ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ 'ਚ ਸੈਮੀਨਾਰ
- ਯੂਨੀਵਰਸਿਟੀ ਅਕਾਦਮਿਕ ਪੱਧਰ 'ਤੇ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਅੰਤਰ-ਰਾਸ਼ਟਰੀ ਪੱਧਰ 'ਤੇ ਪਹੁੰਚਾ ਰਹੀ ਹੈ : ਉਪ ਕੁਲਪਤੀ
- ਗੁਰੂ ਨਾਨਕ ਦੀਆਂ ਡੂੰਘੀਆਂ ਦਾਰਸ਼ਨਿਕ ਸੂਝਾਂ ਦੀ ਵਿਲੱਖਣਤਾ ਨੇ ਇਕ ਨਵੇਂ ਧਰਮ (ਸਿੱਖ ਧਰਮ) ਨੂੰ ਜਨਮ ਦਿੱਤਾ : ਪ੍ਰੋ. ਰਤਨ ਸਿੰਘ ਜੱਗੀ
ਪਟਿਆਲਾ, 10 ਨਵੰਬਰ 2022 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਇਕ ਰੋਜ਼ਾ ਸੈਮੀਨਾਰ 'ਸਤਿਗੁਰ ਨਾਨਕ ਪ੍ਰਗਟਿਆ' ਯੂਨੀਵਰਸਿਟੀ ਦੇ ਉਪ ਕੁਲਪਤੀ ਡਾ.ਕਰਮਜੀਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ।
ਆਪਣੇ ਸਵਾਗਤੀ ਸ਼ਬਦਾਂ ਵਿਚ ਡਾ.ਕਰਮਜੀਤ ਸਿੰਘ ਨੇ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਇਹ ਸੈਮੀਨਾਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਵਿਚ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ਸੰਵਾਦੀ ਪੱਖ ਨੂੰ ਵਿਚਾਰਿਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਸੰਵਾਦੀ ਪੱਖ ਸਾਂਝੀਵਾਲਤਾ ਦਾ ਸੰਦੇਸ਼, ਵਾਤਾਵਰਨ ਅਤੇ ਰਾਜਨੀਤਿਕ ਚੇਤਨਾ, ਔਰਤ ਦਾ ਸਥਾਨ, ਕਿਰਤ ਦੀ ਮਹਾਨਤਾ ਅਤੇ ਮਾਨਵੀ ਸਰੋਕਾਰਾਂ ਨੂੰ ਪੇਸ਼ ਕਰਦਾ ਹੈ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਸੰਵਾਦੀ ਸਰੋਕਾਰਾਂ ਦਾ ਅਕਾਦਮਿਕਤਾ ਰਾਹੀਂ ਸੰਦੇਸ਼ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਾ ਰਹੀ ਹੈ।
