ਸੰਧਵਾਂ ਨੇ ਕੀਤੀ ਡਾ.ਸੈਫ਼ੀ ਦੀ ਪੁਸਤਕ ਰਿਲੀਜ਼
ਚੰਡੀਗੜ੍ਹ: 13 ਅਕਤੂਬਰ 2024 - "ਚੰਡੀਗੜ੍ਹ ਸਕੂਲ ਆਫ਼ ਪੋਇਟਰੀ ਕ੍ਰਿਟੀਸਿਜ਼ਮ" ਵੱਲੋਂ ਪੰਜਾਬੀ ਅਧਿਅਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਊੜਾ ਪ੍ਰਕਾਸ਼ਨ ਵੱਲੋਂ ਛਾਪੀ ਡਾ. ਦੇਵਿੰਦਰ ਸੈਫ਼ੀ ਦੀ ਕਾਵਿ-ਕਿਤਾਬ " ਮੁਹੱਬਤ ਨੇ ਕਿਹਾ" ਨੂੰ ਲੋਕ ਅਰਪਣ ਕਰਨ ਉਪਰੰਤ ਉੱਘੇ ਵਿਦਵਾਨਾਂ ਵੱਲੋਂ' ਸੰਵਾਦ ਰਚਾਇਆ ਗਿਆ। ਮੁੱਖ ਮਹਿਮਾਨ ਵਜੋਂ ਮਾਣਯੋਗ ਸਪੀਕਰ, ਪੰਜਾਬ ਵਿਧਾਨ ਸਭਾ , ਸ.ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਮੁੱਖ ਵਕਤਾ ਦੀ ਭੂਮਿਕਾ ਵੱਡੇ ਚਿੰਤਕ ਡਾ.ਮਨਮੋਹਨ ਨੇ ਨਿਭਾਈ। ਸਮਾਗਮ ਦੀ ਪ੍ਰਧਾਨਗੀ ਲਈ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ.ਸਰਬਜੀਤ ਸਿੰਘ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ.ਸੁਖਚੈਨ ਸਿੰਘ ਬਰਾੜ ਉਪਸਥਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਚੇਅਰਮੈਨ ਡਾ. ਯੋਗਰਾਜ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਰਿਲੀਜ਼ ਹੋ ਰਹੀ ਪੁਸਤਕ ਦੀ ਮਹੱਤਤਾ ਦੱਸੀ । ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਨੂੰ ਸ਼ਾਨਦਾਰ ਅੰਦਾਜ਼ ਨਾਲ ਲੋਕ ਅਰਪਣ ਕੀਤਾ ।
ਉੱਘੇ ਗਾਇਕ ਸੁਖਵਿੰਦਰ ਸਾਰੰਗ ਤੇ ਅਨੂਜੋਤ ਨੇ ਇਸ ਪੁਸਤਕ ਵਿੱਚੋਂ ਕਲਾਮ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸਮਾਗਮ ਦੇ ਅਗਲੇ ਪੜਾਅ ਵਿਚ ਸ਼ਾਇਰ ਡਾ. ਦੇਵਿੰਦਰ ਸੈਫ਼ੀ ਨੇ ਵੱਖ ਵੱਖ ਰੂਪ ਦੀ ਕਵਿਤਾ ਦਾ ਪਾਠ ਕਰਕੇ ਸਰੋਤਿਆਂ/ਦਰਸ਼ਕਾਂ ਤੋਂ ਭਰਪੂਰ ਦਾਦ ਲਈ। ਮੁੱਖ ਵਕਤਾ ਵਜੋਂ ਬੋਲਦਿਆਂ ਉੱਘੇ ਆਲੋਚਕ, ਕਵੀ, ਨਾਵਲਕਾਰ, ਚਿੰਤਕ ਡਾ. ਮਨਮੋਹਨ ਨੇ ਕਿਹਾ ਕਿ ਸੈਫ਼ੀ ਨੇ ਇਸ ਪੁਸਤਕ ਰਾਹੀਂ ਮੁਹੱਬਤ ਦਾ ਨਵਾਂ ਰਸ ਪੈਦਾ ਕੀਤਾ ਹੈ। ਭਾਸ਼ਾ, ਸ਼ੈਲੀ ਤੇ ਦਾਰਸ਼ਨਿਕਤਾ ਪੱਖੋਂ ਪਿਆਰ ਦੀ ਕਵਿਤਾ ਨੂੰ ਨਵੇਂ ਮੁਕਾਮ 'ਤੇ ਲਿਆਂਦਾ ਹੈ।ਉਹਨਾਂ ਕਿਹਾ ਜੇਕਰ ਸ਼ਿਵ ਬਿਰਹਾ ਦਾ ਕਵੀ ਹੈ ਤਾਂ ਸੈਫ਼ੀ ਮੁਹੱਬਤ ਦਾ ਕਵੀ ਹੈ। ਸੰਵਾਦ ਦੀ ਸ਼ੁਰੂਆਤ ਕਰਦਿਆਂ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਕਵਿਤਾ,ਮੁਹੱਬਤ ਦੇ ਅਨੁਭਵ, ਕਿਰਿਆ , ਭਵਿੱਖੀ ਚੇਤਨਾ ਅਤੇ ਮਾਨਵੀ ਫ਼ਲਸਫੇ਼ ਦੀ ਗੱਲ ਕਰਦੀ ਹੈ । ਡਾ. ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਸੈਫ਼ੀ ਨਿਵੇਕਲਾ ਕਵੀ ਹੈ;ਇਸ ਪੁਸਤਕ ਵਿੱਚ ਵਿਲੱਖਣ ਊਰਜਾ ਹੈ , ਜਿਹੜੀ ਚੁੰਬਕ ਵਾਂਗ ਆਵਦੇ ਵੱਲ ਖਿੱਚਦੀ ਹੈ।
ਮੁਹੱਬਤ ਦੀ ਅਜਿਹੀ ਕਵਿਤਾ ਦਾ ਪੰਜਾਬੀ ਵਿੱਚ ਛਪਣਾ ਪੂਰੇ ਪੰਜਾਬੀ ਕਾਵਿ ਲਈ ਵੱਡਾ ਮਾਣ ਹੈ। ਨੌਜਵਾਨ ਆਲੋਚਕ ਡਾ. ਤੇਜਿੰਦਰ ਸਿੰਘ ਨੇ ਲੋਕਧਾਰਾਈ ਪੱਖ ਤੋਂ ਆਪਣੀ ਰਾਏ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਪੁਸਤਕ ਦੀ ਭਾਸ਼ਾ ਵਿਚ ਮੁਹੱਬਤ ਦੀ ਪਾਕੀਜ਼ਗੀ ਪ੍ਰਵਾਹਿਤ ਹੋ ਰਹੀ ਹੈ, ਅਜਿਹੀਆਂ ਪਾਕਿ ਜਜ਼ਬੇ ਵਾਲੀਆਂ ਪ੍ਰਗੀਤਕ ਰਚਨਾਵਾਂ ਗਾਈਆਂ ਜਾਣ ਤਾਂ ਪੂਰਨ ਸਵਾਦਲਾ ਰੰਗ ਉੱਘੜ ਕੇ ਸਾਹਮਣੇ ਆਵੇਗਾ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਿੱਚੋਂ ਉੱਘੇ ਸਿੱਖਿਆ ਸ਼ਾਸਤਰੀ ਡਾ. ਸੁਖਚੈਨ ਸਿੰਘ ਬਰਾੜ ਨੇ ਕਿਹਾ ਕਿ ਇਹ ਮੁਹੱਬਤ ਨੂੰ ਅਸਲ ਰੂਪ ਵਿੱਚ ਡੀਫਾਈਨ ਕਰਦੀ ਕਵਿਤਾ ਹੈ । ਇਸ ਸੁੱਚੀ ਮੁਹੱਬਤ ਵਿਚ ਕੋਈ ਉਲਾਭਾਂ, ਸ਼ਿਕਵਾ ਨਹੀਂ ਹੈ। ਇਸ ਤੋਂ ਬਾਅਦ ਉੱਘੇ ਆਲੋਚਕ ਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸੈਫ਼ੀ ਘੱਟ ਲਿਖਦਾ ਹੈ ਪਰ ਪਾਏਦਾਰ ਲਿਖਦਾ ਹੈ।"ਦੁਪਹਿਰ ਦਾ ਸਫ਼ਾ" ਤੋਂ " ਮੁਹੱਬਤ ਨੇ ਕਿਹਾ" ਤੱਕ ਉਸਦੀ ਕਵਿਤਾ ਬ੍ਰਹਿਮੰਡੀ ਚੇਤਨਾ - ਪੜਾਅ ਤੈਅ ਕਰਦੀ ਹੈ।
ਉਹਨਾਂ ਕਿਹਾ ਕਿ ਇਹ ਕਵਿਤਾ ਸਰਮਾਏਦਾਰੀ ਹਿੰਸਾ, ਜ਼ੁਲਮ ਅਤੇ ਵਿਕਾਰਾਂ ਖ਼ਿਲਾਫ਼ ਨਿਰਮਤ ਕੀਤਾ ਉਹ ਪ੍ਰਵਚਨ ਹੈ ਜਿਸਨੂੰ ਪੂਰੀ ਤਰ੍ਹਾਂ ਸਮਝਣ ਲਈ ਪੂਰਬ ਦੀਆਂ ਗਿਆਨ ਪ੍ਰੰਪਰਾਵਾਂ ਤੇ ਮਾਨਵੀ ਪ੍ਰਗਤੀ ਦੇ ਦਰਸ਼ਨ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ । ਆਖ਼ਰ ਵਿਚ ਪੰਜਾਬ ਵਿਧਾਨ ਦੇ ਸਪੀਕਰ, ਸਮਾਗਮ ਦੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਣੀ, ਗਿਆਨ ਤੇ ਚੰਗੀ ਕਵਿਤਾ ਮੇਰੀ ਰੂਹ ਦੀ ਖ਼ੁਰਾਕ ਹੈ। ਏਥੇ ਆ ਕੇ ਸੈਫ਼ੀ ਦੀ ਕਵਿਤਾ ਦੇ ਰੰਗ ਮਾਣ ਕੇ, ਵਿਦਵਾਨਾਂ ਦੀਆਂ ਗਹਿਰੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਿਆ। ਉਹਨਾਂ ਕਿਹਾ ਕਿ ਸੈਫ਼ੀ ਸਾਡੇ ਇਲਾਕੇ ਮਾਣਮੱਤਾ ਹਸਤਾਖ਼ਰ ਹੈ ਉਸ ਉੱਪਰ ਖ਼ਾਸ ਤਰ੍ਹਾਂ ਦੀ ਬਾਬਾ ਫ਼ਰੀਦ ਤੇ ਗੁਰੂ ਸਹਿਬਾਨਾਂ ਦੀ ਕਿਰਪਾ ਜਾਪਦੀ ਹੈ। ਖੋਜ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤੁਸੀਂ ਪੰਜਾਬੀ ਖੋਜ ਨੂੰ ਸਮਰਪਿਤ ਹੋ ਕੇ ਉਹ ਪੰਜਾਬ ਤੇ ਪੰਜਾਬੀਅਤ ਦੀ ਵੱਡੀ ਸੇਵਾ ਕਰ ਸਕਦੇ ਹੋ। ਉਹਨਾਂ ਨੇ ਕਿਤਾਬ "ਮੁਹੱਬਤ ਨੇ ਕਿਹਾ" ਦੀ ਭਰਪੂਰ ਸ਼ਲਾਘਾ ਕਰਦਿਆਂ ਮੁੜ ਤੋਂ ਫ਼ਰਮਾਇਸ਼ ਕਰਕੇ ਸੁਣਿਆ ਕਾਵਿ ਰੰਗ ਸੁਣੇ ।
