ਕੈਲਗਰੀ, 17 ਅਪ੍ਰੈਲ, 2017 : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪਰੈਲ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਭੀ, ਸਾਹਿਤ ਸਭਾ ਕੈਲਗਰੀ ਦੇ ਨੁਮਾਇੰਦੇ ਕੁਲਬੀਰ ਸਿੰਘ ਸ਼ੇਰਗਿੱਲ ਅਤੇ ਰਾਜਿੰਦਰ ਕੌਰ ਚੋਹਕਾ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾ ਸਭਾ ਦੇਜਨਰਲ ਸਕੱਤਰ ਬਲਵੀਰ ਗੋਰਾ ਨੇ ਹਾਜ਼ਰੀਨ ਨੂੰ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਕੇ ਆਉਣ ਲਈ ਜੀ ਆਇਆ ਆਖਿਆ। ਇਸ ਤੋਂ ਬਾਅਦ ਕਹਾਣੀਕਾਰ ਦਵਿੰਦਰ ਸਿੰਘ ਮਲਹਾਂਸ ਨੇ ਆਪਣੀ ਨਵੀਂ ਕਹਾਣੀ 'ਤਿੱਕੜੀ' ਨਾਲ ਸਾਹਿਤਕ ਮਹੌਲ ਦੀ ਸ਼ੁਰੂਆਤ ਕੀਤੀ। ਕਹਾਣੀ ਦਾ ਵਿਸ਼ਾਅੱਜ ਦੇ ਦੌਰ ਵਿਚ ਜਿੱਥੇ ਮਨੁੱਖ ਸਾਰੇ ਸੰਸਾਰ ਨਾਲ ਜੁੜਿਆ ਹੋਇਆ ਅਤੇ ਆਪਣਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪਰਵਾਸ ਵੀ ਕਰਦਾ ਹੈ ਇਸੇ ਮਹੌਲ ਵਿਚ ਇੱਕ ਔਰਤ ਦੀ ਜ਼ਿੰਦਗੀ ਦੇ ਪਰਿਵਾਰਕ ਪੜਾਵਾਂ ਦੀ ਸੰਜੀਦਾ ਤਸਵੀਰ ਸੀ। ਇਸਤੋਂ ਬਾਅਦ ਗੰਭੀਰ ਵਿਸ਼ਿਆਂ ਦੇ ਸੰਜੀਦਾ ਅਤੇਬੇਬਾਕ ਲੇਖਕ ਹਰੀਪਾਲ ਨੇ ਆਪਣਾ ਲੇਖ 'ਧੀਆਂ ਕਦੋਂ ਬਣਨਗੀਆਂ ਸਾਡੀਆਂ ਵਾਰਿਸ' ਲੇਖ ਪੜ੍ਹਿਆ ਜਿਸਨੂੰ ਹਾਜ਼ਰੀਨ ਨੇ ਬੜੀ ਗੰਭੀਰਤਾ ਨਾਲ ਸੁਣਿਆ। ਉਹਨਾਂ ਇਸ ਲੰਬੇ ਲੇਖ ਵਿਚ ਕਬੀਲਿਆਂ ਦੇ ਸਮੇਂ ਤੋਂ ਹੁਣ ਦੇ ਮਹੌਲ ਤੱਕ ਧੀਆਂ ਦੀ ਜ਼ਿੰਦਗੀ ਦੇ ਹਰ ਪੱਖ ਤੇ ਝਾਤ ਪੁਆਦਿਆਂ ਕਿਹਾਕਿ 'ਕੈਨੇਡਾ ਵਿਚ ਹੀ ਸਾਡੇ ਬੰਦਿਆਂ ਵੱਲੋਂ ਆਪਣੀਆਂ ਪਤਨੀਆਂ ਦੇ ਕਤਲਾਂ ਦੀ ਗਿਣਤੀ ਸੈਂਕੜੇ ਤੱਕ ਪਹੁੰਚਣ ਵਾਲੀ ਹੈ, ਜੇਕਰ ਤੁਹਾਡੀ ਆਪਸ ਵਿਚ ਨਹੀਂ ਬਣਦੀ ਤਾਂ ਤਲਾਕ ਲੈ ਲਵੋ, ਕਿਸੇ ਦੀ ਜਾਨ ਲੈਣ ਦਾ ਤੁਹਾਡੇ ਕੋਲ ਕੋਈ ਹੱਕ ਨਹੀਂ', ਜਸਵੀਰ ਸਿੰਘ ਸਿਹੋਤਾ ਨੇ ਵਿਸਾਖੀ ਦੇ ਦਿਨਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕਰਦਿਆਂ ਸਿੱਖ ਧਰਮ ਦੇ ਹਵਾਲੇ ਨਾਲ ਕਿਹਾ ਕਿ ਇਹ ਦਿਨ ਜਾਤ-ਪਾਤ ਖ਼ਤਮ ਕਰਨ ਦੀ ਕਰੰਤੀ ਦਾ ਦਿਨ ਹੈ ਅਤੇ ਇੱਕ ਕਵਿਤਾ ਵੀ ਸਾਂਝੀ ਕੀਤੀ। ਸੁਰਿੰਦਰ ਕੌਰ 'ਗੀਤ' ਨੇ ਹਮੇਸ਼ਾਂ ਦੀ ਤਰ੍ਹਾਂ ਆਪਣੀ ਨਰੋਈ ਸੋਚ ਦੀ ਕਵਿਤਾ ਨਾਲ ਹਾਜ਼ਰੀ ਲਵਾਉਂਦਿਆਂ'ਰੁੱਖ ਤੇ ਪੰਛੀ' ਨਾਮ ਦੀ ਕਵਿਤਾ ਸਾਂਝੀ ਕੀਤੀ। ਗੁਰਬਚਨ ਬਰਾੜ ਵੱਲੋਂ 11 ਮਈ ਨੂੰ ਜੈਨਸੇਸ ਸੈਂਟਰ ਵਿਚ ਪਰੋਗਰੈਸਿਵਸ ਕਲਚਰਲ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪਰੋਗਰਾਮ ਬਾਰੇ ਜਾਣਕਰੀ ਦਿੱਤੀ ਜਿਸ ਵਿਚ ਸਵਰਗਵਾਸੀ ਪ੍ਰਸਿੱਧ ਕਵੀਸ਼ਰ ਕਰਨੈਲ ਸਿੰਘ ਪਾਰਸ ਦੇ ਜੀਵਨ ਨਾਲਸਬੰਧਤ ਉਹਨਾਂ ਦੇ ਪਰਿਵਾਰ ਵੱਲੋਂ ਬਣਾਈ ਡਾਕੂਮੈਟਰੀ ਫਿਲਮ ਦਿਖਾਈ ਜਾਵੇਗੀ ਨਾਲ ਹੀ ਉਹਨਾਂ ਆਪਣੀ ਖ਼ੂਬਸੂਰਤ ਸ਼ਬਦਾਵਲੀ ਵਾਲੀ ਨਵੀਂ ਗ਼ਜ਼ਲ ਵੀ ਸੁਣਾਈ। ਗੁਰਦੀਸ਼ ਕੌਰ ਗਰੇਵਾਲ ਨੇ 'ਵਿਸਾਖੀ' ਦੇ ਦਿਹਾੜੇ ਨਾਲ ਸਬੰਧਤ ਕਵਿਤਾ ਪੇਸ਼ ਕੀਤੀ ਅਤੇ 23 ਅਪਰੈਲ ਨੂੰ ਉਹਨਾਂ ਦੀ ਦੋਕਿਤਾਬਾਂ ਦੇ ਲੋਕ ਅਰਪਣ ਸਮਾਗਮ ਵਿਚ ਇੰਡੀਅਨ ਐਕਸ ਸਰਵਿਸਮੈਨ ਸੁਸਾਇਟੀ ਵਿਚ ਹਾਜ਼ਰ ਹੋਣ ਦੀ ਸਭਾ ਮੈਂਬਰਾਂ ਨੂੰ ਬੇਨਤੀ ਕੀਤੀ। ਬਲਕਾਰ ਸਿੰਘ ਸੰਧੂ ਨੇ ਥੋੜੇ ਸ਼ਬਦਾ ਵਿਚ ਸਭਾ ਦੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਕੀਤੇ ਜਾਂਦੇ ਸਮਾਗਮਾਂ ਦੀ ਪ੍ਰਸੰਸਾਂ ਕਰਦਿਆਂ ਦੱਸਿਆ ਕਿਉਹਨਾਂ ਦੀ ਪੋਤੀ ਵੱਲੋਂ ਸਾਲ 2012 ਵਿਚ ਜਿੱਤਿਆ ਇਨਾਮ ਅੱਜ ਵੀ ਉਹਨਾਂ ਲਈ ਮਾਣ ਵਾਲੀ ਗੱਲ ਹੈ। ਸਵਰਨ ਧਾਲੀਵਾਲ ਨੇ ਬੱਚਿਆਂ ਨਾਲ ਘਰਾਂ ਵਿਚ ਪੰਜਾਬੀ ਬੋਲੀ ਵਿਚ ਗੱਲ ਕਰਨ ਤੇ ਜ਼ੋਰ ਦਿੱਤਾ। ਕੁਲਬੀਰ ਸਿੰਘ ਸ਼ੇਰਗਿੱਲ ਨੇ ਵੀ ਸਭਾ ਦੇ ਇਸ ਸਾਲ ਹੋ ਕੇ ਹਟੇ ਛੇਵੇਂ ਬੱਚਿਆਂ ਦੇ'ਪੰਜਾਬੀ ਬੋਲਣ ਦੇ ਮੁਕਾਬਲਿਆਂ' ਦੇ ਪਰੋਗਰਾਮ ਦੀ ਤਾਰੀਫ਼ ਕੀਤੀ ਅਤੇ ਦੱਸਿਆ ਕਿ ਸਾਹਿਤ ਸਭਾ ਵੀ ਇਕ ਸਮਾਗਮ ਨਵੀਂ ਪੀੜੀ ਬਾਰੇ ਸ਼ੁਰੂ ਕਰ ਰਹੀ ਹੈ ਜਿਸ ਵਿਚ ਯੂਨੀਰਸਿਟੀ ਵਿਚੋਂ ਕਿਸੇ ਵਿਸ਼ੇ ਵਿਚ ਜ਼ਿਆਦਾ ਨੰਬਰ ਲੈਣ ਵਾਲੇ ਪੰਜਾਬੀ ਬੱਚਿਆਂ ਦਾ ਸਨਮਾਨ ਕੀਤਾ ਜਾਇਆ ਕਰੇਗਾਜਿਸਦੀ ਪੂਰੀ ਰੂਪਰੇਖਾ ਅਜੇ ਬਾਕੀ ਹੈ। ਹਰਨੇਕ ਬੱਧਨੀ ਨੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਗੱਲ ਕੀਤੀ ਅਤੇ ਸਾਈਂ ਬਾਬਾ ਵਰਗੇ ਨੱਬੇ ਪ੍ਰਤੀਸ਼ਤ ਅਪੰਗ ਪਰੋਫੈਸਰ ਨੂੰ ਭਾਰਤ ਵਿਚ ਸੁਣਾਈ ਉਮਰ ਕੈਦ ਦੀ ਸਜਾ ਦੀ ਨਿੰਦਾ ਕਰਦੀ ਕਵਿਤਾ ਸਾਂਝੀ ਕੀਤੀ। ਜਗਦੀਸ਼ ਸਿੰਘਚੋਹਕਾ ਨੇ ਸਾਮਰਾਜੀ ਸਮਾਜ ਵਿਚ ਮਾਰੂ ਜੰਗਾਂ ਖ਼ਤਮ ਕਰਾਉਣ ਲਈ ਬੁੱਧੀਵੀਵੀਆਂ ਨੂੰ ਹੋਰ ਯੋਗਦਾਨ ਪਾਉਣ ਦੀ ਬੇਨਤੀ ਕਰਦਿਆਂ ਸਾਮਰਾਜੀ ਢਾਂਚੇ ਨੂੰ ਨੇੜੇ ਤੋਂ ਵਾਚਣ ਦੀ ਬੇਨਤੀ ਕੀਤੀ। ਜੋਗਿੰਦਰ ਸਿੰਘ ਸੰਘਾ ਨੇ ਅਲਬਰਟਾ ਦੇ ਸ਼ਹਿਰ ਕੈਲਗਰੀ ਦੀ ਹਿਸਟਰੀ ਬਾਰੇ ਲੇਖ ਸਾਂਝਾ ਕੀਤਾ।