ਚੱਲ ਪਰਤ ਚੱਲੀਏ ਪਿੰਡਾਂ ਨੂੰ
ਕਿ ਹਵਾਵਾਂ ਰੁਮਕਣਾ ਭੁੱਲ ਜਾਣਗੀਆਂ ਨਹੀਂ ਤਾਂ
ਕਿ ਮਰਨਾਂ ਨਹੀਂ ਪੱਤਝੜਾਂ ਨੇ
ਰਾਹਾਂ ਚ ਰਾਹਗੀਰ ਨਹੀਂ ਲੱਭਣੇ
ਮੋੜ੍ਹ ਲਿਆਈਏ ਨਦੀਆਂ ਨੂੰ ਖੇਤਾਂ ਵੱਲ
ਦਰਾਂ ਤੇ ਬੰਨ੍ਹ ਕੇ ਆਈਏ ਖੁਸ਼ੀਆਂ ਦੇ ਪੱਤ
ਪਿੰਡਾਂ ਨੂੰ ਪਰਤ ਜਾਣ ਦਾ ਅਜੇ ਵੀ ਸਮਾਂ ਹੈ
ਚੱਲੀਏ ਕਿ ਕਪਾਹਾਂ ਸ਼ਾਇਦ ਹੱਸ ਪੈਣ ਦੇਖ ਕੇ
ਕਿ ਸੂਰਜ ਖੜ੍ਹ ਜਾਵੇ ਡੁੱਬਣੋਂ
ਸ਼ਾਮ ਚ ਪਰਤ ਆਵੇ ਮਹਿਫ਼ਿਲ ਖਬਰੇ
ਹੋ ਸਕਦਾ ਕਿ ਉਹ ਵੀ ਆ ਜਾਵੇ ਮਿਲਣ
ਕਿਸੇ ਰਾਤ ਚ ਭੁੱਲ ਕੇ-
ਕਿ ਕੋਇਲ ਵੀ ਜਾਗ ਪਵੇ ਕਿਸੇ ਡਾਲੀ ਤੇ
ਜੇ ਨਾ ਗਏ
ਤਾਂ ਦੁਪਹਿਰਾਂ ਰੁੱਸ ਜਾਣਗੀਆਂ
ਬਾਸਮਤੀ ਨੇ ਨਹੀਂ ਨਿੱਸਰਨਾਂ
ਸਿਆੜਾਂ ਨੇ ਬੁੱਲ੍ਹ ਨਹੀਂ ਖੋਲ੍ਹਣੇ
ਕਮਾਦਾਂ ਚ ਮਿੱਠਤ ਕਿੱਥੋਂ ਭਾਲਾਂਗੇ-
ਸਰੋਂ੍ਹ ਦੇ ਸਾਗ ਦੇ ਵਿਗੋਚੇ ਨਹੀਂ ਸਹਾਰ ਹੋਣੇ
ਕੌਣ ਸਜਾਏਗਾ ਅੱਖਾਂ ਝਮਕਦੇ ਸਿਤਾਰਿਆਂ ਨਾਲ
ਅੰਬਰ ਦਾ ਥਾਲ
ਚੋਰ ਸਿਪਾਹੀ ਨੂੰ ਕੌਣ ਲੱਭੇਗਾ ਅਸਮਾਨਾਂ ਚੋਂ
ਪਰਤ ਚੱਲੀਏ ਅਜੇ ਵੀ ਵਕਤ ਹੈ ਹੱਥਾਂ ਚ
ਫਿਰ ਕਿੱਥੋਂ ਲਿਆਵਾਂਗੇ ਮੋੜ ਕੇ
ਕਬਰਾਂ ਨੂੰ ਟੁਰ ਗਈਆਂ ਮਾਵਾਂ ਵਰਗੀਆਂ ਛਾਵਾਂ
ਤੇ ਛੱਤਾਂ ਵਰਗੇ ਬਾਪ
ਅੱਜ ਕਲ ਤਾਂ ਕਬਰਾਂ ਦੇ ਰੁੱਖ ਵੀ
ਛਾਵਾਂ ਕਰਨੀਆਂ ਭੁੱਲ ਗਏ ਹਨ
ਕਿਹਦੀ ਛਾਂ ਚ ਬੈਠਾਂਗੇ ਪਲ ਭਰ ਜਾ ਕੇ
ਮਾਂ ਦੀਆਂ ਅਸੀਸਾਂ ਟੋਲਣ ਲਈ
ਤੇ ਬਾਪੂ ਦੇ ਲਾਡ ਲੱਭਣ ਲਈ
ਘਰ ਓਦਾਂ ਨਹੀਂ ਖੋਲ੍ਹਦੇ ਹਿੱਕਾਂ
ਪਹਿਲਾਂ ਚਿਹਰੇ ਪਛਾਣਦੇ ਹਨ
ਨਜ਼ਰਾਂ ਵੱਲ ਤੱਕਦੇ ਹਨ-
ਸ਼ਨਾਖ਼ਤੀ ਪੱਤਰ ਮੰਗਦੇ ਹਨ-
ਕਿੱਥੋਂ ਲਿਆਵਾਂਗੇ ਗੁਆਂਢੋਂ ਤੁਰ ਗਈ
ਚਾਚੀ ਤੋਜੋ
