ਬੈਂਸ ਅਤੇ ਪ੍ਰੋਫੈਸਰ ਯੋਗਰਾਜ ਵਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਬਾਲ ਰਸਾਲੇ 'ਪੰਖੜੀਆਂ' ਦਾ ਵਿਸ਼ੇਸ਼ ਅੰਕ ਰੀਲੀਜ਼
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਸਤੰਬਰ 2022 - ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਬਾਲ ਰਸਾਲੇ 'ਪੰਖੜੀਆਂ' ਦਾ ਵਿਸ਼ੇਸ਼ ਅੰਕ ਅੱਜ ਇੱਥੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ।
ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਨੇ ਪੰਖੜੀਆਂ ਵਿਸ਼ੇਸ਼ ਅੰਕ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅੰਕ ਹੈ। ਇਸ ਵਿੱਚ ਸ੍ਰ. ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਸਾਂਭਣਯੋਗ ਅੰਕ ਹੈ ਅਤੇ ਇਹ ਵਿਸ਼ੇਸ਼ ਅੰਕ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਐਫ਼ੀਲਇਏਟਿਡ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿੱਚ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਅਜੋਕੇ ਯੁੱਗ ਵਿੱਚ ਬਾਲ ਸਾਹਿਤ ਦੀ ਬਹੁਤ ਲੋੜ ਹੈ। ਵਿਦਿਆਰਥੀਆਂ ਦੇ ਜੀਵਨ ਅਤੇ ਸ਼ਖ਼ਸੀਅਤ ਨੂੰ ਨਿਖਾਰਨ ਲਈ ਬਾਲ ਸਾਹਿਤ ਅਹਿਮ ਰੋਲ ਅਦਾ ਕਰ ਰਿਹਾ ਹੈ।
ਵਰਨਣਯੋਗ ਹੈ ਕਿ ਸਤੰਬਰ ਮਹੀਨੇ ਦਾ 'ਪੰਖੜੀਆਂ' ਦਾ ਵਿਸ਼ੇਸ਼ ਅੰਕ ਅਧਿਆਪਕ ਦਿਵਸ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਅੰਕ ਵਿੱਚ ਇਸ ਵਾਰ ਵੱਖ-ਵੱਖ ਵਿਦਵਾਨਾਂ ਕੋਲੋਂ ਆਰਟੀਕਲ, ਕਵਿਤਾਵਾਂ ਅਤੇ ਹੋਰ ਮੁੱਲਵਾਨ ਸਮੱਗਰੀ ਮੰਗਵਾ ਕੇ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸ੍ਰ. ਭਗਵੰਤ ਮਾਨ, ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ, ਪ੍ਰੋਫ਼ੈਸਰ ਯੋਗਰਾਜ ਚੇਅਰਮੈਨ,
ਪੰਜਾਬ ਸਕੂਲ ਸਿੱਖਿਆ ਬੋਰਡ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ, ਸਕੱਤਰ ਸਵਾਤੀ ਟਿਵਾਣਾ (ਪੀ.ਸੀ.ਐੱਸ) ਦੇ ਸੰਦੇਸ਼ ਵੀ ਵਿਸ਼ੇਸ਼ ਤੌਰ ਤੇ ਇਸ ਅੰਕ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਸੰਪਾਦਕ ਸ਼੍ਰੀਮਤੀ ਅਮਰਜੀਤ ਕੌਰ ਦਾਲਮ, ਸੰਪਾਦਕ ਪੰਖੜੀਆਂ ਸ੍ਰ. ਦਰਸ਼ਨ ਸਿੰਘ ਬਨੂੜ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਡੀ.ਪੀ.ਆਈ. ਸੈਕੰਡਰੀ ਦੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।