ਸੁਰਖ਼ ਗੁਲਾਬਾਂ ਦੇ ਮੌਸਮ ਵਿੱਚ, ਫ਼ੁੱਲਾਂ ਦੇ ਰੰਗ ਕਾਲ਼ੇ ਕਿਉ ਨੇ।
ਵੇਖਣ ਵਾਲੀ ਅੱਖ ਦੇ ਅੰਦਰ, ਏਨੇ ਗੂੜ੍ਹੇ ਜਾਲ਼ੇ ਕਿਓ ਂ ਨੇ।
ਸੱਤਰ ਸਾਲ ਆਜ਼ਾਦੀ ਜਿਹੜੇ ,ਘਰ ਪਰਿਵਾਰਾਂ ਰਲ਼ ਕੇ ਚੁੰਘੀ,
ਨੀਤਾਂ ਵਾਲੇ ਖ਼ਾਲਮ ਖ਼ਾਲੀ ,ਅੱਜ ਤੀਕਰ ਵੀ ਆਲ਼ੇ ਕਿਓ ਂਨੇ।
ਭੋਗੀ ਯੋਗੀ ਰਲ ਗਏ ਵੇਖੋ, ਹੁਣ ਏਥੇ ਇਕਤਾਰਾ ਬੋਲੂ,
ਤੇਰੇ ਮੇਰੇ ਸਭ ਦੇ ਮੂੰਹ ਤੇ ਅਣਦਿਸਦੇ ਜਹੇ ਤਾਲ਼ੇ ਕਿਓ ਂ ਨੇ।
ਕੱਲ੍ਹ ਜੰਮੇ ਅੱਜ ਗੱਭਰੂ ਹੋ ਗਏ ਦੇਣ ਹਕਾਇਤਾਂ, ਆਪਾਂ ਸੁਣੀਏ,
ਬਿਨ ਕੁਰਬਾਨੀ ਕੁਰਸੀ ਉੱਤੇ,ਰਾਣੀ ਖਾਂ ਦੇ ਸਾਲ਼ੇ ਕਿਓ ਂ ਨੇ।
ਦਾਤਾ ਤੇਰੇ ਘਰ ਦੇ ਅੰਦਰ ਬਾਈ ਮੰਜੀਆਂ ਡੱਠ ਗਈਆਂ ਨੇ,
ਧਰਮ ਗੁਆਚਾ ਧੜਿਆਂ ਪਿੱਛੇ ਇਹ ਸਭ
ਘਾਲ਼ੇ ਮਾਲ਼ੇ ਕਿਓ ਂ ਨੇ।
ਰੱਬ ਵੀ ਜੇਕਰ ਇੱਕੋ ਇੱਕ ਹੈ ,ਸੂਰਜ ਵਾਂਗੂੰ ਸਭ ਦਾ ਸਾਂਝਾ,
ਏਸ ਤਰ੍ਹਾਂ ਵਿਸ਼ਵਾਸਾਂ ਦੇ ਵੀ ,ਹੁੰਦੇ ਰੋਜ਼ ਉਧਾਲ਼ੇ ਕਿਓ ਂ ਨੇ।
ਤੂੰ ਸੀ ਸਾਡਾ ਰਾਹ ਰੁਸ਼ਨਾਉਣਾ, ਭੁੱਲੇ ਭਟਕੇ ਰਾਹੇ ਪਾਉਣਾ,
ਵੰਨ ਸੁਵੰਨੇ ਰਾਹੂ ਕੇਤੂ ਤੇਰੇ ਆਲ਼ ਦੁਆਲ਼ੇ ਕਿਓ ਨੇ।
Gurbhajansinghgill@ gmail. Com
Phone: 98726 31199