ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਲੇਖਕ ਸਾਂਝਾ ਪੰਜਾਬੀ ਮੰਚ ਉਸਾਰਕੇ ਜਵਾਨ ਪੀੜ੍ਹੀ ਨੂੰ ਮਾਂ ਬੋਲੀ ਨਾਲ ਜੋੜਨ - ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 8 ਅਗਸਤ 2024 - ਇਟਲੀ ਵੱਸਦੇ ਉੱਘੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਸੱਭਿਆਚਾਰਕ ਕਾਮੇ ਦਲਜਿੰਦਰ ਸਿੰਘ ਰਹਿਲ ਦੀ ਪੰਜਾਬ ਫੇਰੀ ਦੌਰਾਨ ਗੱਲ ਬਾਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਦੇਸ਼ੀ ਧਰਤੀਆਂ ਤੇ ਵੱਸਦੇ ਪੰਜਾਬੀ ਲੇਖਕਾਂ ਨੂੰ ਉਪਜੀਵਕਾ ਕਮਾਉਣ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੀ ਵਿਰਾਸਤ ਅਗਲੀ ਪੀੜ੍ਹੀ ਤੀਕ ਪਹੁੰਚਾਉਣ ਲਈ ਵਿਸ਼ੇਸ਼ ਤੌਰ ਤੇ ਹੰਭਲਾ ਮਾਰਨਾ ਪਵੇਗਾ। ਇਸ ਕਾਰਜ ਨੂੰ ਆਪੋ ਆਪਣੇ ਘਰਾਂ ਤੋਂ ਸ਼ੁਰੂ ਕਰਕੇ ਸਾਂਝੇ ਸੰਸਥਾਗਤ ਢਾਂਚੇ ਤੀਰ ਪੁੱਜਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਕੁਝ ਨਿਜੀ ਸੰਸਥਾਵਾਂ ਔਨਲਾਈਨ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪਸਾਰ ਲਈ ਪੜ੍ਹਾਉਂਦੀਆਂ ਹਨ। ਉਨ੍ਹਾਂ ਨਾਲ ਵੀ ਜੁੜਨ ਦੀ ਲੋੜ ਹੈ।
ਦਲਜਿੰਦਰ ਰਹਿਲ ਨੇ ਕਿਹਾ ਕਿ ਬਦੇਸ਼ ਤੋਂ ਜੰਮਣ ਭੋਇੰ ਵੱਲ ਆ ਕੇ ਸਾਹਿੱਤਕ ਸ਼ਖਸ਼ੀਅਤਾਂ ਨੂੰ ਮਿਲਣਾ ਅਤੇ ਵਿਚਾਰ ਸਾਂਝੇ ਕਰਨਾ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਆਦਾਨ ਪ੍ਰਦਾਨ ਨਾਲ ਜਿੱਥੇ ਪੰਜਾਬੀ ਸਾਹਿਤ , ਸੱਭਿਆਚਾਰ, ਸਮਾਜ ਅਤੇ ਵਿਰਾਸਤ ਦੀ ਗੱਲ ਅੱਗੇ ਤੁਰਦੀ ਹੈ ਉੱਥੇ ਪ੍ਰੇਰਣਾ ਸ਼ਕਤੀ ਦੀ ਉਹ ਅਥਾਹ ਊਰਜਾ ਵੀ ਮਿਲਦੀ ਹੈ ਜੋ ਉਹਨਾਂ ਧਰਤੀਆਂ ਤੇ ਵਾਪਸ ਪਰਤ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਿਰੰਤਰ ਕਾਰਜਸ਼ੀਲ ਰਹਿਣ ਲਈ ਪ੍ਰੇਰਿਤ ਕਰਦੀ ਹੈ।
ਇਸੇ ਲਈ ਜਦੋਂ ਵੀ ਪੰਜਾਬ ਆਈਦੈ ਤਾਂ ਅਜਿਹੀਆਂ ਅਦਬੀ ਸ਼ਖਸ਼ੀਅਤਾਂ ਨੂੰ ਮਿਲਣ ਦਾ ਚਾਅ ਰਹਿੰਦਾ ਹੈ ਤੇ ਕੁਝ ਨਵਾਂ ਸਿੱਖਣ ਸਮਝਣ ਦਾ ਮੌਕਾ ਵੀ।
ਪ੍ਰੋ ਗੁਰਭਜਨ ਸਿੰਘ ਗਿੱਲ ਨੇ ਹਮੇਸ਼ਾਂ ਸਾਹਿੱਤ ਸੁਰ ਸੰਗਮ ਸਭਾ ਇਟਲੀ ਨੂੰ ਪੰਜਾਬੀ ਸਾਹਿਤ , ਸੱਭਿਆਚਾਰ, ਸਮਾਜ ਅਤੇ ਅਜੋਕੀ ਸਥਿਤੀ ਬਾਰੇ ਅਗਵਾਈ ਕੀਤੀ ਹੈ। ਅੱਜ ਪ੍ਰੋ. ਗਿੱਲ ਨਾਲ ਹੋਏ ਵਿਚਾਰ ਵਟਾਂਦਰੇ ਵਿੱਚ ਸਦੀਆਂ ਦਾ ਮੰਥਨ ਤੇ ਅਜੋਕੇ ਸਮੇਂ ਦਾ ਗਹਿਰਾ ਚਿੰਤਨ ਸ਼ਾਮਿਲ ਸੀ। ਪੰਜ ਦਰਿਆਵਾਂ ਦੇ ਸਾਂਝੇ ਪੰਜਾਬ ਸਮੇਤ ਗਲੋਬਲ ਪੰਜਾਬ ਵਿੱਚ ਵੱਸਦੇ ਪੰਜਾਬ ਬਾਰੇ ਬਹੁਤ ਸਾਰੀਆਂ ਸਾਰਥਿਕ ਗੱਲਾਂ ਕੀਤੀਆਂ।
ਉਹਨਾਂ ਇਹ ਵੀ ਕਿਹਾ ਕਿ ਪੰਜ ਦਰਿਆਵਾਂ ਦੇ ਪੰਜਾਬ ਨੂੰ ਵਿਸ਼ਵ ਵਿੱਚ ਸਾਕਾਰ ਕਰਨ ਲਈ ਸਾਨੂੰ ਸਾਂਝ ਦੇ ਪੁਲ਼ ਉਸਾਰ ਕੇ ਸਮੂਹਿਕ ਕਾਰਜ ਕਰਨੇ ਚਾਹੀਦੇ ਹਨ। ਉਹਨਾਂ ਜਿੱਥੇ ਵਿਦੇਸ਼ੀ ਧਰਤੀਆਂ ਤੇ ਵੱਸਦੇ ਪੰਜਾਬੀਆਂ ਨੂੰ ਸਾਰਥਿਕ ਕਾਰਜਾਂ ਲਈ ਦੁਆਵਾਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਯੂਰਪੀ ਧਰਤੀ ਤੇ ਵੱਸਦੇ ਪੰਜਾਬੀ ਪਾਠਕਾਂ ਲਈ ਆਪਣੀਆਂ ਲਿਖੀਆਂ ਤੇ ਕੁਝ ਹੋਰ ਮਹੱਤਵਪੂਰਨ ਲੇਖਕਾਂ ਦੀਆਂ ਪੁਸਤਕਾਂ ਮੈਨੂੰ ਤੇ ਮੇਰੀ ਜੀਵਨ ਸਾਥਣ ਸੁਨੀਤਾ ਰਹਿਲ ਨੂੰ ਭੇਂਟ ਕੀਤੀਆਂ।