ਕੇਂਦਰੀ ਯੂਨੀਵਰਸਿਟੀ ਦੇ ਅਧਿਆਪਕ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,2 ਨਵੰਬਰ2021: ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਨੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਚੇਅਰਪ੍ਰੋਫੈਸਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੇਅਰ, ਪੰਜਾਬ ਕੇਂਦਰੀ ਯੂਨੀਵਰਸਿਟੀ, ਨੂੰ ਪੰਜਾਬੀ ਪੁਸਤਕ ‘ਜੋਨ ਤੋਂ ਮਲਾਲਾ ਤੱਕ’ ਲਿਖਣ ਲਈ ‘ਸਰਬੋਤਮ ਸਾਹਿਤਕ ਪੁਸਤਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਮੰਤਰੀ ਪਰਗਟ ਸਿੰਘ ਨੇ ਇਹ ਪੁਰਸਕਾਰ ਪ੍ਰੋ. ਐੱਚ.ਐੱਸ ਪੰਨੂ ਨੂੰ ਪੰਜਾਬ ਦਿਵਸ ਮੌਕੇ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤਾ ਹੈ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਕਰਮਜੀਤ ਕੌਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਹਾਜਰੀ ਵਿੱਚ ਦਿੱਤੇ ਪੁਰਸਕਾਰ ਤਹਿਤ 25 ਹਜ਼ਾਰ ਰੁਪਿਆ ਅਤੇ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ ਹੈ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰੋ. ਪੰਨੂ ਨੇ ਆਪਣੇ 40 ਸਾਲ ਤੋਂ ਵੱਧ ਦੇ ਅਕਾਦਮਿਕ ਜੀਵਨ ਵਿੱਚ ਪੰਜਾਬੀ ਭਾਸ਼ਾ ਵਿੱਚ 20 ਤੋਂ ਵੱਧ ਪੁਸਤਕਾਂ ਲਿਖੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਜੋ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ’ਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ। ਰਜਿਸਟਰਾਰ ਕੰਵਲ ਪਾਲ ਸਿੰਘ ਮੁੰਦਰਾ ਨੇ ਪ੍ਰੋਫੈਸਰ ਪੰਨੂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦਾ ਮਾਣ ਵਧਾਉਣ ਲਈ ਧੰਨਵਾਦ ਕੀਤਾ।