ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦੀ 'ਕੱਚ ਦੇ ਹਰਫ਼' ਪੁਸਤਕ ਦੀ ਘੁੰਡ-ਚੁਕਾਈ
ਜੀ ਐਸ ਪੰਨੂ
ਪਟਿਆਲਾ,9 ਅਕਤੂਬਰ,2021 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਿਖੇ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਵਿਭਾਗ ਦੇ ਸਾਬਕਾ ਵਿਦਿਆਰਥੀ ਐੱਸ. ਪੀ. ਹਸਨਪੁਰੀ ਵੱਲੋਂ ਲਿਖਿਤ ਕਾਵਿ-ਪੁਸਤਕ 'ਕੱਚ ਦੇ ਹਰਫ਼' ਰਿਲੀਜ਼ ਕੀਤੀ ਗਈ। ਪੁਸਤਕ ਦੀ ਇਸ ਘੁੰਡ-ਚੁਕਾਈ ਦੀ ਰਸਮ ਅਦਾ ਕਰਦਿਆਂ ਵਿਭਾਗ ਮੁੱਖੀ ਡਾ. ਜੇਜੀ ਵਲੋਂ ਐੱਸ. ਪੀ. ਹਸਨਪੁਰੀ ਨੂੰ ਵਧਾਈ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਵਿਭਾਗ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਿਭਾਗ ਦੇ ਵਿਦਿਆਰਥੀ ਨਾ ਸਿਰਫ ਮੀਡੀਆ ਦੇ ਖੇਤਰ ਵਿਚ ਆਪਣੀ ਵਡਮੁੱਲੀ ਭੂਮਿਕਾ ਨਿਭਾ ਰਹੇ ਹਨ, ਸਗੋਂ ਉਹ ਸਾਹਿਤ ਦੇ ਖੇਤਰ ਵਿਚ ਵੀ ਨਿਰੰਤਰ ਕਾਰਜਸ਼ੀਲ ਹਨ । ਐੱਸ. ਪੀ. ਹਸਨਪੁਰੀ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਵਿਭਾਗ ਲਈ ਇਹ ਬੇਹੱਦ ਭਾਵਨਾਤਮਕ ਸਾਂਝ ਵਾਲੇ ਪਲ ਹੁੰਦੇ ਹਨ ਜਦੋਂ ਪੁਰਾਣੇ ਵਿਦਿਆਰਥੀ ਆਪਣੀ ਕਾਮਯਾਬੀ ਦੇ ਸੁਨਹਿਰੀ ਅਹਿਸਾਸ ਸਾਂਝੇ ਕਰਨ ਲਈ ਵਿਭਾਗ ਪਰਤਦੇ ਹਨ।
ਉਨ੍ਹਾਂ ਇਸ ਮੌਕੇ ਹਾਜ਼ਰ ਸਾਰੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਿਭਾਗ ਦੀ ਅਲੂਮਨੀ ਤਾਕਤ ਤੋਂ ਸੇਧ ਲੈ ਕੇ ਸਭ ਨੂੰ ਜਿ਼ੰਦਗੀ ਵਿਚ ਕੁੱਝ ਸਿਰਜਣਾਤਮਿਕ ਕਰਨ ਦੇ ਰਾਹ ਤੁਰਨਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕਿਤਾਬ ਤੋਂ ਪ੍ਰੇਰਣਾ ਲੈ ਕੇ ਹੋਰ ਵਧੇਰੇ ਵਿਦਿਆਰਥੀ ਅੱਗੇ ਆਉਣਗੇ ਅਤੇ ਅਜਿਹੇ ਉੱਦਮਾਂ ਸਦਕਾ ਵੱਧਣਗੇ ।