ਸੈਮੀਨਾਰ ਵਿੱਚ ਆਪਣੇ ਕੁੰਜੀਵਤ ਭਾਸ਼ਣ ਅੰਦਰ ਡਾ. ਸਰਬਜਿੰਦਰ ਸਿੰਘ, ਡੀਨ, ਹਿਊਮੈਨਟੀਜ਼ ਅਤੇ ਰਿਲੀਜੀਅਸ ਸਟੱਡੀਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਰਾਹੀਂ ਅਜੋਕਾ ਸੰਸਾਰ ਦਿਸ਼ਾ ਲੈ ਸਕਦਾ ਹੈ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੋਕਾਰਾਂ ਦਾ ਅਕਾਦਮਿਕਤਾ ਰਾਹੀਂ ਸੰਦੇਸ਼ ਅੰਤਰ-ਰਾਸ਼ਟਰੀ ਪੱਧਰ ਤੇ ਪਹੁੰਚਾ ਰਹੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਆਯੋਜਿਤ ਇਹ ਸੈਮੀਨਾਰ ਵੀ ਜਨ-ਜਨ ਤੱਕ ਗੁਰੂ ਨਾਨਕ ਦੇ ਸੰਦੇਸ਼ ਨੂੰ ਪਹੁੰਚਾਵੇਗਾ।
ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਪ੍ਰੋ.ਰਤਨ ਸਿੰਘ ਜੱਗੀ ਨੇ ਕਿਹਾ ਕਿ ਗੁਰੂ ਨਾਨਕ ਦੀਆਂ ਡੂੰਘੀਆਂ ਦਾਰਸ਼ਨਿਕ ਸੂਝਾਂ ਦੀ ਵਿਲੱਖਣਤਾ ਨੇ ਇਕ ਨਵੇਂ ਧਰਮ (ਸਿੱਖ ਧਰਮ) ਨੂੰ ਜਨਮ ਦਿੱਤਾ ਜੋ ਬਰਾਬਰੀ, ਆਜ਼ਾਦੀ, ਨਿਆਂ, ਨੈਤਿਕਤਾ ਉਪਰ ਆਧਾਰਿਤ ਸੀ। ਵਰਤਮਾਨ ਸਮੇਂ ਦੌਰਾਨ ਵਿਸ਼ਵ ਭਰ ਵਿਚ ਰਾਜਨੀਤਿਕ, ਸਮਾਜਿਕ ਤੇ ਆਰਥਿਕ ਅਸਾਵੇਂਪਣ ਕਾਰਨ ਅਸੁਰੱਖਿਆ ਅਤੇ ਅਸ਼ਾਂਤੀ ਵਾਲਾ ਵਾਤਾਵਰਣ ਬਣਿਆ ਹੋਇਆ ਹੈ। ਅਜਿਹੇ ਦੌਰ ਦੇ ਚਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਸਾਰਥਕਤਾ ਨੂੰ ਮੁੜ ਵਿਚਾਰਨ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਅਜਿਹੇ ਸੁਹਿਰਦ ਯਤਨਾਂ ਦੀ ਲੋੜ ਹੈ, ਜੋ ਉਨ੍ਹਾਂ ਦੇ ਜੀਵਨ-ਸਿਧਾਂਤਾਂ ਨੂੰ ਵਿਵਹਾਰਕ ਰੂਪ ਵਿਚ ਅਪਣਾਉਣ ਵਿਚ ਸਹਾਈ ਸਿੱਧ ਹੋ ਸਕਣ।
ਉਦਘਾਟਨੀ ਸੈਸ਼ਨ ਵਿਚ ਡਾ.ਗੁਰਦੀਪ ਸਿੰਘ ਬੱਤਰਾ (ਡੀਨ ਅਕਾਦਮਿਕ ਮਾਮਲੇ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਇਸ ਸੈਮੀਨਾਰ ਨੂੰ ਆਯੋਜਿਤ ਕਰਨ ਦਾ ਉਦੇਸ਼ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜਨਾ ਹੈ। ਇਸ ਮਨੋਰਥ ਦੀ ਪੂਰਤੀ ਹਿਤ ਯੂਨੀਵਰਸਿਟੀ ਅਕਾਦਮਿਕ, ਸਮਾਜਕ, ਆਰਥਿਕ ਅਤੇ ਨੈਤਿਕ ਆਦਿ ਪੱਧਰਾਂ 'ਤੇ ਆਪਣੇ ਕਾਰਜ ਨੂੰ ਕਰਨ ਲਈ ਪਰਪੱਕ ਅਤੇ ਯਤਨਸ਼ੀਲ ਹੈ।
