ਲੁਧਿਆਣਾ, 16 ਜਨਵਰੀ 2020 - ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵੱਲੋਂ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗਦਰ ਮੈਮੋਰੀਅਲ ਸੋਸਾਇਟੀ ਦੇ ਪ੍ਰਤੀਨਿਧ ਅਤੇ ਸਰੀ ( ਕੈਨੇਡਾ ) ਦੇ ਸ੍ਰੀ ਗੁਰੂ ਸਿੰਘ ਸਭ ਗੁਰਦਵਾਰਾ ਦੇ ਪ੍ਰਧਾਨ ਸ: ਬਲਬੀਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਬਦੇਸ਼ਾਂ ਚ ਉੱਠੀਆਂ ਲੋਕ ਮੁਕਤੀ ਲਹਿਰਾਂ ਚੋਂ ਗਦਰ ਪਾਰਟੀ ਲਹਿਰ ਨੇ ਦੇਸ਼ ਨੂੰ ਗੁਲਾਮੀ ਕੋਂ ਮੁਕਤੀ ਦਿਵਾਉਣ ਵਿੱਚ ਮੋਹਰੀ ਰੋਲ ਅਦਾ ਕੀਤਾ।
ਇਸ ਮੌਕੇ ਤ੍ਰੈ ਮਾਸਿਕ ਪੱਤ੍ਰਿਕਾ 'ਪਰਵਾਸ' ਦਾ ਤੀਸਰੇ ਅੰਕ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਨੂੰ ਰਸਮੀ ਤੌਰ 'ਤੇ ਜੀ ਆਇਆ ਕਿਹਾ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੀਆਂ ਸਰਗਰਮੀਆਂ ਤੋਂ ਸਰੋਤਿਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਪਰਵਾਸ' ਮੈਗਜ਼ੀਨ ਦੇ ਸੰਸਥਾਪਕ ਸੰਪਾਦਕ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੂੰ ਇਸ ਪੱਤ੍ਰਿਕਾ ਨੂੰ ਪੁਨਰ ਸੁਰਜੀਤ ਕਰਨ ਲਈ ਵਧਾਈ ਦਿੱਤੀ ਤੇ ਕਿਹਾ ਕਿ ਡਾ. ਸ. ਪ. ਸਿੰਘ ਨੇ ਪਰਵਾਸੀ ਸਾਹਿਤ ਨੂੰ ਇਕ ਅਨੁਸ਼ਾਸਨ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਨ੍ਹਾਂ ਵਲੋਂ ਆਰੰਭ ਕੀਤੀ ਗਈ ਇਸ ਪਤ੍ਰਿਕਾ ਨੇ ਪਰਵਾਸੀ ਪੰਜਾਬੀ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਪਾਠਕਾਂ ਦੇ ਸਨਮੁੱਖ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਮੌਕੇ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ 'ਪਰਵਾਸ' ਪੱਤ੍ਰਿਕਾ ਦੀ ਸਮੁੱਚੀ ਸੰਪਾਦਕੀ ਟੀਮ ਨੂੰ ਤੇ ਸਲਾਹਕਾਰ ਬੋਰਡ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵੱਲੌਂ 1990 ਤੋਂ ਲੈ ਕੇ 2000 ਤਕ ਦੇ ਸਮੇਂ ਦੌਰਾਨ ਪ੍ਰਕਾਸ਼ਿਤ ਕਰਵਾਈ ਜਾਂਦੀ ਰਹੀ ਪਰ ਇਸ ਤੋਂ ਬਾਅਦ ਕੁਝ ਅਕਾਦਮਿਕ ਤੇ ਪ੍ਰਸਾਸ਼ਨਿਕ ਰੁਝੇਵਿਆਂ ਕਾਰਨ ਇਸਦਾ ਪ੍ਰਕਾਸ਼ਨ ਨਹੀਂ ਹੋ ਸਕਿਆ। ਹੁਣ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਵਲੋਂ ਇਸ ਨੂੰ ਪੁਨਰ ਸੁਰਜੀਤ ਕੀਤਾ ਗਿਆ ਹੈ ਤੇ ਪਾਠਕਾਂ ਤੇ ਆਲੋਚਕਾਂ ਵੱਲੋਂ ਇਸ ਨੂੰ ਭਰਪੂਰ ਹੁੰਗਾਰਾ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਸਾਹਿਤ ਸੁਰ-ਸੰਗਮ ਸਭਾ ਇਟਲੀ ਤੋਂ ਦਲਜਿੰਦਰ ਰਹਿਲ ਤੇ ਪਰਵਾਸੀ ਪੰਜਾਬੀ ਲੇਖਕ ਨਕਸ਼ਦੀਪ ਪੰਜਕੋਹਾ (ਅਮਰੀਕਾ) ਨੇ ਇਸ ਪੱਤ੍ਰਿਕਾ ਲਈ ਵਿੱਤੀ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਹੈ।
ਇਸ ਮੌਕੇ 'ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਕਿਹਾ ਕਿ ਇਸ ਪੱਤ੍ਰਿਕਾ ਨੇ ਵਿਦੇਸ਼ਾਂ ਵਿਚ ਵੱਸਦੇ ਤੇ ਨਵੇਂ ਲੇਖਕਾਂ ਨੂੰ ਇਕ ਮੰਚ ਪ੍ਰਦਾਨ ਕਰਕੇ, ਇਕ ਪਛਾਣ ਦਿੱਤੀ ਹੈ।ਉਨ੍ਹਾਂ ਕਿਹਾ ਕਿ ਗਦਰ ਲਹਿਰ ਵਰਗੀਆਂ ਲੋਕ ਮੁਕਤੀ ਲਹਿਰਾਂ ਬਾਰੇ ਲਿਖਣ ਤੇ ਸਬੰਧਤ ਪੁਸਤਕਾਂ ਦਾ ਪ੍ਰਕਾਸ਼ਨ ਕਰਵਾਉਣ ਲਈ ਪਰਵਾਸੀ ਲੇਖਕਾਂ ਤੇ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਵੱਧ ਤੋਂ ਵੱਧ ਆਪਣੀਆਂ ਰਚਨਾਵਾਂ ਭੇਜਣ ਦੀ ਅਪੀਲ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ ਕੈਨੇਡਾ, ਸ: ਮਹਿੰਦਰ ਸਿੰਘ ਮਹਿਸਮਪੁਰ,ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਸ. ਭਗਵੰਤ ਸਿੰਘ, ਕੁਲਜੀਤ ਸਿੰਘ, ਹਰਦੀਪ ਸਿੰਘ, ਪੰਜਾਬੀ ਵਿਭਾਗ ਦੇ ਅਧਿਆਪਕ ਪ੍ਰੋ. ਸ਼ਰਨਜੀਤ ਕੋਰ, ਡਾ. ਤੇਜਿੰਦਰ ਕੌਰ ਤੇ ਪ੍ਰੋ. ਹਰਪ੍ਰੀਤ ਸਿੰਘ ਹਾਜ਼ਰ ਸਨ।