ਰਾਜਿੰਦਰ ਕੌਰ ਚੋਹਕਾ ਨੇ ਕਿਹਾ ਕਿ ਵਿਸਾਖੀ ਵਾਲੇ ਦਿਨ ਸਿੱਖਾਂ ਦੀ ਵੱਖਰੀ ਪਹਿਚਾਣ ਸ਼ੁਰੂ ਹੋਈ ਪਰ ਨਾਲ ਹੀ ਦੇਖਣ ਵਾਲੀ ਗੱਲ ਹੈ ਕਿ ਅਸੀਂ ਇਸ ਦੀ ਵਿਚਾਰਧਾਰ ਤੇ ਕਿੰਨਾ ਖ਼ਰੇ ਉੱਤਰ ਰਹੇ ਹਾਂ। ਉਹਨਾਂ ਇਸ ਦਿਨ ਨੂੰ ਸੰਜੀਦਾ ਵਿਚਾਰਾਂ ਦਾ ਦਿਨ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਸੇਦਿਨ ਪੰਜਾਬ ਦੀ ਧਰਤੀ ਉੱਪਰ ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਸਾਕਾ ਵੀ ਵਾਪਰਿਆ ਜਿਸ ਵਿਚ ਨਿਹੱਥੇ ਲੋਕ ਮਰੇ, ਉਸਨੂੰ ਵੀ ਯਾਦ ਕਰਨ ਦੀ ਲੋੜ ਹੈ। ਉਹਨਾਂ ਜੰਗ ਵਿਚ ਔਰਤ ਦੀ ਦਸ਼ਾ ਤੇ ਪੈਂਦੇ ਪ੍ਰਭਾਵਾਂ ਦੀ ਗੱਲ ਕੀਤੀ। ਬਲਵੀਰ ਗੋਰਾ ਨੇ ਲੋਕ ਸੱਚਾਈ ਪੇਸ਼ ਕਰਦੀ ਤਰਕਭਰਪੂਰ ਕਵਿਤਾਪੇਸ਼ ਕੀਤੀ। ਇਸ ਤੋਂ ਬਿਨਾਂ ਮੰਗਲ ਚੱਠਾ, ਮਨਮੋਹਨ ਸਿੰਘ ਬਾਠ, ਬਾਲ ਕਲਾਕਾਰ ਯੁਵਰਾਜ ਸਿੰਘ, ਗੁਰਚਰਨ ਸਿੰਘ ਹੇਹਰ, ਬਲਜਿੰਦਰ ਸੰਘਾ, ਸੁਖਵਿੰਦਰ ਤੂਰ ਨੇ ਕਵਿਤਾਵਾਂ, ਗੀਤ, ਗ਼ਜ਼ਲਾਂ ਨਾਲ ਹਾਜ਼ਰੀ ਲੁਆਈ। ਫੋਟੋਗਰਾਫੀ ਦੀ ਜ਼ਿੰਮੇਵਾਰੀ ਰਣਜੀਤ ਲਾਡੀ ਗੋਬਿੰਦਰਪੁਰੀ ਨੇ ਬਾਖੂਬੀਨਿਭਾਈ। ਸਭਾ ਦੀ ਮਈ ਮਹੀਨੇ ਦੀ ਮੀਟਿੰਗ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਤੀਸਰੇ ਐਤਵਾਰ 21 ਮਈ, 2017 ਨੂੰ ਕੋਸੋ ਹਾਲ ਵਿਚ ਦਿਨ ਦੇ ਦੋ ਵਜੇ ਹੋਵੇਗੀ, ਜਿਸ ਵਿਚ ਸਭਾ ਦੇ ਮੈਂਬਰ ਜੋਗਿੰਦਰ ਸਿੰਘ ਸੰਘਾ ਦੀ ਨਵੀਂ ਕਿਤਾਬ ਲੋਕ ਅਰਪਣ ਕੀਤੀ ਜਾਵੇਗੀ। ਅਖ਼ੀਰ ਵਿਚ ਤਰਲੋਚਨ ਸੈਹਿੰਭੀਨੇ ਗੀਤ ਦੇ ਕੁਝ ਬੋਲਾਂ ਨਾਲ ਹਾਜ਼ਰੀ ਲੁਆਈ ਅਤੇ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਪ੍ਰਧਾਨ ਤਰਲੋਚਨ ਸੈਹਿੰਭੀ ਨਾਲ 403-827-1483 ਜਾਂ ਜਰਨਲ ਸਕੱਤਰ ਬਲਵੀਰ ਗੋਰਾ ਨਾਲ 403-472-2662 ਤੇ ਸਪੰਰਕ ਕੀਤਾ ਜਾ ਸਕਦਾ ਹੈ।