ਲੁਧਿਆਣਾ, 5 ਅਗਸਤ, 2017 : ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਪੰਜਾਬੀ ਲੇਖਕ ਸਭਾ ਵਲੋਂ ਇੰਡੋਜ਼ ਪੰਜਾਬੀ ਸਭਾ ਬਰਿਸਬੇਨ (ਆਸਟ੍ਰੇਲੀਆ) ਦੇ ਸਹਿਯੋਗ ਨਾਲ ਕਰਵਾਏ “ਪੰਜਾਂ ਪਾਣੀਆਂ ਦੇ ਗੀਤ“ ਨੂੰ ਲੋਕ ਅਰਪਣ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਪਰਵਾਸੀ ਸਾਹਿਤ ਨੂੰ ਯੂਨੀਵਰਸਿਟੀਆਂ 'ਚ ਅਧਿਐਨ ਦਾ ਹਿੱਸਾ ਬਨਾਉਣ ਵਾਲੇ ਵਿਦਵਾਨ ਡਾ. ਐਸ.ਪੀ. ਸਿੰਘ ਨੇ ਕਿਹਾ ਕਿ ਪੰਜ ਗੀਤਕਾਰ ਭਾਰਤੀ ਪੰਜਾਬ ਤੋਂ ਅਤੇ ਪੰਜ ਗੀਤਕਾਰ ਆਸਟ੍ਰੇਲੀਆ ਤੋਂ ਲੈ ਕੇ ਸਾਂਝਾ ਗੀਤ ਸੰਗ੍ਰਿਹ ਪ੍ਰਕਾਸ਼ਤ ਕਰਨਾ ਇੰਡੋ ਆਸਟ੍ਰੇਲੀਅਨ ਸਾਹਿਤੱਕ ਸਹਿਯੋਗ ਦਾ ਪਹਿਲਾ ਅਧਿਆਇ ਹੈ ।
ਉਨ੍ਹਾਂ ਕਿਹਾ ਕਿ ਜੀ.ਜੀ.ਐਨ.ਖ਼ਾਲਸਾ ਕਾਲਜ ਸੰਸਥਾਵਾਂ ਦੀ ਸਥਾਪਨਾ ਦੇ ਸੌਵੇਂ ਸਾਲ ਮੌਕੇ ਅੰਤਰ-ਰਾਸ਼ਟਰੀ ਪੱਧਰ ਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਸੰਦੇਸ਼ਾਂ 'ਚ ਕਰਮਸ਼ੀਲ ਸੰਸਥਾਵਾਂ ਨਾਲ ਸੰਪਰਕ ਵਧਾਇਆ ਜਾਵੇਗਾ । ਕੈਨੇਡਾ 'ਚ ਪੰਜਾਬ ਭਵਨ ਅਤੇ ਆਸਟ੍ਰੇਲੀਆ 'ਚ ਇੰਡੋਜ਼ ਪੰਜਾਬੀ ਸਾਹਿਤ ਸਭਾ ਨਾਲ ਗੱਲਬਾਤ ਜਾਰੀ ਹੈ । ਉਨ੍ਹਾਂ ਆਖਿਆ ਕਿ ਕਾਲਜ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਇਸ ਗੀਤ ਸੰਗ੍ਰਿਹ ਬਾਰੇ ਵਿਚਾਰ ਗੋਸ਼ਟੀ ਕਰਵਾਈ ਜਾਵੇਗੀ। ਇਸ ਮੌਕੇ ਪੁਸਤਕ ਨੂੰ ਲੋਕ ਅਰਪਨ ਕਰਨ ਵਿੱਚ ਅਮਰੀਕਾ ਵਾਸੀ ਦਾਨਵੀਰ ਜਸਜੀਤ ਸਿੰਘ ਨੱਤ (ਕਾਲਜ ਦੇ ਪੁਰਾਣੇ ਵਿਦਿਆਰਥੀ), ਸਿੱਖ ਚਿੰਤਕ ਅਨੁਰਾਗ ਸਿੰਘ, ਪ੍ਰੋ: ਰਵਿੰਦਰ ਭੱਠਲ, ਪ੍ਰੋ: ਗੁਰਭਜਨ ਗਿੱਲ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ ।
ਪੰਜਾਬੀ ਲੇਖਕ ਸਭਾ ਵਲੋਂ ਇਸ ਮੌਕੇ ਭਰੂਣ ਹੱਤਿਆ ਦੇ ਖਿਲਾਫ਼ ਕਵੀ ਦਰਬਾਰ “ਰੱਖੜੀ ਦੀ ਤੰਦ ਖ਼ਤਰੇ ਵਿੱਚ“ ਹੈ ਅਧੀਨ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਅਮਰੀਕ ਸਿੰਘ ਤਲਵੰਡੀ, ਹਰਬੰਸ ਅਲਵਾ, ਗੁਰਭਜਨ ਗਿੱਲ, ਅਮਰਜੀਤ ਸ਼ੇਰਪੁਰੀ, ਪ੍ਰੋ: ਗੁਰਦੀਪ ਸਿੰਘ, ਵਿਸ਼ੇਸ਼ ਕੁਮਾਰ, ਸਰਬਜੀਤ ਵਿਰਦੀ ਸਮੇਤ ਕਵੀਆਂ ਨੇ ਹਿੱਸਾ ਲਿਆ । ਜੀ.ਜੀ.ਐਨ.ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਨੇ ਸਮਾਰੋਹ ਵਿੱਚ ਸ਼ਾਮਲ ਲੇਖਕਾਂ ਦਾ ਧੰਨਵਾਦ ਕੀਤਾ ।