ਉਨ੍ਹਾਂ ਇਸ ਗੱਲ `ਤੇ ਵੀ ਖੁਸ਼ੀ ਪ੍ਰਗਟਾਈ ਕਿ ਇਸ ਪ੍ਰੋਗਰਾਮ ਵਿਚ ਵਿਭਾਗ ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀ ਵੀ ਸ਼ਾਮਿਲ ਹੋਏ। ਡਾ ਜੇਜੀ ਨੇ ਕਿਹਾ ਕਿ ਇਸ ਗੱਲ ਦੀ ਤਸੱਲੀ ਹੈ ਕਿ ਵਿਦਿਆਰਥੀ ਆਪਣੇ ਵਿਭਾਗ ਨੂੰ ਪਿਆਰ ਕਰਦੇ ਹਨ ਅਤੇ ਇਸ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਾਬਕਾ ਵਿਦਿਆਰਥੀ ਜੋ ਵੱਖ-ਵੱਖ ਮੀਡੀਆ ਅਦਾਰਿਆਂ ਵਿਚ ਕਾਰਜਸ਼ੀਲ ਹਨ, ਦੀ ਅਜਿਹੇ ਮੌਕਿਆਂ ਉਪਰ ਮੌਜੂਦਗੀ ਨਵੇਂ ਵਿਦਿਆਰਥੀਆਂ ਲਈ ਇਕ ਪ੍ਰੇਰਣਾ ਦਾ ਸਬੱਬ ਬਣਦੀ ਹੈ।
ਡਾ. ਨੈਨਸੀ ਦਵਿੰਦਰ ਕੌਰ ਵੱਲੋਂ ਲੇਖਕ ਐੱਸ.ਪੀ. ਹਸਨਪੁਰੀ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਅਧਿਆਪਕਾ ਹੋਣ ਦੇ ਨਾਤੇ ਉਨ੍ਹਾਂ ਨੂੰ ਇਸ ਪੁਸਤਕ ਦੀ ਘੁੰਡ-ਚੁਕਾਈ ਸਮੇਂ ਵਿਸ਼ੇਸ਼ ਮਾਣ ਮਹਿਸੂਸ ਹੋ ਰਿਹਾ ਹੈ।
ਲੇਖਕ ਐਸ.ਪੀ. ਹਸਨਪੁਰੀ ਵੱਲੋਂ ਇਸ ਮੌਕੇ ਕਿਹਾ ਗਿਆ ਕਿ ਉਸ ਨੂੰ ਮਾਣ ਹੈ ਕਿ ਉਸਦਾ ਆਪਣਾ ਵਿਭਾਗ ਉਸ ਦੀ ਪੁਸਤਕ ਰਿਲੀਜ਼ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸਦੀ ਪਹਿਲੀ ਪੁਸਤਕ ਵੀ ਇਸੇ ਮੰਚ ਤੋਂ ਰਿਲੀਜ਼ ਹੋਈ ਸੀ।
ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਐਮ.ਏ. ਭਾਗ ਦੂਸਰਾ ਦੀ ਵਿਦਿਆਰਥਣ ਲਵਪ੍ਰੀਤ ਕੌਰ ਵੱਲੋਂ 'ਤਣਾਅ-ਪ੍ਰਬੰਧਨ' (ਸਟਰੈੱਸ-ਮੈਨੇਜਮੈਂਟ) ਵਿਸ਼ੇ ਉੱਪਰ ਇਕ ਵਿਸ਼ੇਸ਼ ਪੇਸ਼ਕਾਰੀ ਦਿੱਤੀ ਗਈ ਜੋ ਕਿ ਬੇਹੱਦ ਪ੍ਰਭਾਵਸ਼ਾਲੀ ਰਹੀ।
ਇਸ ਮੌਕੇ ਪ੍ਰਸਿੱਧ ਪੰਜਾਬੀ ਵੈੱਬ-ਸੀਰੀਜ਼ 'ਯਾਰ ਜਿਗਰੀ ਕਸੂਤੀ ਡਿਗਰੀ' ਵਿਚਲੇ ਅਦਾਕਾਰ ਪ੍ਰਤੀਕ ਸਿੰਘ ਰਾਏ ਅਤੇ ਕਾਸਟਿੰਗ ਡਾਇਰੈਕਟਰ ਸੁਖਚੈਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।ਰਿਸਰਚ ਸਕਾਲਰ ਅਮਰਪ੍ਰੀਤ ਸਿੰਘ, ਦਿਸ਼ਾ ਬੱਤਰਾ, ਸੁਖਦੀਪ ਸਿੰਘ, ਵਿਵੇਕ ਕੁਮਾਰ, ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ ਗਈ।