ਲੁਧਿਆਣਾ 24 ਜਨਵਰੀ 2019: ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਦੀ ਪੰਜਾਬੀ ਸਾਹਿੱਤ ਸਭਾ ਵੱਲੋਂ ਕੈਲਗਰੀ(ਕੈਨੇਡਾ) ਵੱਸਦੀ ਪੰਜਾਬੀ ਲੇਖਿਕਾ ਗੁਰਚਰਨ ਕੌਰ ਥਿੰਦ ਦਾ ਕਹਾਣੀ ਸੰਗ੍ਰਹਿ ਕੈਨੇਡੀਅਨ ਕੂੰਜਾਂ ਲੋਕ ਅਰਪਨ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਕਸਤ ਕੈਨੇਡੀਅਨ ਸਮਾਜ ਵਿੱਤ ਭਾਰਤੀ ਪਰਵਾਸੀ ਧੀਆਂ ਭੈਣਾਂ ਦੀ ਸਥਿਤੀ ਬਾਰੇ ਲਿਖੀਆਂ ਇਹ ਕਹਾਣੀਆਂ ਸਾਨੂੰ ਔਰਤ ਸ਼ਕਤੀਕਰਨ ਦਾ ਅੰਦਰੂਨ ਮੁਹਾਂਦਰਾ ਵਿਖਾਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਡਾ: ਸਵਿਤਾ ਸ਼ਰਮਾ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਚ ਸਾਡੀ 1977-79 ਦੌਰਾਨ ਵਿਦਿਆਰਥਣ ਰਹੀ ਹੋਣ ਕਾਰਨ ਉਸ ਨੂੰ ਅੱਜ ਗੌਰਮਿੰਟ ਕਾਲਿਜ ਦੇ ਪ੍ਰਿੰਸੀਪਲ ਦੀ ਕੁਰਸੀ ਤੇ ਬੈਠੇ ਵੇਖਣਾ ਮੇਰਾ ਸੁਭਾਗ ਹੈ।
ਉਨ੍ਹਾਂ ਕਿਹਾ ਕਿ ਗੁਰਚਰਨ ਕੌਰ ਥਿੰਦ ਵਰਗੇ ਬਦੇਸ਼ਾਂ ਚ ਸਾਹਿੱਤ ਸਿਰਜਣਾ ਕਰਦੇ ਲੇਖਕ ਪੰਜਾਬੀ ਸਭਿਆਚਾਰ ਦੇ ਬਿਨ ਤਨਖਾਹੋਂ ਬਦੇਸ਼ੀਂ ਚ ਰਾਜਦੂਤ ਹਨ ਜੋ ਸਭਿਆਚਾਰਕ ਆਦਾਨ ਪ੍ਰਦਾਨ ਰਾਹੀਂ ਸਾਨੂੰ ਉਥੋਂ ਦੀ ਖ਼ਬਰ ਦਿੰਦੇ ਤੇ ਲੈਂਦੇ ਰਹਿੰਦੇ ਹਨ। ਪ੍ਰੋ: ਗਿੱਲ ਨੇ ਕਿਹਾ ਕਿ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੁਹਜ ਪੱਖੋਂ ਚੇਤਨ ਕਰਨ ਤੇ ਸੰਵੇਦਨਸ਼ੀਲ ਬਣਾਉਣ ਲਈ ਇਹ ਮੁੱਲਵਾਨ ਸਰਗਰਮੀਆਂ ਵਧਾਉਣ ਦੀ ਲੋੜ ਹੈ। ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਾਹਿੱਤ ਤੇ ਸਾਹਿੱਤ ਪੜ੍ਹਦੇ ਵਿਦਿਆਰਥੀਆਂ ਨੂੰ ਵਿਗਿਆਨਕ ਚੇਤਨਾ ਦੇਣ ਨਾਲ ਹੀ ਸਰਬ ਪੱਖੀ ਸੰਤੁਲਤ ਸ਼ਖਸੀਅਤ ਦਾ ਉਸਾਰ ਸੰਭਵ ਹੈ।
ਕੈਨੇਡੀਅਨ ਕੂੰਜਾਂ ਕਹਾਣੀ ਸੰਗ੍ਰਹਿ ਬਾਰੇ ਪੰਜਾਬੀ ਪੋਸਟ ਗਰੈਜੂਏਟ ਵਿਭਾਗ ਦੀ ਮੁਖੀ ਪ੍ਰੋ: ਪਰਮਜੀਤ ਕੌਰ,ਪ੍ਰੋ: ਕ੍ਰਿਸ਼ਨ ਸਿੰਘ ਸਾਬਕਾ ਪ੍ਰਿੰਸੀਪਲ, ਪ੍ਰੋ: ਪਰਮਜੀਤ ਕੌਰ, ਪ੍ਰੋ: ਅੰਮ੍ਰਿਤਪਾਲ ਸਿੰਘ, ਪ੍ਰੌ: ਜਸਲੀਨ ਕੌਰ ਤੇ ਡਾ: ਇੰਦਰਜੀਤ ਸਿੰਘ ਥਿੰਦ ਨੇ ਖੋਜਪੱਤਰ ਤੇ ਵਿਚਾਰ ਚਰਚਾ ਕੀਤੀ।
ਨਾਵਲਕਾਰ ਰਾਮ ਸਰੂਪ ਰਿਖੀ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਸਾਹਿੱਤ ਦੇ ਮਨੋਰਥ ਬਾਰੇ ਚਾਨਣਾ ਪਾਉਂਦਿਆਂ ਗੁਰਚਰਨ ਕੌਰ ਥਿੰਦ ਦੀ ਕਹਾਣੀ ਵਿਧੀ ਦੀ ਸ਼ਲਾਘਾ ਕੀਤੀ।
ਗੁਰਚਰਨ ਕੌਰ ਥਿੰਦ ਨੇ ਇਨ੍ਹਾਂ ਕਹਾਣੀਆਂ ਦੀ ਸਿਰਜਣ ਪ੍ਰਕ੍ਰਿਆ ਤੇ ਪਰਵਾਸ ਅਨੁਭਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਔਰਤ ਸ਼ਕਤੀਕਰਨ ਦਾ ਅਸਲ ਮਨੋਰਥ ਉਦੋਂ ਹੀ ਪੂਰਾ ਹੁੰਦਾ ਹੈ ਜਦ ਔਰਤ ਆਪਣੇ ਫੈਸਲੇ ਲੈਣ ਦੇ ਖ਼ੁਦ ਸਮਰੱਥ ਹੋਵੇ। ਪਰਦੇਸੀ ਧਰਤੀਆਂ ਤੇ ਜਾ ਕੇ ਪੰਜਾਬੀ ਮਾਨਸਿਕਤਾ ਹਾਲੇ ਬਹੁਤੀ ਨਹੀਂ ਬਦਲੀ।
ਕਾਲਿਜ ਪ੍ਰਿੰਸੀਪਲ ਡਾ: ਸਵਿਤਾ ਸ਼ਰਮਾ ਨੇ ਗੁਰਚਰਨ ਕੌਰ ਥਿੰਦ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਵਿਗਿਆਨ ਦੀ ਪੜ੍ਹਾਈ ਤੇ ਅੰਗਰੇਜ਼ੀ ਸਾਹਿੱਤ ਅਧਿਆਪਨ ਦੇ ਸੁਮੇਲ ਕਾਰਨ ਹੀ ਉਨ੍ਹਾਂ ਦਾ ਤੀਜਾ ਵਿਸ਼ਲੇਸ਼ਣੀ ਨੇਤਰ ਖੁੱਲ੍ਹਾ ਹੈ।
ਉਨ੍ਹਾਂ ਨੇ ਬਾਹਰੋਂ ਆਏ ਲੇਖਕਾਂ ਤੇ ਬੁੱਧੀਜੀਵੀਆਂ ਦਾ ਕਾਲਿਜ ਪੁੱਜਣ ਤੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੇਖਿਕਾ ਦੇ ਪਤੀ ਡਾ: ਸੁਖਵਿੰਦਰ ਸਿੰਘ ਥਿੰਦ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਨਾਵਲਕਾਰ ਕਰਮਜੀਤ ਸਿੰਘ ਔਜਲਾ,ਗੁਰਸ਼ਰਨ ਸਿੰਘ ਨਰੂਲਾ, ਡਾ: ਸੁਖਵਿੰਦਰ ਕੌਰ,ਸਮੇਤ ਕਈ ਉੱਘੇ ਵਿਅਕਤੀ ਹਾਜ਼ਰ ਸਨ।ਕਾਲਿਜ ਵੱਲੋਂ ਗੁਰਭਜਨ ਗਿੱਲ,ਰਾਮ ਸਰੂਪ ਰਿਖੀ, ਪ੍ਰਿੰਸੀਪਲ ਕ੍ਰਿਸ਼ਨ ਸਿੰਘ ਤੇ ਗੁਰਚਰਨ ਕੌਰ ਥਿੰਦ ਨੂੰ ਸਨਮਾਨਿਤ ਕੀਤਾ ਗਿਆ। ਕਾਲਿਜ ਪ੍ਰਿੰਸੀਪਲ ਡਾ: ਸਵਿਤਾ ਸ਼ਰਮਾ ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ: ਪਰਮਜੀਤ ਕੌਰ ਨੂੰ ਥਿੰਦ ਪਰਿਵਾਰ ਨੇ ਸਨਮਾਨਿਤ ਕੀਤਾ।