ਕੋਲਕਾਤਾ/ਲੁਧਿਆਣਾ 19 ਅਗਸਤ 2019 - ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਸੁਆਗਤ ਵਿੱਚ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਦੀ ਸ: ਹਰਦੇਵ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਭਵਾਨੀਪੁਰ ਦੇ ਲਾਇਬਰੇਰੀ ਹਾਲ ਵਿੱਚ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਕੋਲਕਾਤਾ ਦੇ ਇਨਕਲਾਬੀ ਪੰਜਾਬੀਆਂ ਨੇ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਵਿੱਚ ਕਵੀ ਕੁਟੀਆ ਦੀ ਸਥਾਪਨਾ ਕਰਕੇ ਜਿੱਥੇ ਇਨਕਲਾਬੀ ਸਰਗਰਮੀਆਂ ਦਾ ਆਰੰਭ ਕੀਤਾ ਉਥੇ ਸਾਹਿੱਤ ਸਿਰਜਣਾ ਦਾ ਯੋਗ ਮਾਹੌਲ ਵੀ ਉਸਾਰਿਆ।
ਉਨ੍ਹਾਂ ਕਿਹਾ ਕਿ 1933 ਚ ਸਥਾਪਿਤ ਕਵੀ ਕੁਟੀਆ ਦੇ ਰਾਹੀਂ ਬਾਬਾ ਮੁਣਸ਼ਾ ਸਿੰਘ ਦੁਖੀ, ਸੌਦਾਗਰ ਸਿੰਘ ਭਿਖਾਰੀ , ਡਾ: ਉੱਤਮ ਸਿੰਘ ਢੋਲਣ, ਤੇਜਾ ਸਿੰਘ ਸਫ਼ਰੀ ,ਪ੍ਰੇਮ ਸਿੰਘ ਸਰਾਭਾ ਤੇ ਕਿੰਨੇ ਹੋਰ ਲਿਖਾਰੀਆਂ ਨੇ ਜੰਗੇ ਆਜ਼ਾਦੀ ਦਾ ਮਾਹੌਲ ਗਰਮਾਇਆ। ਕਵੀ ਕੁਟੀਆ ਦੀ 100 ਸਾਲਾ ਸ਼ਤਾਬਦੀ ਮਨਾਉਣ ਲਈ ਹੁਣ ਤੋਂ ਹੀ ਕੋਸ਼ਿਸ਼ਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਆਖਿਆ ਕਿ ਜਰਨੈਲ ਸਿੰਘ ਅਰਸ਼ੀ (ਰਛੀਨ)ਵਰਗੇ ਲਲਕਾਰ ਵਾਲੇ ਸੂਰਮੇ ਲਿਖਾਰੀ ਵੀ ਕਲਕੱਤੇ ਦੇ ਮਾਹੌਲ ਨੇ ਪੰਜਾਬੀ ਸਾਹਿੱਤ ਨੂੰ ਦਿੱਤੇ।
ਸ: ਜਸਵੰਤ ਸਿੰਘ ਕੰਵਲ ਦੀ ਕੋਲਕਾਤਾ ਫੇਰੀ ਵੇਲੇ 1959-60 ਚ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਦੀ ਸਥਾਪਨਾ ਤੇ ਪ੍ਰੇਰਨਾ ਹੋਣ ਨਾਲ ਹਰਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਸੜਕਨਾਮਾ, ਗੁਰਪਾਲ ਸਿੰਘ ਲਿਟ, ਸੁਰਿੰਦਰ ਕੈਲੇ, ਖੋਜੀ ਵਿਦਵਾਨ ਜਗਮੋਹਨ ਸਿੰਘ ਗਿੱਲ ਵਿਸ਼ੇਸ਼ ਪਛਾਣ ਦੇ ਅਧਿਕਾਰੀ ਬਣੇ। ਵਰਤਮਾਨ ਸਮੇਂ ਵੀ ਭੁਪਿੰਦਰ ਬਸ਼ਰ, ਦੇਵਿੰਦਰ ਕੌਰ ਗਿੱਲ, ਰਵੇਲ ਪੁਸ਼ਪ, ਗੁਰਦੀਪ ਸਿੰਘ ਸੰਘਾ ਤੇ ਕਿੰਨੇ ਹੋਰ ਲਿਖਾਰੀ ਕਰਮਸ਼ੀਲ ਹਨ।
