ਅਸ਼ੋਕ ਵਰਮਾ
ਬਠਿੰਡਾ, 22 ਅਪਰੈਲ 2020 - ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਮਹਿਕਮੇ ’ਚ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਰਹੇ ਬਠਿੰਡਾ ਜ਼ਿਲ੍ਹੇ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਨਾਲ ਜ਼ੂਮ ਐਪ ਰਾਹੀਂ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤੀ ਜਦੋਂਕਿ ਡੀਪੀਆਈ ਇੰਦਰਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਸਾਮਿਲ ਹੋਏ। ਸ਼ੁਰੂਆਤ ’ਚ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਪੜੋ ਪੰਜਾਬ , ਪੜਾਓ ਪੰਜਾਬ ਡਾ. ਦਵਿੰਦਰ ਬੋਹਾ ਨੇ ਸਮਾਗਮ ਦੀ ਰੂਪ ਰੇਖਾ ਅਤੇ ਉਦੇਸ਼ ਸਾਂਝੇ ਕੀਤੇ। ਇਸ ਮੌਕੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਮਾਣਯੋਗ ਸ੍ਰੀ ਕਿ੍ਰਸ਼ਨ ਕੁਮਾਰ ਸਮਾਗਮ ਵਿੱਚ ਹਾਜ਼ਰ ਸਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਆਪਣੀ ਚੋਣਵੀਂ ਸ਼ਾਇਰੀ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਮਾਗਮ ਦੌਰਾਨ ਪੇਸ਼ ਰਚਨਾਵਾਂ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਵੱਲੋਂ ਸਕੂਲਾਂ ’ਚ ਲਾਏ ਜਾ ਰਹੇ ਪੁਸਤਕਾਂ ਦੇ ਲੰਗਰ ਪ੍ਰਤੀ ਸੰਤੁਸ਼ਟੀ ਜਾਹਰ ਕੀਤੀ। ਮਾਂ ਬੋਲੀ ਦੀ ਮਹੱਤਤਾ ਸਬੰਧੀ ਉਨਾਂ ਕਿਹਾ ਕਿ ਇੱਕ ਬੱਚਾ ਆਪਣੇ ਮਨ ਦੇ ਭਾਵਾਂ ਦਾ ਪ੍ਰਗਟਾਵਾ ਅਤੇ ਸਿੱਖਿਆ ਜਿੰਨੀ ਆਸਾਨੀ ਨਾਲ ਆਪਣੀ ਮਾਤ ਭਾਸ਼ਾ ’ਚ ਪ੍ਰਾਪਤ ਕਰ ਸਕਦਾ ਹੈ, ਉਹ ਕਿਸੇ ਹੋਰ ਬੋਲੀ ਵਿੱਚ ਨਹੀਂ। ਡੀਪੀਆਈ ਇੰਦਰਜੀਤ ਸਿੰਘ ਨੇ ਵੀ ਸਾਹਿਤਕਾਰਾਂ ਵੱਲੋਂ ਪੇਸ਼ ਰਚਨਾਵਾਂ ਦੀ ਦਿਲ ਖੋਲ ਕੇ ਦਾਦ ਦਿੱਤੀ। ਸਮਾਗਮ ਵਿੱਚ ਬਲਜੀਤ ਸਿੰਘ ਸੰਦੋਹਾ, ਬਲਵੀਰ ਚੋਟੀਆਂ, ਅਮਰਜੀਤ ਕੌਰ ਹਰੜ, ਜਗਸੀਰ ਢੱਡੇ, ਜਸਵਿੰਦਰ ਚਾਹਲ , ਪਵਨ ਨਾਦ , ਕੁਲਵਿੰਦਰ ਕਟਾਰੀਆ, ਗੁਰਵਿੰਦਰ ਸਿੱਧੂ, ਗੁਰਲਗਨ ਕੌਰ, ਪ੍ਰਵੀਨ ਕੌਰ ਟਿਵਾਣਾ, ਸ੍ਰੀਮਤੀ ਪ੍ਰਵੀਨ ਸ਼ਰਮਾ, ਦਰਸ਼ਨ ਕੌਰ ਬਰਾੜ, ਬਲਕਰਨ ਬੱਲ, ਹਰਦਰਸ਼ਨ ਸੋਹਲ ਤੇ ਰਵੀ ਚੰਦ ਕਲਿਆਣ ਸ਼ਾਮਲ ਹਨ।
ਇਹ ਜਾਣਕਾਰੀ ਦਿੰਦਿਆਂ ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਕਿ ਸਾਹਿਤਕਾਰਾਂ ਅਤੇ ਕਲਾਕਾਰਾਂ ਦੀਆਂ ਰਚਨਾਵਾਂ ਦਾ ਵਿਸ਼ਾ ਵਸਤੂ ਜ਼ਿਆਦਾਤਰ ਮਾਂ ਬੋਲੀ ਦੇ ਮਹੱਤਵ ਅਤੇ ਮਹਾਂਮਾਰੀ ਕਰੋਨਾ ਪ੍ਰਤੀ ਜਾਗਰੂਕਤਾ ਨਾਲ ਸਬੰਧਤ ਰਿਹਾ। ਉਨਾਂ ਦੱਸਿਆ ਕਿ ਕਰੋਨਾ ਦੇ ਪ੍ਰਕੋਪ ਦੇ ਰੁਕਣ ਤੇ ਜਿਲਾ ਬਠਿੰਡਾ ਦਾ ਸਮਾਗਮ ਕਰਵਾਇਆ ਜਾਵੇਗਾ। ਅੱਜ ਦੇ ਇਸ ਸਮਾਗਮ ਦੇ ਅੰਤ ਵਿੱਚ ਪ੍ਰਸਿੱਧ ਨਾਟ ਨਿਰਦੇਸ਼ਕ ਕੀਰਤੀ ਕਿ੍ਰਪਾਲ ਨੇ ਅਧਿਆਪਕ ਕਲਾਕਾਰਾਂ ਨੂੰ ਇੱਕ ਢੁੱਕਵਾਂ ਮੰਚ ਪ੍ਰਦਾਨ ਕਰਨ ਤੇ ਸਿੱਖਿਆ ਸਕੱਤਰ ਦਾ ਧੰਨਵਾਦ ਕਰਦਿਆਂ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਮੁਬਾਰਕਵਾਦ ਦਿੱਤੀ।