ਵਿਸ਼ਵ ਪੁਸਤਕ ਦਿਵਸ ਮੌਕੇ ਭਾਸ਼ਾ ਵਿਭਾਗ ਨੇ ਲਗਾਈ ਪੁਸਤਕ ਪ੍ਰਦਰਸ਼ਨੀ
ਸੰਜੀਵ ਜਿੰਦਲ
ਮਾਨਸਾ, 23 ਅਪ੍ਰੈਲ 2022 : ਦੁਨੀਆ ਭਰ ਵਿਚ ਪੁਸਤਕਾਂ ਦੀ ਅਹਿਮ ਭੂਮਿਕਾ ਨੂੰ ਦਰਸਾਉਣ ਲਈ ਮਨਾਏ ਜਾਂਦੇ ਵਿਸ਼ਵ ਪੁਸਤਕ ਦਿਵਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਸਥਾਨਕ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਵਿਸ਼ਵ ਪੁਸਤਕ ਦਿਵਸ ਨੂੰ ਸਮਰਪਿਤ ਸੈਂਟਰਲ ਪਾਰਕ ਵਿਖੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਭਾਸ਼ਾ ਵਿਭਾਗ ਦੀਆਂ ਦੁਰਲੱਭ ਕਿਤਾਬਾਂ ਨੂੰ ਪ੍ਰਦਸਰਸ਼ਿਤ ਕੀਤਾ ਗਿਆ। ਇਸ ਮੌਕੇ ਸਹਿਰ ਨਿਵਾਸੀਆਂ ਨੇ ਪੁਸਤਕਾਂ ਵਿੱਚ ਵਿਸ਼ੇਸ਼ ਰੁਚੀ ਦਿਖਾਈ।
ਇਸ ਦੌਰਾਨ ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਭਾਸ਼ਾ ਐਕਟ ਤੋਂ ਜਾਣੂ ਕਰਵਾਇਆ ਅਤੇ ਵਿਭਾਗ ਦੀਆਂ ਸਕੀਮਾਂ ਨੂੰ ਪਾਠਕਾਂ ਨਾਲ ਸਾਂਝਾ ਕੀਤਾ। ਖੋਜ ਅਫਸਰ ਸ਼ਾਇਰ ਗੁਰਪ੍ਰੀਤ ਨੇ ਕਿਤਾਬਾਂ ਦੇ ਮਹੱਤਵ ਨੂੰ ਦਰਸਾਉਂਦਿਆਂ ਕਿਹਾ ਕਿ ਕਿਤਾਬਾਂ ਮਨੁੱਖ ਨੂੰ ਜਿੱਥੇ ਬਾਹਰੀ ਗਿਆਨ ਦਿੰਦੀਆਂ ਹਨ ਉੱਥੇ ਮਨੁੱਖ ਨੂੰ ਆਪਣੇ ਅੰਦਰ ਨਾਲ ਵੀ ਜੋੜਦੀਆਂ ਹਨ। ਵਿਕਰੀ ਕੇਂਦਰ ਇੰਚਾਰਜ ਰਵਿੰਦਰ ਸਿੰਘ, ਮਨਦੀਪ ਸਿੰਘ ਅਤੇ ਓਮ ਪਰਕਾਸ਼ ਦਾ ਇਸ ਪੁਸਤਕ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਸੀਨੀਅਰ ਸਹਾਇਕ ਮਹੇਸ਼ਇੰਦਰ ਖੋਸਲਾ ਨੇ ਵਿਭਾਗ ਦੇ ਰਸਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ।