ਲੁਧਿਆਣਾ, 31 ਦਸੰਬਰ 2018 : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਫਰੀਮੌਟ ਵੱਸਦੀ ਪੰਜਾਬੀ ਕਵਿੱਤਰੀ ਗੁਲਸ਼ਨ ਦਯਾਲ ਦੇ ਸਨਮਾਨ ਚ ਗੱਲਬਾਤ ਕਰਦਿਆਂ ਗੁਰਭਜਨ ਗਿੱਲ ਨੇ ਅੱਜ ਲੁਧਿਆਣਾ ਵਿੱਚ ਕਿਹਾ ਹੈ ਕਿ ਬਦੇਸ਼ਾਂ ਚ ਰਹਿ ਕੇ ਲਗਾਤਾਰ ਸਾਹਿੱਤ ਸਿਰਜਣਾ ਕਰਨ ਵਾਲੇ ਲੇਖਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਬਿਨ ਤਨਖਾਹੋਂ ਰਾਜਦੂਤ ਹਨ।
ਉਨ੍ਹਾਂ ਕਿਹਾ ਕਿ ਆਪਣੀ ਲਿਖਤ ਰਾਹੀਂ ਸਾਨੂੰ ਉਹ ਬਦੇਸ਼ ਵੱਸਦੇ ਭਾਈਚਾਰੇ ਦਾ ਹਾਲ ਪੁੱਛਦੇ ਦੱਸਦੇ ਰਹਿੰਦੇ ਹਨ। ਉਨ੍ਹਾਂ ਅਮਰੀਕਾ ਵੱਸਦੇ ਲੇਖਕਾਂ ਪਰਵੇਜ਼ ਸੰਧੂ,ਸੁਖਵਿੰਦਰ ਕੰਬੋਜ, ਕੁਲਵਿੰਦਰ, ਹਰਜਿੰਦਰ ਕੰਗ, ਰਮਨ ਵਿਰਕ,ਦਲਜਿੰਦਰ ਸਹੋਤਾ ਤੇ ਹੋਰ ਲੇਖਕਾਂ ਦੇ ਹਵਾਲੇ ਨਾਲ ਵਿਚਾਰ ਚਰਚਾ ਕੀਤੀ।
1995 ਤੋਂ ਅਮਰੀਕਾ ਵੱਸਦੀ ਗੁਲਸ਼ਨ ਦਯਾਲ ਜਗਰਾਉਂ ਦੀ ਧੀ ਹੈ ਅਤੇ ਵਿਗਿਆਨ ਦੀ ਪੜ੍ਹਾਈ ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਚੋਂ ਕਰਕੇ ਅੰਗਰੇਜ਼ੀ ਸਾਹਿੱਤ ਵੱਲ ਪਰਤ ਗਈ। ਵਤਨ ਰਹਿੰਦਿਆਂ ਉਹ ਸਿੱਖਿਆ ਵਿਭਾਗ ਚ ਅੰਗਰੇਜ਼ੀ ਦੀ ਲੈਕਚਰਰ ਵਜੋਂ ਕਮਾਲਪੁਰਾ ਵਿਖੇ ਸੇਵਾ ਨਿਭਾਉਣ ਦੇ ਨਾਲ ਨਾਲ ਪ੍ਰੀਤਲੜੀ ਤੇ ਹੋਰ ਮਿਆਰੀ ਸਾਹਿੱਤਕ ਪੱਤਰਾਂ ਚ ਲਿਖਦੀ ਰਹੀ ਹੈ।
ਗੁਲਸ਼ਨ ਦਯਾਲ ਨੇ ਦੱਸਿਆ ਕਿ ਉਸ ਨੇ ਕਵਿਤਾ ਦੇ ਦੋ ਸੰਗ੍ਰਹਿ ਗਜਰ ਤੇ ਅਣਕਹੀਆਂ ਤੋਂ ਬਾਦ ਹੁਣ ਵਾਰਤਕ ਲਿਖਣ ਵੱਲ ਧਿਆਨ ਦਿੱਤਾ ਹੈ। ਉਸ ਦੀ ਇਸ ਪਹਿਲੀ ਕਿਤਾਬ ਵਿਸ਼ਵ ਪਰਿਕਰਮਾ ਰਾਹੀਂ ਉਸ ਦਾ ਪਰਵੇਸ਼ ਵਾਰਤਕ ਖੇਤਰ ਚ ਹੋ ਗਿਆ ਹੈ। ਲੇਖਿਕਾ ਗੁਲਸ਼ਨ ਦਯਾਲ ਨੇ ਵਿਸ਼ਵ ਪਰਿਕਰਮਾ ਦੀ ਕਾਪੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਨੂੰ ਭੇਂਟ ਕੀਤੀ। ਇਸ ਮੌਕੇ ਨਿਖਿਲ ਨੇ ਕਿਹਾ ਕਿ ਸਾਹਿੱਤ ਦਾ ਮਨੋਰਥ ਵੀ ਧਰਤੀ ਦਾ ਦੁਖ ਸੁਖ ਸਮਝਣਾ ਸਮਝਾਉਣਾ ਹੀ ਹੈ।
ਗੁਲਸ਼ਨ ਦਯਾਲ ਨੂੰ ਸਨਮਾਨ ਵਜੋਂ ਗੁਰਭਜਨ ਗਿੱਲ ਪਰਿਵਾਰ ਵੱਲੋਂ ਆਪਣੀਆਂ ਲਿਖਤਾਂ ਮਿਰਗਾਵਲੀ, ਗੁਲਨਾਰ,ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਮਨ ਤੰਦੂਰ ਤੇ ਬੋਲ ਮਿੱਟੀ ਦਿਆ ਬਾਵਿਆ ਤੋਂ ਇਲਾਵਾ ਸਾਹਿੱਤਕ ਪੱਤਰ ਅਮਲਤਾਸ ਦਾ ਗੁਰਭਜਨ ਗਿੱਲ ਵਿਸ਼ੇਸ਼ ਅੰਕ ਵੀ ਭੇਂਟ ਕੀਤਾ ਗਿਆ।