ਵਿਆਹ ਮੌਕੇ ਵਿਆਂਦੜ ਮੁੰਡੇ ਨੇ ਆਪਣੀ ਪੁਸਤਕ ਰਿਲੀਜ਼ ਕਰਕੇ ਪਾਈ ਨਵੀਂ ਪਿਰਤ
ਅਸ਼ੋਕ ਵਰਮਾ
ਬਠਿੰਡਾ ,28 ਮਾਰਚ 2023:ਬਠਿੰਡਾ ਦੇ ਇੱਕ ਮੈਰਿਜ ਪੈਲੇਸ ਵਿੱਚ ਨੌਜਵਾਨ ਸ਼ਾਇਰ ਅਤੇ ਆਲੋਚਕ ਜਗਮੀਤ ਹਰਫ਼ ਨੇ ਆਪਣੇ ਵਿਆਹ ਸਮਾਗਮ ਮੌਕੇ ਅਲੋਚਨਾ ਦੀ ਆਪਣੀ ਪਲੇਠੀ ਪੁਸਤਕ 'ਮਾਲਵਿੰਦਰ ਸ਼ਾਇਰ: ਕਾਵਿ ਸੰਦਰਭ' ਲੋਕ ਅਰਪਣ ਕਰਕੇ ਪੁਸਤਕ ਦੀ ਪਹਿਲੀ ਕਾਪੀ ਆਪਣੀ ਹਮਸਫ਼ਰ ਹਰਮਨਜੋਤ ਕੌਰ ਨੂੰ ਭੇਟ ਕਰਦਿਆਂ ਨਵੀਂ ਤੇ ਨਿਵੇਕਲੀ ਪਿਰਤ ਪਾਈ ਹੈ।
ਪੁਸਤਕ ਲੋਕ ਅਰਪਣ ਦੀ ਰਸਮ ਅਦਾ ਕਰਦਿਆਂ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਨੇ ਕਿਹਾ ਕਿ ਵਿਆਹ ਸਮਾਗਮਾਂ ਤੋਂ ਇਲਾਵਾ ਹੋਰ ਸਮਾਜਿਕ ਸਮਾਗਮਾਂ ਮੌਕੇ ਮਹਿੰਗੀਆਂ ਤੇ ਲੋਕ ਵਿਰੋਧੀ ਰਸਮਾਂ ਦਾ ਤਿਆਗ ਕਰਕੇ ਸਿਹਤਮੰਦ ਤੇ ਉਸਾਰੂ ਸੱਭਿਆਚਾਰ ਨਾਲ ਸਬੰਧਤ ਰੀਤੀ ਰਿਵਾਜਾਂ ਤੇ ਰਸਮਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ।
ਉਹਨਾਂ ਕਿਹਾ ਕਿ ਜਗਮੀਤ ਹਰਫ਼ ਨੇ ਆਪਣੇ ਵਿਆਹ ਸਮਾਗਮ ਮੌਕੇ ਆਪਣੀ ਪੁਸਤਕ ਲੋਕ ਅਰਪਣ ਕਰਕੇ ਪੰਜਾਬੀ ਸਮਾਜ ਨੂੰ ਡੀ.ਜੇ. ਆਰਕੈਸਟਰਾ, ਲੋਕ ਵਿਰੋਧੀ ਗਾਇਕੀ ਆਦਿ ਨੂੰ ਤਿਲਾਂਜਲੀ ਦੇ ਕੇ ਸ਼ਬਦ ਸੱਭਿਆਚਾਰ ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ ਜੋ ਕਿ ਅਗਾਂਹ ਵਧੂ ਅਤੇ ਸ਼ਲਾਘਾਯੋਗ ਕਦਮ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ।
ਉਹਨਾਂ ਦੱਸਿਆ ਕਿ ਇਹ ਪੁਸਤਕ ਬਰਨਾਲਾ ਸ਼ਹਿਰ ਨਾਲ ਸਬੰਧਤ ਚਰਚਿਤ ਸ਼ਾਇਰ ਮਾਲਵਿੰਦਰ ਸ਼ਾਇਰ ਦੀ ਸਮੁੱਚੀ ਸ਼ਾਇਰੀ ਨਾਲ ਸਬੰਧਤ ਹੈ, ਜਿਸ ਨੂੰ ਜਗਮੀਤ ਹਰਫ਼ ਅਤੇ ਨੌਜਵਾਨ ਸ਼ਾਇਰ ਗੁਰਜੰਟ ਰਾਜਿਆਣਾ ਨੇ ਸੰਪਾਦਿਤ ਹੀ ਨਹੀਂ ਕੀਤਾ ਬਲਕਿ ਖ਼ੁਦ ਮਾਲਵਿੰਦਰ ਦੀ ਸ਼ਾਇਰੀ ਦੇ ਵੱਖ ਵੱਖ ਪਹਿਲੂਆਂ ਬਾਰੇ ਖੋਜ ਭਰਪੂਰ ਲੇਖ ਵੀ ਲਿਖੇ ਹਨ । ਸ੍ਰੀ ਘਣੀਆਂ ਨੇ ਅੱਗੇ ਦੱਸਿਆ ਕਿ ਪੁਸਤਕ ਵਿੱਚ ਡਾ.ਐਸ. ਤਰਸੇਮ,ਸਿਰੀ ਰਾਮ ਅਰਸ਼, ਸੁਲੱਖਣ ਸਰਹੱਦੀ, ਡਾ.ਭੁਪਿੰਦਰ ਸਿੰਘ ਬੇਦੀ, ਡਾ.ਰਾਮਪਾਲ ਸਿੰਘ, ਡਾ.ਸਵਾਮੀ ਸਰਵਜੀਤ, ਨਿਰੰਜਨ ਬੋਹਾ, ਕ੍ਰਿਸ਼ਨ ਭਨੋਟ, ਡਾ.ਗੁਰਚਰਨ ਕੌਰ ਕੋਚਰ ਤੋਂ ਇਲਾਵਾ ਵੱਖ ਵੱਖ ਵਿਦਵਾਨਾਂ ਦੇ ਕੁੱਲ 19 ਲੇਖ ਸ਼ਾਮਿਲ ਹਨ।
ਇਸ ਮੌਕੇ ਜਗਮੀਤ ਹਰਫ਼ ਦੇ ਪੀ.ਐਚ.ਡੀ. ਗਾਈਡ ਪ੍ਰੋ.ਬਲਵਿੰਦਰ ਕੌਰ ਬਰਾੜ ਅਤੇ ਓਹਨਾਂ ਦੇ ਜੀਵਨ ਸਾਥੀ ਇੰਜ.ਹਰਦੀਦਾਰ ਸਿੰਘ ਸਿੱਧੂ, ਮਾਲਵਿੰਦਰ ਸ਼ਾਇਰ, ਗੁਰਜੰਟ ਰਾਜਿਆਣਾ, ਜਸ ਬਠਿੰਡਾ, ਹਰਦੀਪ ਹਾਕੂਵਾਲਾ, ਮਲਕੀਤ ਮੀਤ , ਜ਼ੋਰਾ ਸਿੰਘ ਨਸਰਾਲੀ ਪ੍ਰਧਾਨ, ਖੇਤ ਮਜ਼ਦੂਰ ਯੂਨੀਅਨ, ਪੰਜਾਬ ਤੋਂ ਇਲਾਵਾ ਲੋਕ ਪੱਖੀ ਜਥੇਬੰਦੀਆਂ ਦੇ ਦਰਜਨਾਂ ਆਗੂ ਅਤੇ ਸਰਗਰਮ ਕਾਰਕੁੰਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਜਿੱਥੇ ਜਗਮੀਤ ਹਰਫ਼ ਵੱਲੋਂ ਪਾਈ ਉਕਤ ਨਵੀਂ ਪਿਰਤ ਦੀ ਸ਼ਲਾਘਾ ਵੀ ਕੀਤੀ ਅਤੇ ਸੁਭਾਗੀ ਜੋੜੀ ਨੂੰ ਨਵੇਂ ਜੀਵਨ ਸਫ਼ਰ ਲਈ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਵੀ ਭੇਟ ਕੀਤੀਆਂ।