ਪ੍ਰੋ: ਗਿੱਲ ਨੇ ਇਸ ਮੌਕੇ ਆਪਣੀਆਂ ਦੋ ਕਿਤਾਬਾਂ ਰਾਵੀ ਤੇ ਪਾਰਦਰਸ਼ੀ ਸਾਹਿੱਤ ਸਭਾ ਲਾਇਬਰੇਰੀ ਲਈ ਸ: ਹਰਦੇਵ ਸਿੰਘ ਗਰੇਵਾਲ ਨੂੰ ਭੇਂਟ ਕੀਤੀਆਂ ਤੇ ਚੋਣਵੀਆਂ ਪੰਜ ਗ਼ਜ਼ਲਾਂ ਸੁਣਾਈਆਂ।
ਸੁਆਗਤੀ ਸ਼ਬਦ ਬੋਲਦਿਆਂ ਜਗਮੋਹਨ ਸਿੰਘ ਗਿੱਲ ਨੇ ਕਿਹਾ ਕਿ ਕੋਲਕਾਤਾ ਗਿਆਨ ਦਾ ਪਹਿਲਾ ਪ੍ਰਮੁੱਖ ਕੇਂਦਰ ਬਣਿਆ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਬਣਨ ਤੋਂ ਪਹਿਲਾਂ ਖਾਲਸਾ ਕਾਲਿਜ ਅੰਮ੍ਰਿਤਸਰ ਸਮੇਤ ਪੰਜਾਬ ਦੇ ਸਾਰੇ ਕਾਲਿਜ ਕੋਲਕਾਤਾ ਯੂਨੀਵਰਸਿਟੀ ਨਾਲ ਸਬੰਧਿਤ ਸਨ। ਰੋਜ਼ਾਨਾ ਪੰਜਾਬੀ ਅਖ਼ਬਾਰ ਨਵੀਂ ਪ੍ਰਭਾਤ ਤੇ ਦੇਸ਼ ਦਰਪਨ ਨੇ ਪੂਰਬੀ ਰਾਜਾਂ ਦੇ ਪੰਜਾਬੀਆਂ ਨੂੰ ਇੱਕ ਲੜੀ ਵਿੱਚ ਪਰੋਇਆ। ਕਵੀ ਦਰਬਾਰਾਂ ਦੀ ਅਮੀਰ ਰਵਾਇਤ ਅੱਜ ਵੀ ਕੋਲਕਾਤਾ ਚ ਨਿਭ ਰਹੀ ਹੈ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ, ਸੀ ਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਜਗਤਾਰ ਧੀਮਾਨ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਸ: ਹਰਦੇਵ ਸਿੰਘ ਗਰੇਵਾਲ ਨੇ ਕੋਲਕਾਤਾ ਵਾਸੀ ਪੰਜਾਬੀਆਂ ਦੀ ਜੰਗੇ ਆਜ਼ਾਦੀ ਨੂੰ ਦੇਣ ਬਾਰੇ ਆਪਣੀ ਅੰਗਰੇਜ਼ੀ ਪੁਸਤਕ ਵੀ ਬਾਵਾ ਜੀ ਨੂੰ ਭੇਂਟ ਕੀਤੀ।
ਇਕੱਤਰਤਾ ਵਿੱਚ ਸਥਾਨਕ ਲੇਖਕਾਂ ਭੁਪਿੰਦਰ ਬਸ਼ਰ, ਦੇਵਿੰਦਰ ਕੌਰ ਗਿੱਲ , ਮੇਘ ਸਿੰਘ ਸਿੱਧੂ ਰਕਬਾ,ਜੈ ਸਿੰਘ ਰੌਲ ਤੇ ਕੁਝ ਹੋਰ ਲੇਖਕਾਂ ਨੇ ਰਚਨਾਵਾਂ ਸੁਣਾਈਆਂ। ਇਸ ਮੌਕੇ ਵਫਦ ਦੇ ਮੈਂਬਰ ਗੁਰਮੇਲ ਸਿੰਘ ਧਾਲੀਵਾਲ ਸਰਪੰਚ ਭੰਮੀਪੁਰਾ,ਕੁਲਵਿੰਦਰ ਸਿੰਘ ਚਾਨੇ ਤੇ ਅਸ਼ਵਨੀ ਮਹੰਤ ਐਡਵੋਕੇਟ ਵੀ ਹਾਜ਼ਰ ਸਨ।