ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿਖ ਰੀਸਰਚ ਇੰਸਟੀਊਟ ‘ਸਿਖ-ਰੀ’ ਵਲੋਂ ਦਾ ਖੋਜ ਪ੍ਰਾਜੈਕਟ "‘ਬਾਣੀ ਸਧਨੇ ਕੀ ਰਾਗੁ ਬਿਲਾਵਲੁ" ਲੋਕ ਅਰਪਣ
ਦੀਦਾਰ ਗੁਰਨਾ
- ਧਾਰਮਿਕ ਖੇਤਰ ਵਿਚ ਤਕਨੀਕੀ ਵਿਕਾਸ ਨੂੰ ਅਪਨਾਉਣ ਦੀ ਲੋੜ: ਪ੍ਰੋ. ਪਰਿਤ ਪਾਲ ਸਿੰਘ
ਫਤਿਹਗੜ੍ਹ ਸਾਹਿਬ, 26 ਅਗਸਤ 2023 - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਿਖ ਰੀਸਰਚ ਇੰਸਟੀਊਟ ‘ਸਿਖ-ਰੀ’ ਵਲੋਂ ਦਾ ਖੋਜ ਪ੍ਰਾਜੈਕਟ "‘ਬਾਣੀ ਸਧਨੇ ਕੀ ਰਾਗੁ ਬਿਲਾਵਲੁ" ਲੋਕ ਅਰਪਣ ਕੀਤਾ ਗਿਆ। ਪ੍ਰੋ. ਪਰਿਤ ਪਾਲ ਸਿੰਘ, ਉਪ-ਕੁਲਪਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਸਮਾਗਮ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕਈ ਵਾਰ ਧਰਮ ਤੇ ਤਕਨੀਕ ਨੂੰ ਇਕ ਦੂਜੇ ਦਾ ਵਿਰੋਧੀ ਸਮਝ ਲਿਆ ਜਾਂਦਾ ਹੈ, ਪਰ ਅਜਿਹਾ ਨਹੀਂ ਹੈ। ਤਕਨੀਕ ਕਿਸੇ ਵੀ ਕਾਰਜ ਨੂੰ ਆਸਾਨੀ ਨਾਲ ਕਰਨ ਦੀ ਜੁਗਤ ਹੈ। ਧਾਰਮਿਕ ਖੇਤਰ ਵਿਚ ਵੀ ਜਦੋਂ ਇਸ ਜੁਗਤ ਨੂੰ ਅਪਣਾ ਲਿਆ ਜਾਂਦਾ ਹੈ ਤਾਂ ਬੇਹੱਦ ਸਾਰਥਕ ਨਤੀਜੇ ਨਿਕਲਦੇ ਹਨ। ਇਹੀ ਕਾਰਨ ਹੈ ਕਿ ਪਿਛਲੇ ਕੁੱਝ ਸਾਲਾਂ ਤੋਂ ਸਿਖ ਰੀਸਰਚ ਇੰਸਟੀਊਟ ‘ਸਿਖ-ਰੀ’ ਵਲੋਂ ਸ਼ੁਰੂ ਕੀਤਾ ਗਿਆ ਖੋਜ ਕਾਰਜ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਸਫਲਤਾ ਪੂਰਵਕ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਹੈ। ਉਨ੍ਹਾਂ ਇਸ ਪ੍ਰਾਜੈਕਟ ਦੇ ਪ੍ਰਬੰਧਕਾਂ ਵਿਸ਼ੇਸ਼ ਕਰਕੇ ਪ੍ਰਾਜੈਕਟ ਲੀਡ ਸ੍ਰ. ਹਰਿੰਦਰ ਸਿੰਘ ਅਤੇ ਕੰਨਟੈਂਟ ਲੀਡ ਡਾ. ਜਸਵੰਤ ਸਿੰਘ ਨੂੰ ਵਧਾਈ ਦਿੱਤੀ ਅਤੇ ‘ਬਾਣੀ ਸਧਨੇ ਕੀ ਰਾਗੁ ਬਿਲਾਵਲੁ’ ਖੋਜ-ਕਾਰਜ ਦਾ ਸੰਗਤ ਅਰਪਣ ਵੀ ਕੀਤਾ।
ਇਸ ਸਮਾਗਮ ਦੇ ਆਰੰਭ ਵਿਚ ਡਾ. ਹਰਦੇਵ ਸਿੰਘ, ਮੁਖੀ, ਧਰਮ ਅਧਿਐਨ ਵਿਭਾਗ ਨੇ ਸਾਰਿਆਂ ਨੂੰ ‘ਜੀ ਆਇਆਂ’ ਆਖਿਆ ਅਤੇ ਸ੍ਰ. ਹਰਪ੍ਰੀਤ ਸਿੰਘ, ਇੰਚਾਰਜ, ਸੰਗੀਤ ਵਿਭਾਗ ਨੇ ਭਗਤ ਸਧਨਾ ਜੀ ਦੇ ਸ਼ਬਦ ਦਾ ਰਸਭਿੰਨਾ ਕੀਰਤਨ ਕੀਤਾ। ਇਸ ਉਪਰੰਤ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਦੇ ਕੰਨਟੈਂਟ ਲੀਡ ਡਾ. ਜਸਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਤਮਕ ਮਾਰਗ ਵਿਚ ਕੋਈ ਵੀ ਸਮਾਜਕ ਵਰਗਵੰਡ ਜਾਂ ਕਿੱਤਾ ਆਦਿ ਰੁਕਾਵਟ ਨਹੀਂ ਬਣਦਾ। ਪ੍ਰਭੁ ਜਦੋਂ ਜਗਿਆਸੂ ’ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਉਸ ਦਾ ਜੀਵਨ ਹੀ ਬਦਲ ਜਾਂਦਾ ਹੈ। ਇਸ ਦੀ ਵਿਸ਼ੇਸ਼ ਉਦਾਹਰਣ ਭਗਤ ਸਧਨਾ ਜੀ ਦੀ ਦੇਖੀ ਜਾ ਸਕਦੀ ਹੈ। ਉਹ ਬੇਸ਼ੱਕ ‘ਕਸਾਈ’ ਦਾ ਕਿੱਤਾ ਕਰਦੇ ਸਨ ਪਰ ਜਦੋਂ ਉਨ੍ਹਾਂ ਉੱਤੇ ਪ੍ਰਭੂ ਕਿਰਪਾ ਹੋਈ ਤਾਂ ਉਨ੍ਹਾਂ ਦਾ ਜੀਵਨ ਹੀ ਬਦਲ ਗਿਆ। ਉਨ੍ਹਾਂ ਦੁਆਰਾ ਉਚਾਰਣ ਕੀਤੀ ਹੋਈ ਬਾਣੀ ਨੂੰ ਗੁਰੂ ਅਰਜਨ ਸਾਹਿਬ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਇਸ ਪਵਿੱਤਰ ਗ੍ਰੰਥ ਵਿਚ ਸ਼ਾਮਲ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਤਾਂ ਬਾਕੀ ਬਾਣੀ ਦੇ ਨਾਲ ਭਗਤ ਸਧਨਾ ਜੀ ਦੀ ਬਾਣੀ ਵੀ ਗੁਰੂ ਰੂਪ ਹੋ ਨਿਬੜੀ। ਉਨ੍ਹਾਂ ਅੱਗੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ ਟੀਮ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੂੰ ਸ਼ਾਬਦਕ ਅਰਥ, ਭਾਵਨਾਤਮਕ-ਸਿਰਜਣਾਤਮਕ ਅਰਥ, ਵਿਆਕਰਣ, ਵਿਉਤਪਤੀ, ਵਿਆਖਿਆ, ਸੰਗੀਤਕ, ਇਤਿਹਾਸਕ, ਦਾਰਸ਼ਨਿਕ ਆਦਿ ਵਿਭਿੰਨ ਪੱਖਾਂ ਤੋਂ ਵਿਚਾਰਨ ਦੇ ਇਕ ਵੱਡੇ ਪ੍ਰਾਜੈਕਟ ਨੂੰ ਲੈ ਕੇ ਚੱਲ ਰਹੀ ਹੈ। ਇਸ ਟੀਮ ਵਲੋਂ ਅੱਜ ਭਗਤ ਸਧਨਾ ਜੀ ਦੀ ਬਾਣੀ ਨੂੰ ਆਪਣੀ ਵੈਬਸਾਇਟ: https://app.gurugranthsahib.io/home/panjabi/index ’ਤੇ ਰਿਲੀਜ ਕੀਤਾ ਗਿਆ ਹੈ। ਕੋਈ ਵੀ ਪਾਠਕ ਆਪਣੇ ਮੋਬਾਇਲ, ਲੈਪਟਾਪ, ਕੰਪਿਊਟਰ ਆਦਿ ’ਤੇ ਇਸ ਪ੍ਰਾਜੈਕਟ ਦੇ ਖੋਜ ਕਾਰਜ ਨੂੰ ਪੜ੍ਹ ਕੇ ਲਾਹਾ ਲੈ ਸਕਦਾ ਹੈ।
ਇਸ ਪ੍ਰਾਜੈਕਟ ਦੇ ਇਤਿਹਾਸਕ ਪੱਖ ’ਤੇ ਖੋਜ ਕਰ ਰਹੇ ਡਾ. ਲਖਵਿੰਦਰ ਸਿੰਘ ਨੇ ਕਿਹਾ ਕਿ ਬਾਕੀ ਬਾਣੀਆਂ ਵਾਂਗ ਭਗਤ ਸਧਨਾ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ’ਤੇ ਖੋਜ ਕਾਰਜ ਕਰਦਿਆਂ ਵੀ ਲਗਭਗ ਹਰ ਉਸ ਕਾਰਜ ਤੱਕ ਪਹੁੰਚ ਕੀਤੀ ਗਈ ਹੈ, ਜਿਸ ਵਿਚ ਭਗਤ ਸਧਨਾ ਜੀ ਸੰਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਹੁਤੀ ਵਾਰ ਪਾਠਕ ਕੁੱਝ ਪ੍ਰਮੁਖ ਕਾਰਜਾਂ ਨੂੰ ਹੀ ਵਾਚਦਾ ਹੈ, ਜਿਆਦਾਤਰ ਖੋਜ ਕਾਰਜ ਉਸਦੀ ਪਹੁੰਚ ਤੋਂ ਬਾਹਰ ਰਹਿ ਜਾਂਦੇ ਹਨ। ਇਸ ਪ੍ਰਾਜੈਕਟ ਦੀ ਇਕ ਖੂਬਸੂਰਤੀ ਇਹ ਵੀ ਹੈ ਕਿ ਇਸ ਵਿਚ ਪੂਰਵਲੇ ਲਗਭਗ ਸਾਰੇ ਖੋਜ ਕਾਰਜਾਂ ਨੂੰ ਵਿਚਾਰਿਆ ਗਿਆ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਸੁਖਵਿੰਦਰ ਸਿੰਘ ਬਲਿੰਗ, ਡੀਨ ਅਕਾਦਮਿਕ ਮਾਮਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਉਪ-ਕੁਲਪਤੀ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਕਿਹਾ ਕਿ ਧਾਰਮਿਕ ਖੇਤਰ ਵਿਚ ਕੀਤੀ ਜਾਣ ਵਾਲੀ ਖੋਜ ਨੂੰ ਤਕਨੀਕ ਨਾਲ ਜੋੜਨਾ ਅੱਜ ਦੇ ਸਮੇਂ ਦੀ ਪ੍ਰਮੁਖ ਲੋੜ ਹੈ ਅਤੇ ਇਸ ਲੋੜ ਨੂੰ ਇਹ ਪ੍ਰਾਜੈਕਟ ਅਤੇ ਇਸ ਨਾਲ ਜੁੜੀ ਟੀਮ ਬਾਖੂਬੀ ਪੂਰਾ ਕਰ ਰਹੀ ਹੈ। ਇਸ ਪ੍ਰਾਜੈਕਟ ਦੀ ਖੋਜ ਜਿਥੇ ਦੇਸ਼-ਵਿਦੇਸ਼ ਵਿਚ ਬੈਠੇ ਪਾਠਕਾਂ ਲਈ ਉਪਲਬਧ ਹੈ, ਉਥੇ ਇਸ ਪ੍ਰਾਜੈਕਟ ਦੇ ਖੋਜ ਕਰਤਾ ਵੀ ਤਕਨੀਕ ਦੇ ਮਾਧਿਅਮ ਰਾਹੀਂ ਦੇਸ਼-ਵਿਦੇਸ਼ ਵਿਚ ਬੈਠੇ ਖੋਜ ਕਾਰਜ ਕਰ ਰਹੇ ਹਨ। ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਵੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਉਨ੍ਹਾਂ ਨੇ ਡਾ. ਜਸਵੰਤ ਸਿੰਘ, ਸ. ਭਗਵੰਤ ਸਿੰਘ, ਡਾ. ਰਾਜਿੰਦਰ ਸਿੰਘ ਅਤੇ ਡਾ. ਲਖਵਿੰਦਰ ਸਿੰਘ ਦਾ ਯੂਨੀਵਰਸਿਟੀ ਵਲੋਂ ਵਿਸ਼ੇਸ਼ ਸਨਮਾਣ ਕੀਤਾ।
ਸਮਾਗਮ ਦੇ ਅੰਤ ਵਿਚ ਡਾ. ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ ਅਤੇ ਡੀਨ ਵਿਦਿਆਰਥੀ ਭਲਾਈ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਸਮੇਤ ਪ੍ਰਾਜੈਕਟ ਟੀਮ ਵਲੋਂ ਡਾ. ਰਾਜਿੰਦਰ ਸਿੰਘ, ਸ੍ਰ. ਅਮਨਪ੍ਰੀਤ ਸਿੰਘ, ਸ੍ਰ. ਜਗਤੇਜ ਸਿੰਘ, ਸ੍ਰ. ਜਸਪਾਲ ਸਿੰਘ, ਸ੍ਰ. ਇੰਦਰਪ੍ਰੀਤ ਸਿੰਘ ਅਤੇ ਯੂਨੀਵਰਸਿਟੀ ਦੇ ਧਰਮ, ਇਤਿਹਾਸ, ਪੰਜਾਬੀ, ਅੰਗ਼ਰੇਜ਼ੀ ਆਦਿ ਵਿਭਾਗਾਂ ਦੇ ਮੁਖੀ, ਅਧਿਆਪਕ, ਖੋਜਾਰਥੀ ਤੇ ਵਿਦਿਆਰਥੀ ਹਾਜਰ ਸਨ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸ੍ਰ. ਵਿਕਰਮਜੀਤ ਸਿੰਘ ‘ਤਿਹਾੜਾ’ ਨੇ ਬਾਖੂਬੀ ਨਿਭਾਈ।