ਹਰਨਾਮ ਸਿੰਘ ਹਰਲਾਜ਼ ਦੀ ਸੱਜਰੀ ‘ਪੁਸਤਕ ਬਾਬਾਣੀਆਂ’ ਲੋਕ ਅਰਪਣ
ਦੀਪਕ ਗਰਗ
ਕੋਟਕਪੂਰਾ, 20 ਅਪੈ੍ਰਲ 2022 :- ਸਾਹਿਤ ਨਾਲ ਜੁੜੇ ਵਿਦਵਾਨ ਲੇਖਕਾਂ ਤੇ ਪਾਠਕਾਂ ਦੇ ਮੰਚ ‘ਸੰਗੀ-ਸਾਥੀ’ ਵਲੋਂ ਕਰਵਾਈ ਗਈ ਸਾਹਿਤਕ ਗੋਸ਼ਟੀ ਵਾਲੇ ਸਮਾਗਮ ਦੀ ਸਦਾਰਤ ਵਿਸ਼ਵ ਪ੍ਰਸਿੱਧ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕੀਤੀ। ਇਸ ਤੋਂ ਇਲਾਵਾ ਜਿਲਾ ਭਾਸ਼ਾ ਅਫਸਰ ਮਨਜੀਤ ਪੁਰੀ, ਪ੍ਰੋ. ਸਾਧੂ ਸਿੰਘ ਗਜਲਗੋ ਤੇ ਸਾਬਕਾ ਐੱਮ.ਪੀ., ਪਿ੍ਰੰਸੀਪਲ ਦਲਬੀਰ ਸਿੰਘ, ਨਾਵਲਕਾਰ ਬੀਬਾ ਵਿਸ਼ਵਜੋਤੀ ਧੀਰ, ਪਿ੍ਰੰਸੀਪਲ ਗੁਰਦੀਪ ਸਿੰਘ ਢੁੱਡੀ, ਸ਼ਬਦ ਸਾਂਝ ਸਾਹਿਤਕ ਸੰਸਥਾ ਦੇ ਸੰਚਾਲਕ ਪ੍ਰੀਤਭਗਵਾਨ ਸਿੰਘ ਆਦਿ ਦਰਜਨਾ ਲੇਖਕਾਂ ਤੇ ਕਲਾਕਾਰਾਂ ਨੇ ਹਰਨਾਮ ਸਿੰਘ ਹਰਲਾਜ ਦੇ ਨਾਵਲ ‘ਰਿਸ਼ਮਾਂ ਦੀ ਰਿਮ ਝਿਮ’ ਦੀ ਭਰਪੂਰ ਪੜਚੋਲ ਅਤੇ ਭਖਵੀਂ ਚਰਚਾ ਕੀਤੀ।
ਉਹਨਾਂ ਦਾਅਵਾ ਕੀਤਾ ਕਿ ਲੇਖਕ ਨੇ ਇਸ ਨਾਵਲ ਰਾਹੀਂ ਸਮਾਜ ਦੇ ਵੱਖ ਵੱਖ ਪਹਿਲੂਆਂ ਨੂੰ ਬੜੇ ਸੋਹਣੇ ਤਰੀਕੇ ਨਾਲ ਅੰਕਿਤ ਕੀਤਾ ਹੈ। ਉਹਨਾਂ ਮੰਨਿਆ ਕਿ ਇਸ ਨਾਲ ਸਾਹਿਤਕ ਹਲਕਿਆਂ ਵਿੱਚ ਰੂਚੀ ਰੱਖਣ ਵਾਲੇ ਨੌਜਵਾਨਾਂ ਤੇ ਬੱਚਿਆਂ ਅਰਥਾਤ ਨਵੀਂ ਪੀੜੀ ਨੂੰ ਪ੍ਰੇਰਨਾ ਮਿਲੀ ਸੁਭਾਵਿਕ ਹੈ। ਗੋਸ਼ਟੀ ਦੇ ਅੰਤਿਮ ਦੌਰ ’ਚ ਇਸੇ ਨਾਵਲਕਾਰ ਹਰਨਾਮ ਸਿੰਘ ਹਰਲਾਜ਼ ਦੀ ਸਜਰੀ ਪੁਸਤਕ ‘ਬਾਬਾਣੀਆਂ ‘(ਖਟੀਆਂ ਮਿੱਠੀਆਂ) ਨੂੰ ਪ੍ਰਕਾਸ਼ਿਤ ਕੀਤਾ ਗਿਆ। ਦੋ ਘੰਟਿਆਂ ਤੋਂ ਵੀ ਜਿਆਦਾ ਸਮਾਂ ਚੱਲੀ ਇਸ ਸਾਹਿਤਕ ਵਿਚਾਰ ਵਿਮਰਸ਼ ਦੀ ਸਾਰੇ ਸਾਹਿਤਕਾਰਾਂ ਨੇ ਪ੍ਰਸੰਸਾ ਕੀਤੀ। ਸਾਹਿਤਕ ਹਲਕਿਆਂ ਨਾਲ ਜੁੜੀਆਂ ਉੱਘੀਆਂ ਸ਼ਖਸ਼ੀਅਤਾਂ ਦੀ ਆਮਦ ਦੇ ਮਾਹੌਲ ਨੇ ਉਤਸ਼ਾਹ ਦਾ ਸੰਚਾਰ ਕੀਤਾ।