GNDU ਦੇ VC ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਪੁਸਤਕ `ਸਮੁੰਦਰਨਾਮਾ` ਰਿਲੀਜ਼
- ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਵਿਸ਼ੇਸ਼ ਪੁਸਤਕ ਰਿਲੀਜ਼ ਸਮਾਰੋਹ
ਅੰਮ੍ਰਿਤਸਰ 07 ਮਾਰਚ 2023 - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ- ਮੰਚ ਵੱਲੋਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬੀ ਦੇ ਨਾਮਵਰ ਲੇਖਕ ਪਰਮਜੀਤ ਮਾਨ ਦੀ ਪੁਸਤਕ `ਸਮੁੰਦਰਨਾਮਾ` ਦਾ ਲੋਕ- ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਅਤੇ ਇਸ ਮੌਕੇ ਉਪ- ਕੁਲਪਤੀ ਪੋ੍. ਜਸਪਾਲ ਸਿੰਘ ਸੰਧੂ ਨੇ ਇਸ ਪੁਸਤਕ ਨੂੰ ਰਿਲੀਜ਼ ਕੀਤਾ ਤੇ ਕਿਹਾ ਕਿ `ਸਮੁੰਦਰਨਾਮਾ` ਪੁਸਤਕ ਪੰਜਾਬੀ ਸਾਹਿਤ ਜਗਤ ਵਿਚ ਨਵਾਂ ਵਾਧਾ ਹੈ।ਇਸ ਰਾਹੀਂ ਪੰਜਾਬੀ ਸਾਹਿਤ ਵਿਚ ਨਵੇਂ ਸਿਰਜਣਾਤਮਕ ਅਨੁਭਵ ਪੈਦਾ ਹੋਏ ਹਨ।
ਇਸ ਮੌਕੇ ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ,ਗੁਰੂ ਨਾਨਕ ਦੇਵ ਯੂਨੀਵਰਸਿਟੀ)ਵਿਸ਼ੇਸ਼ ਮਹਿਮਾਨ ਤੇ ਡਾ. ਡੀ.ਆਰ .ਭੱਟੀ (ਆਈ.ਪੀ.ਐੱਸ ਸੇਵਾਮੁਕਤ ਡੀ.ਜੀ.ਪੀ.ਪੰਜਾਬ ਪੁਲਿਸ) ਪ੍ਰਧਾਨ, ਡਾ. ਲਾਭ ਸਿੰਘ ਖੀਵਾ( ਸਾਬਕਾ ਡੀਨ,ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ )ਮੁੱਖ ਵਕਤਾ ਤੇ ਸ੍ਰੀ ਜਸਪਾਲ ਮਾਨਖੇੜਾ (ਪ੍ਰਸਿੱਧ ਪੰਜਾਬੀ ਲੇਖਕ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੇ ਕੋਆਰਡੀਨੇਟਰ ਤੇ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਪਰਮਜੀਤ ਮਾਨ ਦੀ ਇਹ ਪੁਸਤਕ ਵਾਰਤਕ ਦੀ ਵਿਧਾ ਰਾਹੀਂ ਸਮੁੰਦਰ ਨਾਲ ਸਬੰਧਤ ਅਨੁਭਵਾਂ ਨੂੰ ਪਹਿਲੀ ਵਾਰ ਪੰਜਾਬੀ ਪਾਠਕਾਂ ਦੇ ਸਨਮੁਖ ਪ੍ਰਸਤੁਤ ਕਰਦੀ ਹੈ। ਇਹ ਪੁਸਤਕ ਮਿਸ਼ਰਤ ਵਿਧਾ ਵਾਲੀ ਰਚਨਾ ਹੈ ਜਿਸ ਵਿਚ ਵਿਭਿੰਨ ਸਭਿਆਚਾਰਾਂ ਦਾ ਸੰਵਾਦ ਪ੍ਰਸਤੁਤ ਕੀਤਾ ਗਿਆ ਹੈ। ਡਾ.ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਇਹ ਪੁਸਤਕ ਜੀਵਨ ਦੇ ਅਨੁਭਵਾਂ ਤੇ ਵਿਭਿੰਨ ਸੰਕਟਾਂ ਦੀ ਗਾਥਾ ਹੈ।
