ਪਦਮਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਕੀਤੀ ਹਰਸ਼ਦੀਪ ਦੀ ਕਿਤਾਬ "ਮੂਲ ਮੈਂ" ਲੋਕ ਅਰਪਣ
ਪ੍ਰਮੋਦ ਬਾਤਿਸ਼,ਅਸ਼ਵਨੀ ਜੇਤਲੀ, ਮਾਸਟਰ ਤੇਲੂ ਰਾਮ ਕੋਹਾੜਾ, ਸਾਬਕਾ ਲੋਕ ਸੰਪਰਕ ਅਧਿਕਾਰੀ ਗਿਆਨ ਸਿੰਘ, ਅਲੱਗ ਅਤੇ ਮਹਿਦੂਦਾਂ ਪਰਿਵਾਰ ਵੱਲੋਂ ਪਾਤਰ ਨੂੰ ਸਰਧਾਂਜਲੀ
ਲੁਧਿਆਣਾ, 16 ਮਈ, 2024: ਮਹਿਜ 21 ਸਾਲਾਂ ਦੀ ਉਮਰ 'ਚ ਹਰਸ਼ਦੀਪ ਨੇ ਅਪਣੀ ਪਹਿਲੀ ਪੰਜਾਬੀ ਦੀ ਕਿਤਾਬ "ਮੂਲ ਮੈਂ" ਲੋਕ ਅਰਪਣ ਕੀਤੀ, ਜਿਸਦੀ ਘੁੰਡ ਚੁਕਾਈ ਦੀ ਰਸਮ ਲੇਖਕ ਤੇ ਕਵੀ ਪਦਮਸ਼੍ਰੀ ਸਵ: ਸੁਰਜੀਤ ਪਾਤਰ ਨੂੰ ਸਮਰਪਿਤ ਸਮਾਗਮ ਵਿਚ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼, ਸੀਨੀਅਰ ਪੱਤਰਕਾਰ ਅਸ਼ਵਨੀ ਜੇਤਲੀ, ਲੇਖਕ ਮਾਸਟਰ ਤੇਲੂ ਰਾਮ ਕੋਹਾੜਾ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਗਿਆਨ ਸਿੰਘ, ਸਵ: ਡਾਕਟਰ ਸਰੂਪ ਸਿੰਘ ਅਲੱਗ ਦੇ ਪੋਤੇ ਉਦੈਵੀਰ ਸਿੰਘ ਅਲੱਗ ਤੇ ਹਰ ਕੌਰ ਅਲੱਗ ਅਤੇ ਹਰਸ਼ਦੀਪ ਦੇ ਪਿਤਾ ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਮਾਤਾ ਗੁਰਿੰਦਰ ਕੌਰ ਮਹਿਦੂਦਾਂ ਵੱਲੋਂ ਕੀਤੀ ਗਈ।
ਇਸ ਤੋਂ ਪਹਿਲਾਂ ਪਾਤਰ ਦੀ ਫੋਟੋ ਉੱਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ ਗਈ। ਉਨ੍ਹਾਂ ਦੀਆਂ ਲਿਖਤਾਂ ਉੱਤੇ ਵੀ ਚਰਚਾ ਕਰਦਿਆਂ ਉਨ੍ਹਾਂ ਦੀ ਬੇਵਕਤੀ ਮੌਤ ਨੂੰ ਕੇਵਲ ਪਰਿਵਾਰ ਲਈ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਖਾਸ ਕਰ ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ ਦੱਸਿਆ। ਹਰਸ਼ਦੀਪ ਦੀ ਕਿਤਾਬ ਦੀ ਸ਼ਲਾਘਾ ਕਰਦਿਆਂ ਪ੍ਰਮੋਦ ਬਾਤਿਸ਼, ਅਸ਼ਵਨੀ ਜੇਤਲੀ, ਤੇਲੂ ਰਾਮ ਕੋਹਾੜਾ, ਗਿਆਨ ਸਿੰਘ ਅਤੇ ਅਲੱਗ ਨੇ ਕਿਹਾ ਕਿ ਇਸਦੀਆਂ ਕੁਝ ਲਿਖਤਾ ਪੜ੍ਹ ਕੇ ਲੱਗਿਆ ਕਿ ਇਸਨੇ ਅਪਣੀ ਉਮਰ ਤੋਂ ਕਿਤੇ ਅੱਗੇ ਵੱਧ ਕੇ ਲਿਖਿਆ ਹੈ। ਗੁਰਪ੍ਰੀਤ ਸਿੰਘ ਮਹਿਦੂਦਾਂ ਤੇ ਗੁਰਿੰਦਰ ਕੌਰ ਮਹਿਦੂਦਾਂ ਨੇ ਸੀਨੀਅਰ ਪੱਤਰਕਾਰ ਸ਼੍ਰੀ ਅਸ਼ਵਨੀ ਜੇਤਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕਿਤਾਬ ਲਈ ਉਨ੍ਹਾਂ ਨੇ ਜੋ ਯੋਗਦਾਨ ਦਿੱਤਾ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹਰਸ਼ਦੀਪ ਨੇ ਅਪਣੀ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਵੱਖ-ਵੱਖ ਪ੍ਰਕਾਰ ਦੇ 25 ਲੇਖ ਅਤੇ 4 ਸੰਪਾਦਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਿਤਾਬ ਦੇ ਕੁਝ ਲੇਖਾਂ ਨੂੰ ਸਮਝਣ ਲਈ ਸਾਨੂੰ ਹਰ ਪ੍ਰਕਾਰ ਤੋਂ ਮੁਕਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਮੇਰੇ ਅਨੁਸਾਰ 'ਪੂਰਨ ਨਾਸਤਿਕ' ਹੋ ਕੇ ਸਾਡੀ ਮੂਲ ਚਾਹਤ ਦੀ ਪੂਰਤੀ ਹੋ ਸਕਦੀ ਹੈ। 'ਪੂਰਨ ਨਾਸਤਿਕਤਾ' ਤੋਂ ਪ੍ਰਾਪਤ ਸਮਝ ਨੂੰ ਆਧਾਰ ਬਣਾ ਕੇ, ਜਿੰਦਗੀ ਜਿਉਂ ਕਿ ਜੋ ਸਹਿਜ ਸੁਭਾਅ ਕੀਤਾ ਜਾ ਸਕਦਾ ਹੈ ਉਸਨੂੰ ਕੀਤਾ ਜਾਵੇ। ਬਹੁਤੇ ਸੰਘਰਸ਼ਾਂ ਨੂੰ ਆਪ ਜਨਮ ਦੇਣਾ ਮੇਰੇ ਮੁਤਾਬਿਕ ਸਾਡਾ 'ਰੋਗੀ' ਹੋਣਾ ਹੈ। ਇਸ ਮੌਕੇ ਰਿਟਾ: ਐਸ ਪੀ ਧਰਮਵੀਰ ਸਿੰਘ ਧੰਮੀ, ਹਾਕੀ ਕੋਚ ਮਨਪ੍ਰੀਤ ਸਿੰਘ, ਰਵਿੰਦਰ ਨਿੱਝਰ, ਮਨਪ੍ਰੀਤ ਰਣਦਿਓ, ਦਿਨੇਸ਼ ਭਾਰਦਵਾਜ, ਪਰਮਿੰਦਰ ਜਮਾਲਪੁਰ, ਸੁਰਿੰਦਰ ਸ਼ਿੰਦਾ, ਰਜਿੰਦਰ ਕੌਰ, ਨਿਰਮਲ ਕੌਰ, ਕਿਰਨਦੀਪ ਕੌਰ ਮਹਿਦੂਦਾਂ, ਰਾਹੁਲ, ਤੀਰਥ ਸਨੇਰ, ਜਸਵੀਰ ਗੁਰਮ, ਅਮਰੀਕ ਸਿੰਘ ਪੰਮੀ, ਰਾਜਦੀਪ ਅਲਬੇਲਾ, ਹੇਮਰਾਜ ਬੱਬਰ, ਰਜਨੀਸ਼ ਬਾਂਸਲ, ਗੁਰਪ੍ਰੀਤ ਭਰੋਵਾਲ, ਅਰਵਿੰਦਰ ਜੋਤੀ, ਮਨੋਜ ਕੁਮਾਰ, ਜਗਜੀਤ ਜੱਗਾ ਅਤੇ ਹੋਰ ਹਾਜਰ ਸਨ।