ਏਨੀ 'ਕਲ ਕਿ ਨੇੜੇ ਤੇੜੇ
ਨਹੀਂ ਕੋਈ ਗੱਲ ਕਰਨ ਵਾਲਾ
ਅਪਣੇ ਸਾਹਾਂ ਤੋਂ ਵੀ ਡਰ ਲਗਦਾ
ਸਾਹਮਣੇ ਮੇਜ਼ ਤੇ ਪਈਆਂ ਨੇ
ਪਿੱਛਲੇ ਦਿਨਾਂ ਦੀਆਂ ਬੱਝੀਆਂ
ਮਨਭਾਉਂਦੇ ਰੰਗਾਂ ਦੀਆਂ ਪੱਗਾਂ
ਇਨ੍ਹਾਂ ਚ ਜਿਊਂਦਾ ....ਸੋਚਦਾ,
ਕਲ,ਪਰਸੋਂ,ਚੌਥ ਮੇਰਾ ਸਿਰ
ਸੋਚਦਾਂ ਇਨ੍ਹਾਂ ਨਾਲ ਹੀ ਗੱਲ ਕਰਾਂ....
ਕਿਨਾਂ ਵਫਾਦਾਰ ਭੋਸ਼ਣ
ਜੋ ਮੇਰੇ ਤਿੜਕੇ ਰੂਪ...
ਦੂਹਰੇਪਨ ਨੂੰ ਸਰੂਪ ਬਖ਼ਸ਼ੇ
ਸਵੇਰ ਹੁੰਦੀ ਤਾਂ ਉਡੀਕਣ
ਤਾਂ ਕਿ ਭਰ ਸਕਾਂ
ਅਪਣੇ ਸਿਰ ਨਾਲ ਇਨ੍ਹਾਂ ਦਾ ਖਾਲੀਪਨ
ਪੱਗ ਧਰਦਿਆਂ ਹੀ ਮੇਰੇ ਧੜ ਤੇ
ਸੀਸ ਉਗ ਆਏ...
ਸਿਰ ਇਨ੍ਹਾਂ ਦਾ ਭਰੱਪਣ ਭਾਲਦਾ
ਮੈਂ ਨਿਤ ਨਵੀਆਂ ਪੱਗਾਂ ਸੰਗ ਸੱਜਿਆ
ਰੰਗ ਜਾਨਾਂ ਇਨ੍ਹਾਂ ਦੇ ਰੰਗ 'ਚ
ਪੱਗਾਂ ਦੇ ਪਲਿਆਂ,ਲੜਾਂ ਦੀ ਲੈਅਕਾਰੀ
ਮੈਨੂੰ ਸੁੰਦਰ ਲੱਗਦੀ
ਸ਼ਾਇਦ ਇਸੇ ਲਈ ਬਾਬੇ ਕਿਹਾ-
' ਜਿਨੁ ਸਿਰ ਸੋਹਨਿ ਪਟੀਆਂ '
ਪੱਗ ਸਿਰਫ ਕੱਜਣ ਨਹੀਂ ਸਿਰ ਦਾ
ਕਪੜੇ ਤੋਂ ਵੱਧ ਇਹ ਹੋਰ ਵੀ ਬਹੁਤ ਕੁੱਝ
ਸੋਚਦਾਂ ਜਿਸ ਦਿਨ ਕੀਤਾ ਕਿਸੇ ਸਿਰ ਤੇ ਵਾਰ
ਸਿਰ ਤੋਂ ਪਹਿਲਾਂ ਹੋਵੇਗੀ
ਸੀਨਾ ਚੌੜਾ ਕਰੀ ਖੜੀ ਪੱਗ
ਪੱਗ ਸਿਰ ਤੇ ਤਾਂ ਲੜ ਸਕਦਾਂ ਕਈ ਲੜਾਈਆਂ
ਅਣਹੋਣੀਆਂ ਸੰਗ ਭਿੜ ਸਕਾਂਗਾ ਅੰਤ ਤਕ
ਇਹ ਮੇਰਾ ਕਵਚ...ਓਟ ਮੇਰੀ
ਪਤਨੀ ਨੇ ਪੁੱਤਾਂ ਵਾਂਗ ਪਾਲੇ
ਐਵੇਂ ਹੀ ਮੇਰੇ ਪੁੱਤ ਕਰਾ ਦਿੱਤੇ ਕਤਲ ਕੇਸ
ਜਚਦੀ ਸੀ ਉਸਦੇ ਸਿਰ ਤੇ ਪੱਗ
ਸ਼ਾਇਦ ਇਵੇਂ ਹੀ ਸੋਚਿਆ ਹੋਵੇਗਾ
ਕਈ ਵਰੇ ਪਹਿਲਾਂ ਮੇਰੀ ਮਾਂ ਨੇ ਮੇਰੇ ਬਾਰੇ....
ਫੁੱਲਾਂ ਵਾਂਗ ਖਿੜੀਆਂ ਪਗਾਂ 'ਚੋਂ
ਮੈਨੂੰ ਪਿਓ ਦਾਦੇ ਦੇ ਨਕਸ਼ ਦਿਸਣ
ਗੁਲ ਚੌਹਾਨ ਜਦੋਂ ਵੀ ਆਉਂਦੈ
ਜਗਦੇ ਦੀਵੇ ਦਸਦਾ ਇਨ੍ਹਾਂ ਨੂੰ ਰੰਗ ਬਰੰਗੇ
ਪੱਗਾਂ ਨਾਲ ਗੱਲਾਂ ਕਰਦਿਆਂ
ਰਾਤ ਕਦੋਂ ਨਿਕਲ ਗਈ
ਕਦੋਂ ਦਿਨ ਚੜ੍ਹਿਆ
ਪਤਾ ਹੀ ਨਾ ਲੱਗਿਆ
ਸੰਵਾਦ ਵੀ ਕਿਨਾਂ ਜ਼ਰੂਰੀ ਜੀਵਨ ਵਿਚ....
ਹੁਣ ਇਨ੍ਹਾਂ 'ਚੋਂ ਕੋਈ ਪੱਗ ਉਡੀਕ ਰਹੀ
ਮੈਨੂੰ ਮਿਲਣ ਲਈ....ਮੇਰੇ ਵਾਂਗ
ਜਿਵੇਂ ਮੈਂ ਕਦੇ ਅਪਣੇ ਇੰਤਜ਼ਾਰ 'ਚ ਹੁਨਾਂ.....