ਪ੍ਰਿੰਸੀਪਲ ਰਣਧੀਰ ਸਿੰਘ ਦੀ ਦੂਜੀ ਪੁਸਤਕ ‘ਸੰਗ੍ਰਹਿ ਨਾਬਰੀ’ ਲੋਕ ਅਰਪਣ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2023 : ਪ੍ਰਿੰਸੀਪਲ ਰਣਧੀਰ ਸਿੰਘ ਸਿਵੀਆਂ ਦੁਆਰਾ ਸੰਪਾਦਿਤ ਕਹਾਣੀ ‘ਸੰਗ੍ਰਹਿ ਨਾਬਰੀ’ ਭਾਸ਼ਾ ਵਿਭਾਗ ਪੰਜਾਬ ਦੇ ਸਥਾਨਕ ਦਫ਼ਤਰ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰਨ ਦੀ ਰਸਮ ਸੇਵਾ ਮੁਕਤਮੰਡਲ ਸਿੱਖਿਆ ਅਫ਼ਸਰ ਸ. ਖੁਸ਼ਬੀਰ ਸਿੰਘ ਦੁਆਰਾ ਕੀਤੀ ਗਈ ਅਤੇ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਕੀਰਤੀ ਕਿਰਪਾਲ ਨੇ ਕੀਤੀ।
ਇਸ ਪੁਸਤਕ ਦੇ ਲੇਖਕਾਂ ਪ੍ਰਿੰਸੀਪਲ ਜਤਿੰਦਰ ਕੌਰ, ਸ. ਜਗਜੀਤ ਸਿੰਘ, ਪ੍ਰਿੰਸੀਪਲ ਰਣਧੀਰ ਸਿੰਘ ਦੀ ਹਾਜ਼ਰੀ ਵਿੱਚ ਸ. ਜਸਕਰਨ ਸਿੰਘ ਸਿਵੀਆਂ, ਸ. ਕਰਮ ਸਿੰਘ ਢਿੱਲੋਂ ਨੇ ਆਪਣੇ ਵਿਚਾਰ ਰੱਖੇ ਅਤੇ ਤਿੰਨਾਂ ਲੇਖਕਾਂ ਦੇ ਸ਼ੁਰੂਆਤੀ ਜੀਵਨ ਬਾਰੇ ਚਰਚਾ ਕੀਤੀ। ਲੱਖੀ ਜੰਗਲ ਪੰਜਾਬੀ ਸੱਥ ਦੇ ਸ. ਲਾਭ ਸਿੰਘ ਸੰਧੂ ਨੇ ਇਸ ਪੁਸਤਕ ਦੀਆਂ ਕਹਾਣੀਆਂ ਦੇ ਵਿਸ਼ਾ ਵਸਤੂ ਬਾਰੇ ਬੋਲਦਿਆਂ ਕਿਹਾ ਕਿ ਇਹ ਸਾਰੀਆਂ ਕਹਾਣੀਆਂ ਲੇਖਕਾਂ ਨੇ ਆਲੇ-ਦੁਆਲੇ ਵਿੱਚੋਂ ਚੁਣੀਆਂ ਹੋਈਆਂ ਹਨ। ਤਿੰਨਾਂ ਹੀ ਕਹਾਣੀਕਾਰਾਂ ਨੇ ਆਸੇ-ਪਾਸੇ ਵਾਪਰਦੀਆਂ ਸਮਾਜਿਕ ਕੁਰੀਤੀਆਂ ਨੂੰ ਆਪਣੀ ਕਲਮ ਦੇ ਕਲਾਵੇ ਵਿੱਚ ਲਿਆ ਹੈ। ਭਾਵੇਂ ਕਿ ਇਹ ਪੁਸਤਕ ਤਿੰਨਾਂ ਹੀ ਕਹਾਣੀਕਾਰਾਂ ਦਾ ਪਹਿਲਾ ਸਾਂਝਾ ਕਹਾਣੀ ਸੰਗ੍ਰਹਿ ਹੈ, ਪਰ ਉਨ੍ਹਾਂ ਨੇ ਵਿਸ਼ੇ ਵਸਤੂ ਦੀ ਚੋਣ ਬੜੀਪਰਪੱਕਤਾ ਨਾਲ ਕੀਤੀ ਹੈ।
ਇਸ ਮੌਕੇ ਸ. ਖੁਸ਼ਬੀਰ ਸਿੰਘ ਨੇ ਕਹਾਣੀ ਸੰਗ੍ਰਹਿ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਇੱਥੇ ਪਹੁੰਚੇ ਹੋਏ ਸਾਰੇ ਮਹਿਮਾਨ ਇਕ ਗਰੁੱਪ, ਇੱਕੋ ਬੈਚ ਨਾਲ ਸਬੰਧਤ ਮੇਰੇ ਪਰਿਵਾਰਕ ਮੈਂਬਰਾਂ ਵਾਂਗ ਹਨ, ਜਿਨ੍ਹਾਂ ਦੀਆਂ ਬਹੁਤੀਆਂ ਗੱਲਾਂ ਕਹਾਣੀਆਂ ਵਰਗੀਆਂ ਹੀ ਹਨ ਅਤੇ ਉਮੀਦ ਕਰਦੇ ਹਾਂ ਕਿ ਕਹਾਣੀਆਂ ਦਾ ਇਹ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਰਚਨਾਵਾਂ ਜਾਰੀ ਰੱਖੇਗਾ।
ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਕੀਰਤੀ ਕਿਰਪਾਲ ਨੇ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਬਠਿੰਡਾ ਦੇ ਦਫ਼ਤਰ ਵਿੱਚ ਲੋਕ ਅਰਪਣ ਹੋਣ ਵਾਲੀ ‘ਨਾਬਰੀ’ ਪਹਿਲੀ ਪੁਸਤਕ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਭਾਸ਼ਾ ਵਿਭਾਗ ਦੇ ਬਠਿੰਡਾ ਦਫ਼ਤਰ ਵਿੱਚ ਇਹ ਪਿਰਤ ਜਾਰੀ ਰਹੇਗੀ। ਇਸ ਮੌਕੇ ਲੇਖਕਾਂ ਦੁਆਰਾ ਸ.ਸ਼ਮਸ਼ੇਰ ਸਿੰਘ ਢਿੱਲੋਂ, ਸ. ਕਰਮ ਸਿੰਘ, ਸ. ਖੁ਼ਸ਼ਬੀਰ ਸਿੰਘ ਦਲੇਲ, ਸ. ਨਵਪ੍ਰੀਤ ਸਿੰਘ ਖੋਜ ਅਫ਼ਸਰ, ਸ. ਜਸਕਰਨ ਸਿੰਘ ਸਿਵੀਆਂ, ਸ. ਲਾਭ ਸਿੰਘ ਸੰਧੂ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਕੀਰਤੀ ਕਿਰਪਾਲ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ ਅਤੇ ਪ੍ਰਿੰਸੀਪਲ ਰਣਧੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਆਪਣੀਆਂ ਤਿੰਨ ਪੁਸਤਕਾਂ ਦਾ ਸੈੱਟ ਵੀ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਕੀਰਤੀ ਕਿਰਪਾਲ ਨੂੰ ਭੇਂਟ ਕੀਤਾ । ਇਹ ਸਮਾਗਮ ਕਈ ਨਵੀਆਂ ਪਿਰਤਾਂ ਪਾਉਂਦਾ ਹੋਇਆ ਸਮਾਪਤ ਹੋਇਆ।