈ ਬਿਲਕੁਲ ਤੇਰੀ ਯਾਦ ਵੀ" ਸੁਣਾਈ। ਸੁਸ਼ੀਰਾ ਗੁਲਾਟੀ ਨੇ ਬਹੁਤ ਸੁੰਦਰ ਕਵਿਤਾ ਸੁਣਾਈ। ਮਨਜੀਤ ਕੌਰ ਮੀਤ, ਡਾ. ਨੀਨਾ ਸੈਣੀ, ਪਰਮਜੀਤ ਪਰਮ, ਡਾ. ਹਰਬੰਸ ਕੌਰ ਗਿੱਲ, ਸਿਮਰਜੀਤ ਕੌਰ ਗਰੇਵਾਲ, ਬਬੀਤਾ ਸਾਗਰ, ਮਲਕੀਅਤ ਬਸਰਾ ਅਤੇ ਹਰਭਜਨ ਕੌਰ ਦੀਆਂ ਮਿਆਰੀ ਕਵਿਤਾਵਾਂ ਨੇ ਕਵੀ ਦਰਬਾਰ ਦੀਆਂ ਰੌਣਕਾਂ ਹੋਰ ਵਧਾਈਆਂ। ਪੰਜਾਬ ਇਪਟਾ ਪ੍ਰਧਾਨ ਸੰਜੀਵਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਸਕੱਤਰ ਪਾਲ ਅਜਨਬੀ ਨੇ ਧੰਨਵਾਦੀ ਸ਼ਬਦਾਂ ਵਿਚ ਸਮਾਗਮ ਨੂੰ ਨਿਵੇਕਲਾ ਦੱਸਿਆ।
ਹੋਰ ਹਾਜ਼ਿਰ ਸ਼ਖ਼ਸੀਅਤਾਂ ਵਿਚ ਵਰਿੰਦਰ ਸਿੰਘ ਚੱਠਾ, ਸੁਖਵਿੰਦਰ ਸਿੰਘ ਸਿੱਧੂ, ਹਰਮਿੰਦਰ ਕਾਲੜਾ, ਸ਼ਾਇਰ ਭੱਟੀ, ਪੂਨਮ, ਅਮਰਜੀਤ ਸਿੰਘ, ਲਾਭ ਸਿੰਘ ਲਹਿਲੀ, ਡਾ. ਬਲਦੇਵ ਸਿੰਘ ਖਹਿਰਾ, ਸਿਰੀ ਰਾਮ ਅਰਸ਼, ਮਿੰਨੀ ਸਰਕਾਰੀਆ, ਰਾਮ ਗੋਪਾਲ ਗੁਲਾਟੀ, ਅੰਜੁਲਾ ਗੁਲਾਟੀ, ਭਰਪੂਰ ਸਿੰਘ, ਵੀਨਾ ਜੰਮੂ, ਸੁਦੇਸ਼ ਕੰਬੋਜ, ਸੁਖਪਰੀਤ ਜੰਡੂ, ਪ੍ਰੋ. ਗੁਰਦੇਵ ਸਿੰਘ ਗਿੱਲ, ਊਸ਼ਾ ਕੰਵਰ, ਸੁਨੀਤਾ ਰਾਣੀ, ਗੁਰਨਾਮ ਕੰਵਰ, ਡਾ. ਸੁਰਿੰਦਰ ਗਿੱਲ, ਡੀ. ਕੇ. ਸ਼ਰਮਾ, ਡਾ. ਮਨਜੀਤ ਸਿੰਘ ਬੱਲ, ਗੁਰਮੇਲ ਸਿੰਘ ਮੋਜੋਵਾਲ, ਪ੍ਰੋ. ਦਿਲਬਾਗ ਸਿੰਘ, ਬਾਬੂ ਰਾਮ ਦੀਵਾਨਾ, ਹਰਬੰਸ ਸੋਢੀ, ਚਰਨਜੀਤ ਸਿੰਘ ਕਲੇਰ, ਜੈ ਸਿੰਘ ਛਿੱਬਰ, ਜਗਤਾਰ ਸਿੰਘ ਜੋਗ, ਕਰਮ ਸਿੰਘ ਵਕੀਲ, ਉਪਦੇਸ਼, ਆਰ. ਐੱਸ ਲਿਬਰੇਟ, ਰਜਿੰਦਰ ਗਰਗ, ਦਰਸ਼ਨ ਤਿਊਣਾ, ਰਾਜ ਰਾਣੀ, ਰਜੇਸ਼ ਬੈਨੀਵਾਲ, ਅਜਾਇਬ ਸਿੰਘ ਔਜਲਾ ਅਤੇ ਨੀਰਜ ਪਾਂਡੇ ਨੇ ਸ਼ਮੂਲੀਅਤ ਕੀਤੀ।