ਸੈਮੀਨਾਰ ਦੇ ਦੂਸਰੇ ਭਾਗ ਟੈਕਨੀਕਲ ਸੈਸ਼ਨ ਵਿੱਚ ਦੋ ਪੇਪਰ ਪੇਸ਼ ਕੀਤੇ ਗਏ। ਇਸ ਸੈਸ਼ਨ ਵਿਚ ਸਵਾਗਤੀ ਸ਼ਬਦ ਡਾ. ਕੰਵਲਵੀਰ ਸਿੰਘ ਢੀਂਡਸਾ ਨੇ ਕਹੇ। ਡਾ.ਅਮਰਜੀਤ ਸਿੰਘ ਨੇ ਆਪਣਾ ਪੇਪਰ ਪੇਸ਼ ਕਰਦੇ ਕਿਹਾ ਕਿ ਗੁਰੂ ਨਾਨਕ ਬਾਣੀ ਦੀ ਦਾਰਸ਼ਨਿਕਤਾ ਪਾਰਦਰਸ਼ੀ ਬਿਬੇਕ ਦੀ ਧਾਰਨੀ ਹੈ। ਇਸ ਪਰਿਪੇਖ ਵਿਚ ਕਾਲ ਅਤੇ ਅਕਾਲ ਦੀ ਗਤੀਸ਼ੀਲਤਾ ਸ਼ਾਮਲ ਹੈ। ਵਿਸ਼ਵ ਦੇ ਸਮੁੱਚੇ ਸੰਵਾਦ ਇਸ ਸਮੇਂ ਨਿਵੇਕਲੇ ਗਿਆਨ ਸ਼ਾਸਤਰ ਦੀ ਤਲਾਸ਼ ਵਿਚ ਹਨ। ਦੂਸਰਾ ਪੇਪਰ ਪ੍ਰੋ. ਪਰਮਪ੍ਰੀਤ ਕੌਰ ਦੁਆਰਾ ਪੇਸ਼ ਕੀਤਾ ਗਿਆ, ਉਹਨਾਂ ਨੇ ਆਪਣਾ ਪੇਪਰ ਪ੍ਰਸਤੁਤ ਕਰਦੇ ਕਿਹਾ ਕਿ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੀਵਨ ਬਿੰਬ ਪ੍ਰਮਾਣਿਕ ਤੱਥਾਂ ਦੇ ਆਧਾਰ ਤੇ ਪੇਸ਼ ਕੀਤਾ ਗਿਆ ਹੈ।
ਇਸ ਟੈਕਨੀਕਲ ਸੈਸ਼ਨ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ.ਮਨਵਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ) ਨੇ ਕਿਹਾ ਕਿ ਇਹ ਦੋਵੇਂ ਪੇਪਰ ਗਿਆਨ ਅਤੇ ਪਰੰਪਰਾ ਨੂੰ ਪੇਸ਼ ਕਰ ਰਹੇ ਹਨ, ਜਿਹੜਾ ਗਿਆਨ ਆਧੁਨਿਕ ਅਭਿਆਸ ਵਿਚੋਂ ਘੜਿਆ ਜਾ ਰਿਹਾ ਹੈ, ਜਿਸ ਅੰਦਰ ਸਮੁੱਚੇ ਅਨੁਸ਼ਾਸਨਾਂ ਦੀ ਸ਼ਮੂਲੀਅਤ ਲਈ ਜਾ ਰਹੀ ਹੈ। ਇਸ ਟੈਕਨੀਕਲ ਸੈਸ਼ਨ ਦੇ ਮੁੱਖ ਮਹਿਮਾਨ ਡਾ.ਜਸਪਾਲ ਕੌਰ ਕਾਂਗ (ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ) ਨੇ ਕਿਹਾ ਕਿ ਇਹ ਪੇਪਰ ਗੁਰੂ ਨਾਨਕ ਬਾਣੀ ਅਤੇ ਜੀਵਨ ਦੀਆਂ ਸੰਵਾਦੀ ਜੁਗਤਾਂ ਦੀ ਨਿਵੇਕਲੀ ਵਿਆਖਿਆ ਨੂੰ ਪੇਸ਼ ਕਰ ਰਹੇ ਹਨ। ਇਹ ਵਿਆਖਿਆ ਕਿਸੇ ਵੀ ਖੇਤਰ ਦੇ ਸੱਭਿਆਚਾਰ ਦੀ ਨੁਹਾਰ ਨੂੰ ਗੁਰੂ ਨਾਨਕ ਦੀ ਪਰੰਪਰਾ ਨਾਲ ਸਬੰਧਿਤ ਕਰਦੀ ਹੈ। ਇਸ ਸੈਸ਼ਨ ਦੇ ਅਖੀਰ ਵਿਚ ਡਾ. ਅਮੀਤੋਜ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸਮੁੱਚੇ ਸੈਮੀਨਾਰ ਦੇ ਕਨਵੀਨਰ ਸੁਖਦੇਵ ਸਿੰਘ ਸਨ।