ਮਨਿੰਦਰ ਸਿੰਘ ( ਓ.ਐੱਸ.ਡੀ) ਨੇ ਮੁਹੱਬਤ ਦੇ ਜਜ਼ਬੇ ਅਤੇ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਆਏ ਮਹਿਮਾਨਾਂ ਨੂੰ ਵਿਭਾਗ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਸਮਾਗਮ ਦਾ ਸੰਚਾਲਨ ਸੰਸਥਾ ਦੇ ਸਾਹਿਤਕ ਪ੍ਰਬੰਧਕ ਜਗਦੀਪ ਸਿੱਧੂ ਨੇ ਕੀਤਾ। ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਉਮਾ ਸੇਠੀ ਨੇ ਮੁਹੱਬਤੀ ਕਾਵਿ ਦੀ ਅਕਾਦਮਿਕ ਦ੍ਰਿਸ਼ਟੀ ਤੋਂ ਪ੍ਰਸੰਸਾ ਕਰਦਿਆਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਵਿਦਿਆਰਥੀਆਂ ਤੋਂ ਇਲਾਵਾ, ਵੱਡੇ ਵਿਦਵਾਨ ਡਾ. ਰੌਣਕੀ ਰਾਮ, ਪਾਲ ਅਜਨਬੀ, ਪ੍ਰੋ. ਦਿਲਬਾਗ, ਵਰਿੰਦਰ ਸਿੰਘ, ਡਾ. ਅਕਵਿੰਦਰ ਕੌਰ ਤਨਵੀ,ਡਾ.ਸੁਖਜੀਤ ਕੌਰ, ਡਾ. ਪਵਨ, ਡਾ. ਰਵੀ, ਡਾ. ਸਤਵੀਰ ਕੌਰ, ਪੱਤਰਕਾਰ ਕੇ. ਪੀ, ਜਸਪਾਲ ਫਿਰਦੌਸੀ, ਸਾਹਿਤ ਵਿਗਿਆਨ ਕੇਂਦਰ ਦੇ ਨੁਮਾਇੰਦੇ ਸਿਮਰਜੀਤ ਗਰੇਵਾਲ, ਪਰਵੀਨ ਰੈਣੂ,ਸ਼ਾਇਰਾ ਰਮਨਦੀਪ ਰਮਣੀਕ , ਉੱਘੀ ਲੇਖਿਕਾ ਡਾ.ਮਨਦੀਪ ਕੌਰ ਰਾਏ, ਕੁਲਵਿੰਦਰ ਖਰੜ, ਊੜਾ ਪਬਲਿਸ਼ਰ ਤਰਫ਼ੋਂ ਅਵਤਾਰ ਮੰਗਾ, ਲੇਖਕ ਹਰਚਰਨ ਚੋਹਲਾ,ਆਲਮੀ ਪੰਜਾਬੀ ਅਦਬ ਦੇ ਪ੍ਰਧਾਨ ਅਮਨਦੀਪ ਸਿੰਘ, ਉੱਘੇ ਕੋਸ਼ਕਾਰ ਹਰਜਿੰਦਰ ਸਿੰਘ ਦਿਲਗੀਰ , ਹਿੰਮਤ ਸਿੰਘ ਸ਼ੇਰਗਿੱਲ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਤੇ ਸਾਹਿਤਕ ਸੰਸਥਾਵਾਂ ਦੇ ਨੁਮਾਇੰਦੇ ਉਚੇਚੇ ਤੌਰ ' ਤੇ ਹਾਜ਼ਰ ਸਨ।