ਪੰਜਾਬੀ ਸਾਹਿਤ ਜਗਤ ਵਿਚ ਇਸ ਪੁਸਤਕ ਦਾ ਪ੍ਰਵੇਸ਼ ਨਵੇਂ ਦਿਸਹੱਦਿਆਂ ਨੂੰ ਸਿਰਜਦਾ ਹੈ। ਸਮਾਗਮ ਦੇ ਮੁੱਖ ਵਕਤਾ ਡਾ.ਲਾਭ ਸਿੰਘ ਖੀਵਾ ਨੇ ਕਿਹਾ ਕਿ ਜਲ ਸੈਨਾ ਦੇ ਜੀਵਨ-ਅਨੁਭਵ ਨੂੰ ਪਰਮਜੀਤ ਮਾਨ ਨੇ ਆਪਣੀ ਸਿਰਜਣਾ ਰਾਹੀਂ ਪੇਸ਼ ਕੀਤਾ ਹੈ ਜਿਸ ਵਿਚ ਸਮੁੰਦਰ ਦੀ ਵਿਸ਼ਾਲਤਾ, ਜੋਖ਼ਮਤਾ, ਚੰਚਲਤਾ ਅਤੇ ਵੰਨ-ਸੁਵੰਨਤਾ ਨੂੰ ਕਲਮਬੱਧ ਕੀਤਾ ਗਿਆ ਹੈ।ਸ੍ਰੀ ਜਸਪਾਲ ਮਾਨਖੇੜਾ ਨੇ ਕਿਹਾ ਕਿ ਇਹ ਰਚਨਾ ਤਿੰਨ ਪਾਸਾਰਾਂ ਨਾਲ ਸਬੰਧਤ ਹੈ ਜਿਸ ਵਿਚ ਸਮੁੰਦਰਨਾਮਾ,ਸਫ਼ਰਨਾਮਾ ਤੇ ਜ਼ਿੰਦਗੀਨਾਮਾ ਦਾ ਸੁਮੇਲ ਹੈ। ਇਸ ਰਚਨਾ ਵਿਚ ਰਚਨਾਕਾਰ ਨੇ ਸਮੁੰਦਰੀ ਜੀਵਨ ਤੇ ਉਹਨਾਂ ਅਨੁਭਵਾਂ ਨੂੰ ਚਿਤਰਿਆ ਹੈ ਜੋ ਮਨੁੱਖੀ ਜੀਵਨ ਵਿਚ ਪਰਿਵਰਤਨਸ਼ੀਲਤਾ ਦਾ ਸਬੱਬ ਬਣਦੇ ਹਨ। ਪਰਮਜੀਤ ਮਾਨ ਨੇ ਇਸ ਸਮਾਗਮ ਵਿਚ ਆਪਣੇ ਜੀਵਨ, ਅਨੁਭਵ ਅਤੇ ਆਪਣੀ ਸਿਰਜਣ ਪ੍ਰਕਿਰਿਆ ਨੂੰ ਸਾਂਝਾ ਕੀਤਾ।
ਡਾ. ਡੀ. ਆਰ. ਭੱਟੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਭੂਗੋਲਿਕ , ਇਤਿਹਾਸਕ ਤੇ ਵਿਭਿੰਨ ਸਭਿਆਚਾਰਾਂ ਤੋਂ ਜਾਣੂ ਕਰਵਾਉਂਦੀ ਹੈ ਤੇ ਉਨ੍ਹਾਂ ਨੂੰ ਸਾਕਾਰਾਤਮਕ ਊਰਜਾ ਪ੍ਰਦਾਨ ਕਰਦੀ ਹੈ। ਡਾ. ਚੰਦਨਪ੍ਰੀਤ ਨੇ `ਸਮੁੰਦਰਨਾਮਾ` ਪੁਸਤਕ `ਤੇ ਖੋਜ-ਪੱਤਰ ਪ੍ਰਸਤੁਤ ਕਰਦਿਆਂ ਇਸਦੇ ਵਿਸ਼ਿਆਂ ਨੂੰ ਉਭਾਰਿਆ ਤੇ ਕਿਹਾ ਕਿ ਇਹ ਪੁਸਤਕ ਬਸਤੀਵਾਦ ਦੇ ਵਿਰੋਧ ਦਾ ਪ੍ਰਵਚਨ ਸਿਰਜਦੀ ਹੈ। ਡਾ.ਮੇਘਾ ਸਲਵਾਨ ਨੇ ਇਸ ਸਮਾਗਮ ਵਿਚ ਮੰਚ ਸੰਚਾਲਕ ਦੀ ਭੂਮਿਕਾ ਬਾਖ਼ੂਬੀ ਨਿਭਾਈ।
ਉਨ੍ਹਾਂ ਨੇ ਇਸ ਪੁਸਤਕ ਨੂੰ ਕਲਾਸਿਕ ਰਚਨਾਵਾਂ ਦੇ ਸਮਾਨਾਂਤਰ ਮੰਨਿਆ। ਸਮਾਗਮ ਦੇ ਅੰਤ `ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਜੀ ਨੇ ਕਿਹਾ ਕਿ ਜਿਥੇ ਇਹ ਪੁਸਤਕ ਇਤਿਹਾਸ, ਭੂਗੋਲ ਅਤੇ ਵਿਭਿੰਨ ਸਭਿਆਚਾਰਾਂ ਦਾ ਪ੍ਰਦਰਸ਼ਨ ਕਰਦੀ ਹੈ ਉੱਥੇ ਇਹ ਮਨੁੱਖ ਦੀ ਸੰਵੇਦਨਾ ਦਾ ਪ੍ਰਗਟਾਵਾ ਵੀ ਕਰਦੀ ਹੈ । ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਵੀ ਕੀਤਾ।ਇਸ ਮੌਕੇ ਡਾ. ਦਲਬੀਰ ਸਿੰਘ , ਡਾ. ਸਰਬਜਿੰਦਰ ਸਿੰਘ,ਡਾ.ਅਮਰਜੀਤ ਸਿੰਘ,ਡਾ. ਵਿਸ਼ਾਲ,ਅਰਤਿੰੰਦਰ ਸੰਧੂ,ਡਾ਼ ਹਰਿੰਦਰ ਕੌਰ,ਡਾ਼ ਕੰਵਲਦੀਪ ਕੌਰ,ਡਾ. ਪਵਨ ਕੁਮਾਰ,ਡਾ਼ ਕੰਵਲਜੀਤ ਕੌਰ,ਡਾ਼ ਇੰਦਰਪ੍ਰੀਤ ਕੌਰ,ਡਾ.ਜਸਪਾਲ ਸਿੰਘ,ਡਾ਼ ਹਰਿੰਦਰ ਸਿੰਘ, ਡਾ਼ ਗੁਰਪ੍ਰੀਤ ਸਿੰਘ, ਵਿਭਾਗ ਦੇ ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।