ਕਿਹਰ ਸਿਓਂ ਤਾਇਆ
ਤੇ ਭਰਾਵਾਂ ਵਰਗੇ ਤਕੀਏ ਦੇ ਬੋਹੜ ਪਿੱਪਲ
ਹੁਣ ਤਾਂ ਕਦੇ ਡਾਕੀਆ ਨਾਜ਼ਰ ਵੀ ਨਹੀਂ ਦਿਸਿਆ
ਤੇ ਨਾ ਹੀ ਹੱਟੀ ਵਾਲੀ ਨਿੰਮੋਂ
ਰਾਹ ਓਦਾਂ ਨਹੀਂ ਨੇੜੇ ਖੜ੍ਹਦੇ
ਕਿਹਦੀ ਗਵਾਹੀ ਪਾਵਾਂਗੇ
ਕਿ ਮੈਂ ਓਹੀ ਹਾਂ-
ਤੁਹਾਡੀ ਗੋਦੀ ਚ ਖੇਡਣ ਵਾਲਾ
ਹੱਸਣ ਹਸਾਉਣ ਵਾਲਾ ਤੁਹਾਡੇ ਵਿਹੜਿਆਂ ਨੂੰ-
ਪੁਰਾਣੇ ਰੁੱਖ ਸਨ ਦਾਦੀ ਦਾਦੇ ਵਰਗੇ
ਲੋਕਾਂ ਨੇ ਸਾਰੇ ਹੀ ਘਰਾਂ ਚ ਖ਼ਪਤ ਕਰ ਲਏ
ਕੁਝ ਸੇਕ ਲਏੇ ਬਾਕੀ ਵੇਚ ਲਏੇ
ਖੇਡਣ ਵਾਲੀਆਂ ਥਾਵਾਂ ਸਨ-
ਵਲਗਣਾਂ ਨੇ ਡੀਕ ਲਈਆਂ
ਚੱਪਾ ਵੀ ਥਾਂ ਨਹੀਂ ਬਚੀ
ਕਿ ਕਿਤੇ ਕੋਈ ਅੱਡੀ ਛੜੱਪਾ ਹੀ ਖੇਡ ਲਵੇ
ਜੱਫ਼ੀਆਂ ਪਾਉਣ ਲਈ
ਤੇ ਝੂਟਣ ਲਈ ਟਾਹਣ ਸਨ
ਕਿਤੇ ਨਹੀਂ ਨਜ਼ਰ ਆਉਂਦੇ-
ਬੰਦਾ ਪੀਂਘ ਪਾਵੇ ਤਾਂ ਕਿਹਦੀ ਬਾਂਹ ਤੇ-
ਚੰਨ ਤਾਰੇ ਤਾਂ ਝਾਕਦੇ ਨੇ ਛੱਤ ਤੇ
ਪਰ ਬੰਦਾ ਮੰਜੇ ਕਿੱਥੋਂ ਲਿਆਵੇ ਤੇ ਵਿਛਾਵੇ ਡਾਰਾਂ ਚ
ਦੀਵਾਲੀ ਵਿਸਾਖੀ ਤਾਂ ਹਰ ਸਾਲ ਆਉਂਦੀ ਹੈ
ਪਰ ਜ਼ਿੰਦਰਿਆਂ ਵਾਲੇ ਘਰ ਦੇਖ ਮੁੜ ਜਾਂਦੀ ਹੈ
ਬੰਦ ਬੂਹਿਆਂ ਵੱਲ ਮੰਗਣ ਵਾਲੇ ਵੀ ਨਹੀਂ ਝਾਕਦੇ
ਕੁੜੀਆਂ ਗੀਤ ਭੁੱਲ ਜਾਂਦੀਆਂ ਨੇ
ਬੰਦ ਦਰਵਾਜਿਆਂ ਵੱਲ ਤੱਕ ਕੇ
ਬਨ੍ਹੇਰੇ ਦੀਵਿਆਂ ਦੀ ਛੁਹ ਨੂੰ ਤਰਸ ਰਹੇ ਹਨ
ਬੂਹੇ ਤੇਲ ਦੇ ਮੋਹ ਨੂੰ ਤਰਸ ਰਹੇ ਹਨ
DrAmarjit Tanda
Tanda Pest Control -----SRK Real Estate
Ex-Pest Control Technician Flick Pest Control / Rentokil Pest ControlSydney
UWS Hawkesbury CSIRO, Australia
Ph = 02 9682 3030 Mob; 0417271147